ਮੋਗਾ ;ਦਰਿਆ ਦੇ ਵਹਾਅ ‘ਚ ਰੁੜਿਆ ਇਕ ਵਿਅਕਤੀ ,ਦਰਿਆ ਦਾ ਪਾਣੀ ਮੋਗਾ ਦੇ ਪਿੰਡਾਂ ਵਿਚ ਵੜਿਆ, ਤਿੰਨ ਪਿੰਡ ਕਰਵਾਏ ਖਾਲ੍ਹੀ , ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਧੁੱਸੀ ਬੰਨ੍ਹ ਦਾ ਦੌਰਾ

 ਧਰਮਕੋਟ, 10 ਜੁਲਾਈ (ਜਸ਼ਨ) ਮੋਗਾ ਜ਼ਿਲ੍ਹੇ ਦੇ ਹਲਕੇ ਧਰਮਕੋਟ ਵਿਚ ਸਤਲੁਜ ਦਰਿਆ ਦੇ ਕਹਿਰ ਨੇ ਅੱਜ ਇਕ 55 ਸਾਲਾ ਵਿਅਕਤੀ ਦੀ ਜਾਨ ਲੈ ਲਈ । ਸਤਲੁਜ ਦਰਿਆ ਵਿਚ ਪਾਣੀ ਦੇ ਵਧ ਰਹੇ ਪੱਧਰ ਕਾਰਨ ਜਿੱਥੇ ਧਰਮਕੋਟ ਹਲਕੇ ਦੇ ਕਈ ਪਿੰਡ ਦਰਿਆ ਦੇ ਪਾਣੀ ਦੀ ਜ਼ਦ ਵਿਚ ਆ ਗਏ ਹਨ ਅਤੇ ਲੋਕਾਂ ਦੀਆਂ ਫਸਲਾਂ ਖਰਾਬ ਹੋ ਚੁੱਕੀਆਂ ਨੇ ਅਤੇ ਧਰਮਕੋਟ ਹਲਕੇ ਦੇ ਪਿੰਡ ਸੰਘੇੜਾ, ਕੰਬੋ ਕਲਾਂ, ਕੰਬੋ ਖੁਰਦ, ਸ਼ੇਰੇਵਾਲਾ, ਬੱਗੇ, ਪਰਲੀਵਾਲਾ, ਮੇਹਰੂਵਾਲਾ, ਕੋਡੀਵਾਲਾ ਜੋ ਕਿ ਧੁੱਸੀ ਬੰਨ੍ਹ ਦੇ ਅੰਦਰ ਹਨ ਬੁਰੀ ਤਰਾਂ ਪ੍ਰਭਾਵਿਤ ਹੋਏ ਹਨ ।  ਸਾਬਕਾ ਸਰਪੰਚ ਸਰੂਪ ਸਿੰਘ ਦੇ ਦੱਸਣ ਮੁਤਾਬਕ ਪਿੰਡ ਸੰਘੇੜਾ ਦੇ ਅੰਦਰ ਪਾਣੀ ਪੰਜ ਪੰਜ ਫੁੱਟ ਘਰਾਂ ਵਿਚ ਵੜ ਗਿਆ ਹੈ ਅਤੇ ਪ੍ਰਸ਼ਾਸਨ ਵਲੋਂ ਬੇਸ਼ੱਕ ਸਹਾਇਤਾ ਮੁਹਈਆ ਕਰਵਾਈ ਜਾ ਰਹੀ ਹੈ ਪਰ ਪਿੰਡ ਦੀ ਸੜਕ ਤੋਂ ਸੁਰੱਖਿਅਤ ਥਾਂ ਵੱਲ ਜਾਂਦੇ ਸਮੇਂ ਮਲੂਕ ਸਿੰਘ ਨਾਮ ਦਾ ਗੂੰਗਾ ਅਤੇ ਬੋਲਾ ਵਿਅਕਤੀ ਪਾਣੀ ਵਿਚ ਸੰਤੁਲਨ ਨਹੀਂ ਬਣਾ ਸਕਿਆ ਅਤੇ ਦਰਿਆ ਦਾ ਪਾਣੀ ਉਸ ਨੂੰ ਰੋੜ ਕੇ ਲੈ ਗਿਆ। ਉਸ ਨੇ ਖੁਦ ਵੀ ਰੌਲਾ ਪਾਇਆ ਪਰ ਬਚਾਇਆ ਨਹੀਂ ਜਾ ਸਕਿਆ।
ਧਰਮਕੋਟ ਦੇ ਡੀ ਐੱਸ ਪੀ ਰਵਿੰਦਰ ਸਿੰਘ ਨੇ ਇਸ ਵਿਅਕਤੀ ਦੇ ਡੁੱਬਣ ਦੀ ਤਸਦੀਕ ਕਰਦਿਆਂ ਦੱਸਿਆ ਕਿ ਸੰਘੇੜਾ, ਕੰਬੋ ਖੁਰਦ ਅਤੇ ਮਹਿਮੇਵਾਲਾ ਤਿੰਨੇ ਪਿੰਡ ਪੂਰੀ ਤਰਾਂ ਖਾਲ੍ਹੀ ਕਰਵਾ ਲਏ ਗਏ ਨੇ ।ਹੜ੍ਹ ਪ੍ਰਭਾਵਿਤ ਪਿੰਡਾਂ ਲਈ ਪ੍ਰਸ਼ਾਸਨ ਵੱਲੋਂ ਰਾਹਤ ਕਾਰਜ ਚਲਾਏ ਜਾ ਰਹੇ ਹਨ ਅਤੇ ਪਿੰਡਾਂ ਦੇ ਲੋਕਾਂ ਨੂੰ ਕਿਸ਼ਤੀਆ ਮੁਹੱਈਆ ਕਰਵਾਈਆਂ ਗਈਆਂ ਹਨ ਅਤੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਰਿਹਾ ਹੈ, ਉਥੇ ਹੀ ਅੱਜ ਡਿਪਟੀ ਕਮਿਸ਼ਨਰ ਮੋਗਾ ਅਤੇ ਧਰਮਕੋਟ ਹਲਕੇ ਦੇ ਐਸ.ਡੀ.ਐਮ ਵੱਲੋਂ ਪ੍ਰਸ਼ਾਸਨ ਅਧਿਕਾਰੀਆਂ ਨੂੰ ਨਾਲ ਲੈ ਕੇ ਧੁੱਸੀ ਬੰਨ੍ਹ ਦਾ ਦੌਰਾ ਕੀਤਾ ਗਿਆ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਸ਼ਾਸ਼ਨ ਵੱਲੋਂ ਪਲ-ਪਲ ’ਤੇ ਨਜਰ ਰੱਖੀ ਜਾ ਰਹੀ ਹੈ ਅਤੇ ਲੋਕਾਂ ਨੂੰ ਵੀ ਰਾਤ ਨੂੰ ਠੀਕਰੀ ਪਹਿਰੇ ਲਗਾਕੇ ਪਾਣੀ ਦੀ ਹਾਲਤ ’ਤੇ ਨਿਗਾਹ ਰੱਖਣ ਦੀ ਅਪੀਲ ਕੀਤੀ ਗਈ ਹੈ। ਉਹਨਾਂ ਕਿਹਾ ਕਿ ਸਰਕਾਰੀ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਅਤੇ ਫਲੱਡ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਅਤੇ ਪੰਜ ਰਲੀਫ ਸੈਂਟਰ ਸਥਾਪਿਤ ਕੀਤੇ ਗਏ ਹਨ। ਵੈਟਨਰੀ ਵਿਭਾਗ, ਫੂਡ ਸਪਲਾਈ ਵਿਭਾਗ, ਮਾਲ ਮਹਿਕਮਾ ਅਤੇ ਹੋਰ ਵਿਭਾਗਾਂ ਦੀਆਂ ਡਿਉਟੀਆਂ ਲਗਾਈਆਂ ਗਈਆਂ ਹਨ। ਪ੍ਰਸ਼ਾਸ਼ਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਰਾਹਤ ਕਾਰਜ ਚਲਾਏ ਜਾ ਰਹੇ ਹਨ।