ਹਾਦਸੇ ’ਚ ਕਬੱਡੀ ਖਿਡਾਰੀ ਦੀ ਮੌਤ,ਕਬੱਡੀ ਖੇਡ ਜਗਤ ਵਿਚ ਸੋਗ,ਸੀਨੀਅਰ ਅਕਾਲੀ ਆਗੂ ਰਣਵਿੰਦਰ ਪੱਪੂ ਰਾਮੂਵਾਲਾ ਨੇ ਮ੍ਰਿਤਕ ਜਗਦੀਪ ਸਿੰਘ ਦੇ ਪਿਤਾ ਗੁਰਤੇਜ ਸਿੰਘ ਦੇ ਨਾਲ ਕੀਤਾ ਹਮਦਰਦੀ ਦਾ ਇਜ਼ਹਾਰ
ਮੋਗਾ, 8 ਜੁਲਾਈ (ਜਸ਼ਨ ) ਮੋਗਾ ਦੀ ਲਾਲ ਸਿੰਘ ਰੋਡ ਮੋਗਾ ’ਤੇ ਬੈਲੇਰੋ ਗੱਡੀ ਅਤੇ ਮੋਟਰ ਸਾਈਕਲ ਵਿਚਕਾਰ ਹੋਈ ਟੱਕਰ ਵਿਚ 28 ਸਾਲਾ ਇੰਟਰਨੈਸ਼ਨਲ ਕਬੱਡੀ ਖਿਡਾਰੀ ਜਗਦੀਪ ਸਿੰਘ ਪਿੰਡ ਰਾਮੂਵਾਲਾ ਕਲਾਂ ਦੀ ਮੌਤ ਹੋ ਗਈ। ਜਦਕਿ ਉਸਦਾ ਚਚੇਰਾ ਭਰਾ ਸਤਨਾਮ ਸਿੰਘ ਇਸ ਹਾਦਸੇ ਵਿਚ ਜ਼ਖਮੀ ਹੋ ਗਿਆ,ਜਿਸ ਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ।ਸਿਵਲ ਹਸਪਤਾਲ ਮੋਗਾ ਵਿਚ ਮੌਜੂਦ ਸੀਨੀਅਰ ਅਕਾਲੀ ਆਗੂ ਰਣਵਿੰਦਰ ਪੱਪੂ ਰਾਮੂਵਾਲਾ ਅਤੇ ਪਿੰਡ ਦੇ ਹੋਰ ਲੋਕਾਂ ਨੇ ਮ੍ਰਿਤਕ ਜਗਦੀਪ ਸਿੰਘ ਦੇ ਪਿਤਾ ਗੁਰਤੇਜ ਸਿੰਘ ਦੇ ਨਾਲ ਦੁੱਖ ਪ੍ਰਗਟ ਕੀਤਾ ਅਤੇ ਪੁਲਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਬੈਲੇਰੋ ਕੈਂਪਰ ਗੱਡੀ ਦੇ ਚਾਲਕ ਦੀ ਪਛਾਣ ਕਰ ਕੇ ਉਸ ਨੂੰ ਕਾਬੂ ਕੀਤਾ ਜਾਵੇ।
ਬੀਤੀ ਰਾਤ ਹੋਏ ਇਸ ਹਾਦਸੇ ਦੀ ਜਾਣਕਾਰੀ ਮਿਲਣ ’ਤੇ ਥਾਣਾ ਸਿਟੀ ਸਾਊਥ ਦੇ ਸਹਾਇਕ ਥਾਣੇਦਾਰ ਹਰਪ੍ਰੀਤ ਸ਼ਰਮਾ ਪੁਲਸ ਪਾਰਟੀ ਸਮੇਤ ਉਥੇ ਪੁੱਜੇ ਅਤੇ ਜਾਂਚ ਆਰੰਭ ਕੀਤੀ। ਮ੍ਰਿਤਕ ਦੇ ਪਿਤਾ ਗੁਰਤੇਜ ਸਿੰਘ ਦੇ ਬਿਆਨਾਂ ’ਤੇ ਅਣਪਛਾਤੇ ਬੈਲੇਰੋ ਕੈਂਪਰ ਚਾਲਕ ਦੇ ਖਿਲਾਫ਼ ਥਾਣਾ ਸਿਟੀ ਸਾਊਥ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ। ਗੁਰਤੇਜ ਸਿੰਘ ਨੇ ਦੱਸਿਆ ਕਿ ਉਸਦਾ ਪੁੱਤਰ ਜਗਦੀਪ ਸਿੰਘ ਜੋ ਕਰੀਬ 8-9 ਸਾਲ ਤੋਂ ਕਬੱਡੀ ਖੇਡਦਾ ਆ ਰਿਹਾ ਹੈ,ਤੇ ਰੋਜ਼ਾਨਾ ਹੀ ਮੋਗਾ ਵਿਚ ਜਿੰਮ ਵਿਚ ਕਸਰਤ ਕਰਨ ਦੇ ਲਈ ਆਉਂਦਾ ਸੀ, ਬੀਤੇ ਦਿਨ 7 ਜੁਲਾਈ ਨੂੰ ਵੀ ਉਹ ਆਪਣੇ ਮੋਟਰ ਸਾਈਕਲ ’ਤੇ ਅਪਣੇ ਚਚੇਰੇ ਭਰਾ ਸਤਨਾਮ ਸਿੰਘ ਦੇ ਨਾਲ ਜਿੰਮ ’ਤੇ ਆਇਆ ਸੀ। ਜਦ ਦੇਰ ਰਾਤ ਮੋਟਰ ਸਾਈਕਲ ’ਤੇ ਵਾਪਸ ਪਿੰਡ ਆ ਰਿਹਾ ਸੀ ਤਾਂ ਜਦੋਂ ਹੀ ਉਨ੍ਹਾਂ ਦਾ ਮੋਟਰ ਸਾਈਕਲ ਲਾਲ ਸਿੰਘ ਰੋਡ ਤੋਂ ਕੋਟਕਪੂਰਾ ਬਾਈਪਾਸ ’ਤੇ ਚੜਨ ਲੱਗਾ ਤਾਂ ਇਕ ਤੇਜ ਰਫਤਾਰ ਬੈਲੇਰੋ ਕੈਂਪਰ ਗੱਡੀ ਨੇ ਉਸ ਦੇ ਮੋਟਰ ਸਾਈਕਲ ਨੂੰ ਟੱਕਰ ਮਾਰੀ, ਜਿਸ ’ਤੇ ਜਗਦੀਪ ਸਿੰਘ ਅਤੇ ਸਤਨਾਮ ਸਿੰਘ ਦੋਨੋਂ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ, ਦੋਹਾਂ ਨੂੰ ਜ਼ਖਮੀ ਹਾਲਤ ਵਿਚ ਸਿਵਲ ਹਸਪਤਾਲ ਮੋਗਾ ਪਹੁੰਚਾਇਆ ਗਿਆ। ਜਗਦੀਪ ਸਿੰਘ ਨੇ ਉਥੇ ਦਮ ਤੋੜ ਦਿੱਤਾ। ਹਾਦਸੇ ਦੀ ਜਾਣਕਾਰੀ ਮਿਲਣ ’ਤੇ ਕਬੱਡੀ ਖੇਡ ਜਗਤ ਵਿਚ ਸੋਗ ਪਾਇਆ ਜਾ ਰਿਹਾ ਹੈ । ਸਹਾਹਿਕ ਥਾਣੇਦਾਰ ਹਰਪ੍ਰੀਤ ਸ਼ਰਮਾ ਨੇ ਦੱਸਿਆ ਕਿ ਜਗਦੀਪ ਸਿੰਘ ਦੀ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਵਿਚ ਪੋਸਟਮਾਰਟਮ ਕਰਵਾਉਣ ਦੇ ਬਾਅਦ ਵਾਰਿਸਾਂ ਨੂੰ ਸੌਂਪ ਦਿੱਤਾ ਗਿਆ।