ਬਲੂਮਿੰਗ ਬਡਜ਼ ਸਕੂਲ ਵਿਖੇ ਸੀ.ਬੀ.ਐੱਸ.ਈ. ਵੱਲੋਂ ਕਰਵਾਇਆ ਗਿਆ ‘ਹੈਪੀ ਕਲਾਸਰੂਮਜ਼” ਬਾਰੇ ਸੈਮੀਨਾਰ
ਮੋਗਾ, 11 ਜੁਲਾਈ (ਜਸ਼ਨ): ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਮੋਗਾ ਵਿਖੇ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗਵਾਈ ਅਤੇ ਸਕੂਲ ਪਿ੍ਰੰਸੀਪਲ ਡਾ. ਹਮੀਲੀਆ ਰਾਣੀ ਦੇ ਦਿਸ਼ਾ ਨਿਰਦੇਸ਼ ਹੇਠ ਸੀ.ਬੀ.ਐੱਸ.ਈ. ਬੋਰਡ ਦੇ ਸੀ.ਓ.ਈ. ਸੈੱਲ ਦੁਆਰਾ ਕਪੈਸਿਟੀ ਬਿਲਡਿੰਗ ਪ੍ਰੋਗਰਾਮ ਤਹਿਤ ‘ਹੈਪੀ ਕਲਾਸਰੂਮਜ਼’ ਦੇ ਸਿਰਲੇਖ ਹੇਠ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਸੈਮੀਨਾਰ ਦੌਰਾਨ ਸੀ.ਬੀ.ਐੱਸ.ਈ. ਰਿਸੋਰਸ ਪਰਸਨ ਸ਼੍ਰੀ ਸੁਖਦੇਵ ਸਿੰਘ ਪਿ੍ਰੰਸੀਪਲ ਡੀ.ਏ.ਵੀ. ਪਬਲਿਕ ਸਕੂਲ, ਅਬੋਹਰ ਅਤੇ ਸ਼੍ਰੀ ਯੋਗੇਸ਼ ਗੰਭੀਰ ਪਿ੍ਰੰਸੀਪਲ ਡੀ.ਆਰ.ਵੀ. ਡੀ.ਏ.ਵੀ. ਸੈਂਟੀਨਰੀ ਪਬਲਿਕ ਸਕੂਲ ਫਿਲੌਰ, ਜ਼ਿਲਾ ਜਲੰਧਰ ਵੱਲੋਂ ਬੀ.ਬੀ.ਐੱਸ. ਸਟਾਫ ਨੂੰ ‘ਹੈਪੀ ਕਲਾਸਰੂਮਜ਼” ਵਿਸ਼ੇ ਤੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਦੱਸਿਆ ਕਿ ਇਸ ਵਿਸ਼ੇ ਅਧੀਨ ਇਹ ਚੀਜ਼ ਸਿਖਾਈ ਜਾਵੇਗੀ ਕਿ ਅਧਿਆਪਕ ਆਪਣੇ ਕਲਾਸਰੂਮ ਨੂੰ ‘ਹੈਪੀ ਕਲਾਸਰੂਮ’ ਵਿੱਚ ਕਿਵੇਂ ਤਬਦੀਲ ਕਰ ਸਕਦਾ ਹੈ। ਅਕਸਰ ਇਹ ਦੇਖਿਆ ਜਾਂਦਾ ਹੈ ਕਿ ਕਲਾਸਰੂਮ ਦਾ ਮਾਹੌਲ ਤਣਾਅ ਭਰਿਆ ਹੁੰਦਾ ਹੈ ਜਿਸ ਦਾ ਵਿਦਿਆਰਥੀਆਂ ਉੱਪਰ ਨਕਾਰਾਤਮਕ ਅਸਰ ਪੈਂਦਾ ਹੈ, ਇਸ ਲਈ ਵਿਦਿਆਰਥੀਆਂ ਵਿੱਚ ਸਕਾਰਾਤਮਕ ਊਰਜਾ ਦਾ ਸੰਚਾਰ ਕਰਨ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਕਲਾਸਰੂਮ ਦਾ ਮਾਹੌਲ ਖੁਸ਼ਨੁਮਾ ਰਹੇ। ਇਸ ਉਪਰਾਲੇ ਲਈ ਕੁੱਝ ਨੁਕਤੇ ਹਨ ਜਿਵੇਂ ਕਿ ਭਾਵਨਾਤਮਕ ਗਿਆਨ ਨੂੰ ਸਮਝਨਾ ਇਸ ਤਹਿਤ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਕਿਸੇ ਦੀਆਂ ਭਾਵਨਾਵਾਂ ਨੂੰ ਸਮਝਿਆ ਜਾਵੇ ਅਤੇ ਉਹਨਾਂ ਭਾਵਨਾਵਾਂ ਦੀ ਕਦਰ ਕੀਤੀ ਜਾਵੇ। ਇਸ ਦੇ ਲਈ ਇੱਕ ਅਧਿਆਪਕ ਕਈ ਤਰ੍ਹਾਂ ਦੇ ਟੂਲਜ਼ ਇਸਤੇਮਾਲ ਕਰ ਸਕਦਾ ਹੈ ਜਿਵੇਂ ਵਿਦਿਆਰਥੀਆਂ ਦੀ ਮਨੋਭਾਵਨਾ ਦੀ ਨਿਗਰਾਨੀ ਕਰਨਾ, ਅਧਿਆਪਕ ਅਤੇ ਵਿਦਿਆਰਥੀ ਵਿੱਚ ਪੇਸ਼ੇਵਰ ਰਿਸ਼ਤਾ ਸਥਾਪਿਤ ਕਰਨਾ, ਆਪਣੇ ਵਿਦਿਆਰਥੀ ਬਾਰੇ ਵੱਧ ਤੋਂ ਵੱਧ ਜਾਣਕਾਰੀ ਹਾਸਿਲ ਕਰਨਾ ਅਤੇ ਹਲਾਤਾਂ ਦਾ ਸਰਗਰਮੀ ਨਾਲ ਮੁਕਾਬਲਾ ਕਰਨਾ। ਦੂਸਰਾ ਨੁਕਤਾ ਵਿਵਹਾਰ ਅਤੇ ਦੁਰਵਿਵਹਾਰ ਦੀ ਪਰਿਭਾਸ਼ਾ ਹੈ ਜਿਸ ਵਿੱਚ ਇਹ ਦੱਸਿਆ ਗਿਆ ਕਿ ਕਈ ਵਾਰ ਕਿਸੇ ਵਿਦਿਆਰਥੀ ਦੇ ਦੁਰਵਿਵਹਾਰ ਕਾਰਨ ਵੀ ਕਲਾਸ ਦਾ ਮਹੌਲ ਪ੍ਰਭਾਵਿਤ ਹੁੰਦਾ ਹੈ ਇਸ ਲਈ ਅਧਿਆਪਕ ਨੂੰ ਵਿਦਿਆਰਥੀ ਨੂੰ ਸਜ਼ਾ ਦੇਣ ਜਾਂ ਝਿੜਕਣ ਦੀ ਬਜਾਏ ਇਹ ਪਤਾ ਕਰਨ ਦੀ ਕੋਸ਼ਿਸ਼ ਕਰੀ ਚਾਹੀਦੀ ਹੈ ਕਿ ਕਿਸੇ ਵਿਦਿਆਰਥੀ ਦਾ ਦੁਰਵਿਵਹਾਰ ਦਾ ਮੂਲ ਕਾਰਨ ਕੀ ਹੈ ਅਤੇ ਉਸ ਕਾਰਨ ਨੂੰ ਦੂਰ ਕਰਨ ਦਾ ਉਪਰਾਲਾ ਕਰਨਾ ਚਾਹੀਦਾ ਹੈ। ਤੀਸਰਾ ਅਹਿਮ ਨੁਕਤਾ ਹੈ ਕਲਾਸਰੂਮ ਵਿੱਚ ਖੁਸ਼ੀ ਨੂੰ ਵਧਾਉਣ ਦੇ ਤਰੀਕੇ। ਇਸ ਲਈ ਅਧਿਆਪਕਾਂ ਨੂੰ ਵਿਦਿਆਰਥੀਆਂ ਨਾਲ ਇੱਕ ਐਸਾ ਪੇਸ਼ੇਵਰ ਰਿਸ਼ਤਾ ਕਾਇਮ ਕਰਨਾ ਚਾਹੀਦਾ ਹੈ ਜਿਸ ਵਿੱਚ ਕਿਸੇ ਪ੍ਰਕਾਰ ਦੀ ਝਿਝਕ ਜਾਂ ਸੰਕੋਚ ਨਾ ਹੋਵੇ। ਵਿਦਿਆਰਥੀ ਨੂੰ ਪੜਾਉਣ ਦੇ ਤਰੀਕੇ ਵਿੱਚ ਕਹਾਣੀਆਂ, ਮਿਸਾਲਾਂ ਆਦਿ ਸ਼ਾਮਿਲ ਕਰਨਾ ਚਾਹੀਦੀਆਂ ਹਨ ਜਿਸ ਨਾਲ ਪੜ੍ਹਾਈ ਮਨੋਰੰਜਨ ਦਾ ਰੂਪ ਧਾਰਨ ਕਰ ਲਵੇ। ਇਸ ਸੈਮੀਨਾਰ ਦੌਰਾਨ ਵੱਖ-ਵੱਖ ਤਰਾਂ ਦੀਆ ਐਕਟੀਵਿਟੀਆਂ ਵੀ ਕਰਵਾਈਆਂ ਗਈਆਂ। ਜਿਸ ਵਿੱਚ ਅਧਿਆਪਕਾ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਆਪਣੇ ਗਿਆਨ ਵਿੱਚ ਵਾਧਾ ਕੀਤਾ ਤੇ ਇਹ ਸਿੱਖਿਆ ਕਿ ਕਲਾਸਰੂਮ ਦਾ ਮਾਹੌਲ ਕਿਸ ਤਰਾਂ ਖੁਸ਼ਨੂਮਾ ਬਣਾ ਕੇ ਰੱਖਿਆ ਜਾ ਸਕਦਾ ਹੈ। ਇਸ ਮੌਕੇ ਸਕੂਲ ਪਿ੍ਰੰਸੀਪਲ ਡਾ. ਹਮੀਲੀਆ ਰਾਣੀ ਜੀ ਵੱਲੋਂ ਸੀ.ਬੀ.ਐੱਸ.ਈ. ਬੋਰਡ ਦੇ ਸੀ.ਓ.ਈ. ਸੈੱਲ ਦੁਆਰਾ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸੈਮੀਨਾਰ ਚੋਂ ਮਿਲੇ ਗਿਆਨ ਸਦਕਾ ਅਧਿਆਪਕ ਆਪਣੇ ਕਲਾਸਰੂਮ ਦੇ ਮਹੌਲ ਨੂੰ ਹੋਰ ਵੀ ਖੁਸ਼ਨੁਮਾ ਬਣਾ ਸਕਣਗੇ। ਸਕੂਲ਼ ਪਿ੍ਰੰਸੀਪਲ ਵੱਲੋਂ ਰਿਸੋਰਸ ਪਰਸਨ ਸ਼੍ਰੀ ਸੁਖਦੇਵ ਸਿੰਘ ਅਤੇ ਸ਼੍ਰੀ ਯੋਗੇਸ਼ ਗੰਭੀਰ ਦਾ ਧੰਨਵਾਦ ਕੀਤਾ ਗਿਆ।