ਹੜ੍ਹਾ ਵਰਗੀ ਸਥਿਤੀ ਤੋਂ ਲੋਕਾਂ ਨੂੰ ਬਚਾਉਣ ਲਈ ਸਰਕਾਰ, ਪ੍ਰਸ਼ਾਸਨ ਅਤੇ ਸਾਨੂੰ ਸਭ ਨੂੰ ਮਿਲ ਕੇ ਇੱਕ ਦੂਸਰੇ ਦੀ ਮਦਦ ਕਰਨ ਦੀ ਲੋੜ: ਡਾ. ਹਰਜੋਤ ਕਮਲ
ਮੋਗਾ, 11 ਜੁਲਾਈ (ਜਸ਼ਨ)- ਪੰਜਾਬ ਵਿੱਚ ਪਿਛਲੇ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਅਤੇ ਦਰਿਆਵਾਂ, ਨਦੀਆਂ ਵਿੱਚ ਪਾਣੀ ਦੇ ਤੇਜ਼ ਵਹਾਅ ਕਾਰਨ ਕਈ ਥਾਵਾਂ ਤੇ ਬੰਨ ਟੁੱਟਣ ਕਾਰਨ ਪੰਜਾਬ ਦੇ ਕਈ ਇਲਾਕਿਆਂ ਵਿੱਚ ਪਾਣੀ ਭਰ ਜਾਣ ਨਾਲ ਹੜ੍ਹਾਂ ਵਰਗਾ ਮਾਹੌਲ ਬਣ ਗਿਆ ਹੈ, ਪਰ ਕਈ ਸਿਆਸੀ ਲੋਕ ਇਸ ਮਾਮਲੇ ਤੇ ਸਿਆਸੀ ਰੋਟੀਆਂ ਸੇਕਣ ਲਈ ਸਰਕਾਰ ਦਾ ਵਿਰੋਧ ਕਰ ਰਹੇ ਹਨ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੋਗਾ ਦੇ ਸਾਬਕਾ ਵਿਧਾਇਕ ਅਤੇ ਪੰਜਾਬ ਭਾਜਪਾ ਦੇ ਸੈਕਟਰੀ ਡਾ. ਹਰਜੋਤ ਕਮਲ ਨੇ ਕਿਹਾ ਕਿ ਪੰਜਾਬ ਹੜ੍ਹਾਂ ਵਰਗੀ ਆਪਦਾ ਨਾਲ ਜੂਝ ਰਿਹਾ ਹੈ ਅਤੇ ਇਹ ਮਸਲਾ ਕੋਈ ਰਾਜਨੀਤੀ ਕਰਨ ਦਾ ਨਹੀਂ ਹੈ ਬਲਕਿ ਇੱਕ-ਜੁੱਟ ਹੋ ਕੇ ਸਰਕਾਰ, ਪ੍ਰਸ਼ਾਸਨ ਅਤੇ ਰਾਹਤ ਕਾਰਜਾ ਵਿੱਚ ਲੱਗੇ ਸਮਾਜ ਸੇਵੀਆਂ ਦਾ ਸਹਿਯੋਗ ਕਰਨ ਦਾ ਸਮਾਂ ਹੈ ਤਾਂ ਕਿ ਪੰਜਾਬੀਆਂ ਦੀ ਜਾਨ-ਮਾਲ ਦੀ ਰੱਖਿਆ ਕੀਤੀ ਜਾ ਸਕੇ। ਡਾ. ਹਰਜੋਤ ਕਮਲ ਨੇ ਮੁੱਖ ਮੰਤਰੀ ਜੀ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਉੱਪਰ ਜੋ ਆਪਦਾ ਦੀ ਸਥਿਤੀ ਹੈ ਉਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਕਿਉਂਕਿ ਇਸ ਸਮੇਂ ਪੰਜਾਬੀਆਂ ਨੂੰ ਅਤੇ ਪੰਜਾਬ ਨੂੰ ਉਨ੍ਹਾਂ ਵੱਲੋਂ ਚੁਣੇ ਹੋਏ ਨੁੰਮਾਇੰਦੇ ਅਤੇ ਸਰਕਾਰ ਦੀ ਸਖ਼ਤ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਦੂਸਰੇ ਰਾਜਾਂ ਵਿੱਚ ਚੋਣ ਪ੍ਰਚਾਰ ਤਾਂ ਕੁਝ ਦਿਨਾਂ ਬਾਅਦ ਵੀ ਕੀਤਾ ਜਾ ਸਕਦਾ ਹੈ ਪਰ ਇਸ ਸੰਕਟ ਦੀ ਘੜ੍ਹੀ ਵਿੱਚ ਲੋਕਾਂ ਨੂੰ ਬਚਾਉਣ ਦੀ ਜ਼ਰੂਰਤ ਪਹਿਲਾਂ ਹੈ। ਡਾ. ਹਰਜੋਤ ਕਮਲ ਨੇ ਕਿਹਾ ਕਿ ਭਾਵੇਂ ਸਿਆਸੀ ਵਿਰੋਧੀਆਂ ਦਾ ਇਹ ਫ਼ਰਜ਼ ਵੀ ਹੁੰਦਾ ਹੈ ਕਿ ਉਹ ਲੋਕ ਹਿੱਤਾਂ ਦੀ ਖਾਤਰ ਸਰਕਾਰ ਦੀ ਨੁਕਤਾਚੀਨੀ ਕਰਕੇ ਸਹੀ ਦਿਸ਼ਾ ਵੱਲ ਕੰਮ ਕਰਨ ਲਈ ਦਬਾਅ ਪਾਉਣ ਅਤੇ ਡਾ. ਹਰਜੋਤ ਕਮਲ ਨੇ ਕਿਹਾ ਕਿ ਮੈਂ ਵੀ ਸਰਕਾਰ ਨੂੰ ਸਮੇਂ ਸਮੇਂ ਤੇ ਕਰੜੇ ਹੱਥੀਂ ਲੈਂਦਿਆਂ ਲੋਕ ਹਿੱਤਾਂ ਲਈ ਆਵਾਜ਼ ਬੁਲੰਦ ਕਰਕੇ ਸਰਕਾਰ ਦੀਆਂ ਕਮੀਆਂ ਉਜਾਗਰ ਕਰਦਾ ਰਹਿੰਦਾ ਹਾਂ। ਡਾ. ਹਰਜੋਤ ਕਮਲ ਨੇ ਸਾਰੇ ਹੀ ਸਿਆਸੀ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਨੂੰ ਘੇਰਨ ਲਈ ਉਹ ਨਸ਼ਿਆਂ ਦੇ ਮੁੱਦੇ, ਗੈਂਗਸਰਾਂ ਦੇ ਕਾਬੂ ਪਾਉਣ, ਨੌਕਰੀਆਂ ਦੇਣ ਦੇ ਝਾਂਸੇ ਅਤੇ ਟੋਲ ਪਲਾਜਾ ਬੰਦ ਕਰਨ ਦੇ ਡਰਾਮੇ ਅਤੇ ਹੋਰ ਬਹੁਤ ਸਾਰੇ ਮਾਮਲੇ ਹੋਣ ਦੇ ਬਾਵਜੂਦ ਵੀ ਇਸ ਹੜ੍ਹਾਂ ਦੇ ਗੰਭੀਰ ਮਸਲੇ ਤੇ ਸਿਆਸਤ ਕਰਦੇ ਹਨ ਜੋ ਕਿ ਇਸ ਮਾਮਲੇ ਤੇ ਸਿਆਸਤ ਕਰਦਾ ਢੁਕਵਾਂ ਸਮਾਂ ਨਹੀਂ ਹੈ ਬਲਕਿ ਇਹ ਕੁਦਰਤੀ ਆਫ਼ਤ ਨਾਲ ਰਲ-ਮਿਲ ਕੇ ਨਜਿੱਠਣ ਦਾ ਸਮਾਂ ਹੈ। ਡਾ. ਹਰਜੋਤ ਕਮਲ ਨੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਬਿਆਨ ਦਾ ਵੀ ਸਵਾਗਤ ਅਤੇ ਧੰਨਵਾਦ ਕੀਤਾ ਜਿਸ ਵਿੱਚ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਸਮੂਹ ਗੁਰੂ ਘਰਾਂ ਵਿੱਚ ਬੇਘਰੇ ਲੋਕਾਂ ਨੂੰ ਸ਼ਰਨ ਦੇਣ ਅਤੇ ਜਿੱਥੇ-ਜਿੱਥੇ ਵੀ ਲੰਗਰ ਦੀ ਜ਼ਰੂਰਤ ਹੋਵੇ ਉਥੇ ਲੰਗਰ ਪਹੁੰਚਾਉਣ ਦੀ ਹਦਾਇਤ ਕੀਤੀ ਹੈ। ਇਸਤੋਂ ਇਲਾਵਾ ਹੋਰ ਵੀ ਸਮਾਜ ਸੇਵੀ ਸੰਸਥਾਵਾਂ ਅਤੇ ਖਾਸਕਰ ਖਾਲਸਾ ਏਡ ਵੱਲੋਂ ਜੋ ਹਮੇਸ਼ਾ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਤਤਪਰ ਰਹਿੰਦੇ ਹਨ ਉਨ੍ਹਾਂ ਵੱਲੋਂ ਹੀ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ ਅਤੇ ਉਹ ਵੀ ਪੰਜਾਬੀਆਂ ਦੀ ਮਦਦ ਲਈ ਬਹੁੜੇ ਹਨ। ਡਾ. ਹਰਜੋਤ ਕਮਲ ਨੇ ਕਿਹਾ ਕਿ ਉਹ ਖੁਦ ਵੀ ਆਪਣੀ ਸਾਰੀ ਟੀਮ ਨਾਲ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰ ਰਹੇ ਹਨ ਅਤੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿੱਥੇ ਕਿਤੇ ਵੀ ਕਿਸੇ ਨੂੰ ਉਨ੍ਹਾਂ ਦੀ ਜ਼ਰੂਰਤ ਮਹਿਸੂਸ ਹੋਵੇ ਜਾਂ ਕਿਸੇ ਰਾਹਤ ਕਾਰਜਾ ਲਈ ਕਿਸੇ ਤਰ੍ਹਾਂ ਦੀ ਮਦਦ ਦੀ ਜ਼ਰੂਰਤ ਹੋਵੇ ਤਾਂ ਉਹ ਮੇਰੇ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ।