ਗੋਲੀਆਂ ਮਾਰ ਕੇ ਇਕ ਵਿਅਕਤੀ ਨੂੰ ਹਲਾਕ ਕਰਨ ਉਪਰੰਤ ਚਾਰ ਹਥਿਆਰਬੰਦ ਨੌਜਵਾਨ ਫਰਾਰ,ਘਰ ਅੰਦਰ ਦਾਖਲ ਹੋ ਕੇ ਘਟਨਾ ਨੂੰ ਦਿੱਤਾ ਅੰਜਾਮ

Tags: 

ਸ਼ਹਿਰ ਵਿਚ ਸਹਿਮ ਦਾ ਮਾਹੌਲ

ਮੋਗਾ, 16 ਜੁਲਾਈ (ਜਸ਼ਨ): ਅੱਜ ਮੋਗਾ ਦੇ ਸ਼ਹੀਦ ਭਗਤ ਸਿੰਘ ਨਗਰ ਵਿਖੇ ਚਾਰ ਹਥਿਆਰਬੰਦ ਨੌਜਵਾਨਾਂ ਨੇ ਇਕ ਘਰ ਅੰਦਰ ਦਾਖਲ ਹੋ ਕੇ ਘਰ ਦੇ ਮਾਲਕ ਬਜ਼ਰੁਗ ਦੇ ਗੋਲੀਆਂ ਮਾਰ ਕੇ ਉਸ ਨੂੰ ਹਲਾਕ ਕਰ ਦਿੱਤਾ। ਇਹ ਬਜ਼ੁਰਗ ਸੰਤੋਖ ਸਿੰਘ ਕੱਚਾ ਦੋਸਾਂਝ ਰੋਡ ਮੋਗਾ ਦਾ ਵਾਸੀ ਸੀ। ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਕਾਤਲਾਂ ਨੇ ਆਖਿਆ ਕਿ ਉਹਨਾਂ ਨੂੰ ਉਹਨਾਂ ਦੇ ਵੱਡੇ ਲੜਕੇ ਨੇ ਭੇਜਿਆ ਹੈ । ਇਸ ਉਪਰੰਤ ਕਾਤਲਾਂ ਨੂੰ ਘਰ ਦੇ ਇਕ ਕਮਰੇ ਵਿਚ ਬੈਠਣ ਲਈ ਆਖਦਿਆਂ ਸੰਤੋਖ ਸਿੰਘ ਨੇ ਚਾਹ ਪਾਣੀ ਪੁੱਛਿਆ ਪਰ ਕਾਤਲਾਂ ਨੇ  ਸੰਤੋਖ ਸਿੰਘ ਦੇ ਗੋਲੀਆਂ ਮਾਰ ਦਿੱਤੀਆਂ। ਜ਼ਿਕਰਯੋਗ ਹੈ ਕਿ ਮ੍ਰਿਤਕ ਸੰਤੋਖ ਸਿੰਘ ਦਾ ਛੋਟਾ ਪੁੱਤਰ ਸੁਖਦੇਵ ਸਿੰਘ ਉਰਫ਼ ਸੇਬਾ ਔਜਲਾ ਕਿਸੇ ਅਪਰਾਧਿਕ ਮਾਮਲੇ ਵਿਚ ਜੇਲ੍ਹ ਵਿਚ ਬੰਦ ਹੈ ਜਦਕਿ ਵੱਡਾ ਪੁੱਤਰ ਮਕੈਨਿਕ ਦਾ ਕੰਮ ਕਰਦਾ ਹੈ। ਅਪੁਸ਼ਟ ਖਬਰਾਂ ਮੁਤਾਬਕ ਕਾਤਲ ਸੰਤੋਖ ਸਿੰਘ ਦੇ  ਪੁੱਤਰ ’ਤੇ ਹਮਲੇ ਦੀ ਤਾਕ ਵਿਚ ਆਏ ਸਨ ਅਤੇ ਉਹਨਾਂ ਸੰਤੋਖ ਸਿੰਘ ਤੋਂ ਉਸ ਦੇ ਵੱਡੇ  ਪੁੱਤਰ ਮੋਹਣੇ ਬਾਰੇ ਪੁੱਛ ਰਹੇ ਸਨ ਪਰ ਉਹ ਘਰੇ ਨਾ ਹੋਣ ਕਰਕੇ ਕਾਤਲਾਂ ਨੇ ਸੰਤੋਖ ਸਿੰਘ ‘ਤੇ ਹੀ ਗੋਲੀਆਂ ਚਲਾ ਦਿੱਤੀਆਂ।