‘‘ਯਾਦਗਾਰ ਏ ਬਜ਼ੁਰਗਾਂ ਵੈਲਫੇਅਰ ਸੁਸਾਇਟੀ ’’ ਨੇ ਹੁਸ਼ਿਆਰ ਅਤੇ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਕਰਨ ਦਾ ਚੁੱਕਿਆ ਸ਼ਲਾਘਾਯੋਗ ਕਦਮ
* ‘‘ਯਾਦਗਾਰ ਏ ਬਜ਼ੁਰਗਾਂ ਵੈਲਫੇਅਰ ਸੁਸਾਇਟੀ’’ ਤਲਵੰਡੀ ਭੰਗੇਰੀਆਂ ਨੇ ਸਕੂਲੀ ਬੱਚਿਆਂ ਦੀਆਂ ਭਰੀਆਂ ਫੀਸਾਂ, ਹੁਸ਼ਿਆਰ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਕੀਤਾ ਸਨਮਾਨਿਤ
ਮੋਗਾ,19 ਜੁਲਾਈ (ਜਸ਼ਨ):- ਪਿਛਲੇ 8 ਸਾਲਾਂ ਤੋਂ ਪਿੰਡ ਤਲਵੰਡੀ ਭੰਗੇਰੀਆਂ ਦੇ ਕੁਝ ਦਾਨੀ ਪਰਿਵਾਰ, ਨਿੱਜੀ ਤੌਰ ‘ਤੇ ਆਪਣੇ ਬਜ਼ੁਰਗਾਂ ਦੀ ਯਾਦ ‘ਚ, ਆਪਣੀ ਨੇਕ ਕਮਾਈ ਵਿੱਚੋਂ ਦਸਵੰਧ ਕੱਢ ਕੇ ਸਰਕਾਰੀ ਸਕੂਲਾਂ ਵਿਚ ਪੜ੍ਹ ਰਹੇ ਹੁਸ਼ਿਆਰ ਅਤੇ ਲੋੜਵੰਦ ਵਿਦਿਆਰਥੀਆਂ, ਦੀ ਸਹਾਇਤਾ ਲਈ ਅੱਗੇ ਆਏ ਹਨ।
ਇਹਨਾਂ ਦਾਨੀ ਪਰਿਵਾਰਾਂ ਨੇ ਰਲ ਕੇ ਫੈਸਲਾ ਕੀਤਾ ਕਿ ਇਸ ਨੇਕ ਕਾਰਜ ਨੂੰ ਲਗਾਤਾਰ ਜਾਰੀ ਰੱਖਣ ਲਈ ਸੁਸਾਇਟੀ ਦਾ ਗਠਨ ਕਰਕੇ ਵਿਦਿਆਰਥੀਆਂ ਦੀ ਸਹਾਇਤਾ ਕੀਤੀ ਜਾਵੇ, ਜਿਸਦੇ ਮੱਦੇਨਜ਼ਰ ‘‘ਯਾਦਗਾਰ ਏ ਬਜ਼ੁਰਗਾਂ ਵੈਲਫੇਅਰ ਸੁਸਾਇਟੀ’’ ਪਿੰਡ ਤਲਵੰਡੀ ਭੰਗੇਰੀਆਂ ਦਾ ਗਠਨ ਕੀਤਾ ਗਿਆ ਜਿਸ ਰਾਹੀਂ ਪਿੰਡ ਦੇ ਹੀ ਦਾਨੀ ਭੁੱਲਰ ਪਰਿਵਾਰ ਆਪਣੇ ਬਜ਼ੁਰਗਾਂ ਦੀ ਯਾਦ ਵਿਚ ਸਰਕਾਰੀ ਸਕੂਲਾਂ ਵਿੱਚ ਹੁਸ਼ਿਆਰ ਅਤੇ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਲਈ ਅੱਗੇ ਆਇਆ।
ਇਸ ਨੇਕ ਕਾਰਜ ਨੂੰ ਅਮਲੀ ਜਾਮ੍ਹਾ ਪਹਿਨਾਉਣ ਲਈ ਭੁੱਲਰ ਪਰਿਵਾਰ ਤੋਂ ਸਾਬਕਾ ਸਰਪੰਚ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਭੰਗੇਰੀਆਂ ਵਿਖੇ ਉਚੇਚੇ ਤੌਰ’ਤੇ ਪੁੱਜੇ ਜਿੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਭੰਗੇਰੀਆਂ ਦੇ ਪ੍ਰਿੰਸੀਪਲ ਖੁਸ਼ਵੰਤ ਸਿੰਘ ਦੀ ਅਗਵਾਈ ਵਿਚ ਹੋਣਹਾਰ ਵਿਦਿਆਰਥੀਆਂ ਦੇ ਸਨਮਾਨ ਵਿਚ ਇਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਵਰਗੀ ਜਿਉਣ ਸਿੰਘ ਭੁੱਲਰ, ਸਵਰਗੀ ਸੁਖਦੇਵ ਸਿੰਘ ਭੁੱਲਰ, ਸਵਰਗੀ ਸ਼ੇਰ ਸਿੰਘ ਭੁੱਲਰ, ਸਵਰਗੀ ਜਗੀਰ ਸਿੰਘ ਭੁੱਲਰ , ਸਵਰਗੀ ਭਾਗ ਸਿੰਘ ਭੁੱਲਰ ਦੇ ਪਰਿਵਾਰਾਂ ਵੱਲੋਂ ਜਿੱਥੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ ਉੱਥੇ ਸਕੂਲ ਲਈ 81 ਹਜ਼ਾਰ ਰੁਪਏ ਦਾ ਸਹਾਇਤਾ ਚੈੱਕ ਦਿੰਦਿਆਂ ਹੋਣਹਾਰ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਲਈ ਅਹਿਮ ਯੋਗਦਾਨ ਪਾਇਆ।
ਇਸ ਮੌਕੇ ਸਾਬਕਾ ਸਰਪੰਚ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਨੇ ਦੱਸਿਆ ਕਿ ਉਹ ਭਵਿੱਖ ਵਿਚ ਵੀ ਇਸ ਨੇਕ ਕਾਰਜ ਲਈ ਤੱਤਪਰ ਰਹਿਣਗੇ। ਉਹਨਾਂ ਦੱਸਿਆ ਕਿ ਜਿਹਨਾਂ ਵਿਦਿਆਰਥੀ ਦੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਹੋਵੇ, ਘੱਟੋ ਘੱਟ 60% ਜਾਂ ਵੱਧ ਨੰਬਰ ਲੈਂਦੇ ਹੋਣ ਪਰ ਬੇਸਹਾਰਾ ਹੋਣ, ਉਹ ਵਿਦਿਆਰਥੀ ਜੋ ਆਪਣੀ ਜਮਾਤ ਵਿਚੋਂ ਪੁਜ਼ੀਸ਼ਨ ਲੈਂਦੇ ਹੋਣ, ਜਮਾਤ ਵਿਚੋਂ 80% ਜਾਂ ਵੱਧ ਨੰਬਰ ਲੈਣ ਵਾਲੇ ਵਿਦਿਆਰਥੀ ਜਾਂ ਕਿਸੇ ਹੋਰ ਖੇਤਰ ਵਿੱਚ ਸਕੂਲ ਦਾ ਨਾਮ ਰੌਸ਼ਨ ਕਰ ਨੇ ਕਰਨ ਵਾਲੇ ਵਿਦਿਆਰਥੀਆਂ ਨੂੰ , ਆਰਥਿਕ ਤੌਰ ਤੇ ਪੱਛੜੇ ਪਰ ਪੜ੍ਹਾਈ ਵਿਚ ਹੁਸ਼ਿਆਰ ਵਿਦਿਆਰਥੀਆਂ ਨੂੰ ਆਰਥਿਕ ਮਦਦ ਦੇ ਨਾਲ ਨਾਲ ਸਨਮਾਨਿਤ ਕੀਤਾ ਜਾਵੇਗਾ।
ਉਹਨਾਂ ਦੱਸਿਆ ਕਿ ਇਹ ਸਹਾਇਤਾ ਰਾਸ਼ੀ ਸਿਰਫ ਕਿਤਾਬਾਂ, ਕਾਪੀਆਂ, ਸਟੇਸ਼ਨਰੀ ਅਤੇ ਫੀਸਾਂ ਦੇ ਰੂਪ ਵਿਚ ਕਰਨ ਦਾ ਫੈਸਲਾ ਕੀਤਾ ਗਿਆ ਹੈ ਤਾਂ ਕਿ ਆਰਥਿਕ ਮੰਦਹਾਲੀ ਇਹਨਾਂ ਵਿਦਿਆਰਥੀਆਂ ਦੀ ਪੜ੍ਹਾਈ ਵਿਚ ਰੁਕਾਵਟ ਨਾ ਬਣੇ।
ਸਾਬਕਾ ਸਰਪੰਚ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਭੰਗੇਰੀਆਂ ਦੇ ਪਿ੍ਰੰਸੀਪਲ ਅਤੇ ਸਟਾਫ ਨੂੰ ਵਿਸ਼ਵਾਸ਼ ਦਿਵਾਇਆ ਕਿ ਭਵਿੱਖ ਵਿਚ ‘‘ਯਾਦਗਾਰ ਏ ਬਜ਼ੁਰਗਾਂ ਵੈਲਫੇਅਰ ਸੁਸਾਇਟੀ ’’ ਨਿਯਮਾਂ ਅਨੁਸਾਰ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਵੀ ਕਰੇਗੀ ਅਤੇ ਲੋੜਵੰਦ ਵਿਦਿਆਰਥੀਆਂ ਦੀਆਂ ਫੀਸਾਂ ਵੀ ਭਰਿਆ ਕਰੇਗੀ।
ਇਸ ਮੌਕੇ ਤੇ ਸਕੂਲ ਸਟਾਫ ਅਤੇ ਬੱਚਿਆਂ ਵੱਲੋਂ ਦਾਨੀ ਪਰਿਵਾਰਾਂ ਦਾ ਧੰਨਵਾਦ ਕੀਤਾ ਗਿਆ । ਇਸ ਮੋਕੇ ਤੇ ਸਕੂਲ ਸਟਾਫ ਅਤੇ ਦਾਨੀ ਪਰਿਵਾਰਾਂ ਦੇ ਹਾਜ਼ਰ ਮੈਂਬਰਾਂ ਸਾਬਕਾ ਸਰਪੰਚ ਨਿਹਾਲ ਸਿੰਘ ਭੁੱਲਰ, ਦਰਸ਼ਨ ਸਿੰਘ ਭੁੱਲਰ ਅਤੇ ਮਨਪ੍ਰੀਤ ਸਿੰਘ ਭੁੱਲਰ ਨੇ ਬੱਚਿਆਂ ਨੂੰ ਤਨਦੇਹੀ ਨਾਲ ਪੜ੍ਹਾਈ ਕਰਨ ਲਈ ਪ੍ਰੇਰਨਾ ਦਿੱਤੀ ਅਤੇ ਭਵਿੱਖ ਵਿੱਚ ਲੋੜ੍ਹ ਪੈਣ ਤੇ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ।
ਸਮਾਗਮ ਦੇ ਅਖੀਰ ਵਿੱਚ ਸਕੂਲ ਦੇ ਪਿ੍ਰੰਸੀਪਲ ਖੁਸ਼ਵੰਤ ਸਿੰਘ ਨੇ ਸਹਾਇਤਾ ਚੈੰਕ ਪ੍ਰਾਪਤ ਕਰਕੇ ਸਮੂਹ ਦਾਨੀ ਪਰਿਵਾਰਾਂ ਦਾ ਧੰਨਵਾਦ ਕਰਦਿਆਂ ਇਸ ਨੇਕ ਕੰਮ ਲਈ ਹੋਰ ਵੀ ਦਾਨੀ ਪਰਿਵਾਰਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ।
ਕੈਪਸ਼ਨ : ਸਾਬਕਾ ਸਰਪੰਚ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ, ਮਨਪ੍ਰੀਤ ਸਿੰਘ ਭੁੱਲਰ ,ਦਰਸ਼ਨ ਸਿੰਘ ਭੁੱਲਰ ਅਤੇ ਪਤਵੰਤੇ ਤਲਵੰਡੀ ਭੰਗੇਰੀਆਂ ਸਕੂਲ ਦੇ ਪਿ੍ਰੰ ਖੁਸ਼ਵੰਤ ਸਿੰਘ ਨੂੰ ਚੈੱਕ ਭੇਟ ਕਰਦੇ ਹੋਏ ।