ਐੱਨ ਆਰ ਆਈ ਦੀ ਜ਼ਮੀਨ ਤੇ ਨਾਜਾਇਜ਼ ਕਬਜ਼ਾ ਕਰਨ ਦੇ ਦੋਸ਼ਾਂ 'ਤੇ ਪ੍ਰਾਪਰਟੀ ਡੀਲਰ ਖਿਲਾਫ ਮਾਮਲਾ ਦਰਜ
ਮੋਗਾ, 8 ਜੁਲਾਈ ((ਇੰਟਰਨੈਸ਼ਨਲ ਪੰਜਾਬੀ ਨਿਊਜ਼ ) ): ਐੱਨ ਆਰ ਆਈ ਦੀ ਜ਼ਮੀਨ ਤੇ ਨਾਜਾਇਜ਼ ਕਬਜ਼ਾ ਕਰਨ ਦੇ ਦੋਸ਼ਾਂ 'ਤੇ ਐਨ ਆਰ ਆਈ ਦੀ ਸ਼ਿਕਾਇਤ ਦੇ ਨਿਪਟਾਰੇ ਲਈ ਜੁਆਇੰਟ ਕਮੇਟੀ ਵੱਲੋਂ ਕੀਤੀ ਪੜਤਾਲ ਉਪਰੰਤ ਪ੍ਰਾਪਰਟੀ ਡੀਲਰ ਅੰਗਰੇਜ਼ ਸਿੰਘ ਖੋਸਾ ਖਿਲਾਫ ਥਾਣਾ ਮਹਿਣਾ, ਵਿਚ ਮਾਮਲਾ ਦਰਜ ਰਜਿਸਟਰ ਕੀਤਾ ਗਿਆ ਹੈ ।
ਐੱਫ ਆਈ ਆਰ ਮੁਤਾਬਿਕ ਦਰਖਾਸਤੀ ਗੁਰਮੇਲ ਸਿੰਘ ਤੂਰ ਦੀ ਰਿਸ਼ਤੇਦਾਰ ਸੁਰਿੰਦਰ ਕੌਰ ਅਤੇ ਉਸ ਦੀਆਂ ਤਿੰਨ ਲੜਕੀਆਂ (ਪ੍ਰਭਜੋਤ ਕੌਰ, ਜਸਪ੍ਰੀਤ ਕੋਰ ਅਤੇ ਅਮਨਪ੍ਰੀਤ ਕੌਰ) ਹਨ ਅਤੇ ਉਹਨਾ ਪਾਸ ਸਾਂਝੀ 05 ਏਕੜ ਜਮੀਨ ਹੈ ਜਿਸ ਵਿਚੋਂ ਸੁਰਿੰਦਰ ਕੌਰ ਅਤੇ ਪ੍ਰਭਜੋਤ ਕੌਰ ਨੇ ਆਪਣੇ ਹਿੱਸੇ ਆਉਂਦੀ 20 ਕਨਾਲ ਜਮੀਨ (06 ਕਨਾਲ ਅੰਗਰੇਜ਼ ਸਿੰਘ ਨੂੰ ਅਤੇ 14 ਕਨਾਲ ਕਿਸੇ ਹੋਰ ਵਿਅਕਤੀ ਨੂੰ) ਵੇਚ ਦਿੱਤੀ ਸੀ ਪਰ ਅੰਗਰੇਜ਼ ਸਿੰਘ ਨੇ ਜਸਪ੍ਰੀਤ ਕੌਰ ਅਤੇ ਅਮਨਪ੍ਰੀਤ ਕੌਰ ਦੇ ਹਿੱਸੇ ਆਉਂਦੀ 20 ਕਨਾਲ ਜ਼ਮੀਨ ’ਤੇ ਵੀ ਕਬਜ਼ਾ ਕਰ ਲਿਆ ਤੇ ਨਾਲ ਦੀ ਨਾਲ ਜਗਦੀਪ ਸਿੰਘ ਦੀ 6 ਕਨਾਲ ਜ਼ਮੀਨ ਤੇ ਵੀ ਕਬਜ਼ਾ ਕਰ ਲਿਆ । ਪੜਤਾਲ ਉਪਰੰਤ ਅੰਗਰੇਜ਼ ਸਿੰਘ ਖੋਸਾ ਖਿਲਾਫ਼ ਮੁਕੱਦਮਾ ਰਜਿਸਟਰ ਕੀਤਾ ਗਿਆ।
ਕਨੇਡਾ ਵੱਸਦੇ ਗੁਰਮੇਲ ਸਿੰਘ ਤੂਰ ਨੇ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਉਹਨਾਂ ਦੀ ਪੰਜ ਕਿਲ੍ਹੇ ਜ਼ਮੀਨ ਰੌਲੀ ਸੜਕ ’ਤੇ ਮੌਜੂਦ ਸੀ ਅਤੇ 2014 ਵਿਚ ਉਹਨਾਂ ਪ੍ਰੌਪਰਟੀ ਡੀਲਰ ਅੰਗਰੇਜ਼ ਸਿੰਘ ਖੋਸਾ ਰਾਹੀਂ ਜਗਦੀਪ ਸਿੰਘ ਜੈਮਲਵਾਲਾ ਨੂੰ ਵੇਚੀ ਸੀ ਜਿਸ ਨੇ ਢਾਈ ਕਿਲ੍ਹੇ ਜ਼ਮੀਨ ਦੀ ਰਜਿਸਟਰੀ ਕਰਵਾ ਲਈ ਪਰ ਬਾਕੀ ਢਾਈ ਕਿੱਲ੍ਹੇ ਦੀ ਰਜਿਸਟਰੀ ਅੱਜ ਤੱਕ ਨਹੀਂ ਕਰਵਾਈ । ਉਹਨਾਂ ਸ਼ਿਕਾਇਤ ਕੀਤੀ ਕਿ ਸਿਰਫ਼ ਅੱਧੀ ਜ਼ਮੀਨ ਦੀ ਰਜਿਸਟਰੀ ਹੋਣ ਦੇ ਬਾਵਜੂਦ ਜ਼ਮੀਨ ਲੈਣ ਵਾਲੇ ਨੇ ਸਾਰੀ ਪੰਜ ਕਿਲ੍ਹੇ ਜ਼ਮੀਨ ’ਤੇ ਕਬਜ਼ਾ ਕੀਤਾ ਹੋਇਆ ਹੈ।
ਡਿਪਟੀ ਕਮਿਸ਼ਨਰ ਮੋਗਾ ਵੱਲੋਂ ਐਨ ਆਰ ਆਈ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਜੁਆਇੰਟ ਕਮੇਟੀ ਵੱਲੋਂ ਕੇਸ ਨਾਲ ਸਬੰਧਤ ਦੋਨਾਂ ਧਿਰਾਂ ਨੂੰ ਜਦੋਂ ਬੁੁਲਾਇਆ ਗਿਆ ਤਾਂ ਜਗਦੀਪ ਸਿੰਘ ਨੇ ਬਿਆਨ ਦਿੱਤਾ ਕਿ ਉਹਨਾਂ 24,95,000/ ਰੁਪਏ ਬਿਆਨਾ ਗੁਰਮੇਲ ਸਿੰਘ ਤੂਰ ਨੂੰ ਦਿੱਤਾ ਹੋਇਆ ਹੈ ਅਤੇ ਉਹ ਰਜਿਸਟਰੀ ਕਰਵਾਉਣ ਲਈ ਤਿਆਰ ਹਨ । ਉਹਨਾਂ ਹੁਣ ਇਹ ਵੀ ਆਖਿਆ ਕਿ ਜ਼ਮੀਨ ਦਾ ਕਬਜ਼ਾ ਅੰਗਰੇਜ਼ ਸਿੰਘ ਤੋਂ ਛੁਡਵਾਇਆ ਜਾਵੇ ਤੇ ਉਹ ਰਜਿਸਟਰੀ ਕਰਵਾਉਣ ਨੂੰ ਤਿਆਰ ਹਨ ।
ਪੁਲਿਸ ਨੇ ਪੜਤਾਲ ਦੌਰਾਨ ਪਾਇਆ ਕਿ ਅੰਗਰੇਜ਼ ਸਿੰਘ ਖੋਸਾ ਵੱਲੋਂ ਗੁਰਮਲ ਸਿੰਘ ਤੂਰ ਪਾਸੌਂ 6 ਕਨਾਲ ਜ਼ਮੀਨ ਦੀ ਰਜਿਸਟਰੀ ਕਰਵਾਉਣ ਤੋਂ ਬਾਅਦ ਜਗਦੀਪ ਸਿੰਘ, ਜਸਪ੍ਰੀਤ ਕੌਰ ਅਤੇ ਅਮਨਪ੍ਰੀਤ ਕੌਰ ਦੀ ਕਰੀਬ 26 ਕਨਾਲ ਜ਼ਮੀਨ ’ਤੇ ਨਜ਼ਾਇਜ਼ ਤੌਰ ’ਤੇ ਕਬਜ਼ਾ ਕਰ ਰੱਖਿਆ ਹੈ ਜਿਸ ਕਰਕੇ ਅੰਗਰੇਜ਼ ਸਿੰਘ ਖੋਸਾ ਪੁੱਤਰ ਹਾਕਮ ਸਿੰਘ ਵਾਸੀ ਖੋਸਾ ਕੋਟਲਾ ਖਿਲਾਫ਼ ਧਾਰਾ 447 , 427 ਆਈ ਪੀ ਸੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਅੰਗਰੇਜ਼ ਸਿੰਘ ਖੋਸਾ ਨੇ ਆਪਣਾ ਪੱਖ ਰੱਖਦਿਆਂ ਦੱਸਿਆ ਕਿ ਉਹਨਾਂ ਸਿਰਫ਼ ਸੌਦਾ ਕਰਵਾਇਆ ਸੀ ਅਤੇ ਹੁਣ ਵੀ ਬਾਕੀ ਦੀ ਢਾਈ ਕਿੱਲੇ ਜ਼ਮੀਨ ’ਤੇ ਕਿਸੇ ਤਰਾਂ ਦਾ ਨਜ਼ਾਇਜ਼ ਕਬਜ਼ਾ ਨਹੀਂ ਹੈ । ਉਹਨਾਂ ਆਖਿਆ ਕਿ ਉਹ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਨ ਕਿ ਇਸ ਮਾਮਲੇ ਦੀ ਦੁਬਾਰਾ ਅਤੇ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਉਹਨਾਂ ਖਿਲਾਫ਼ ਹੋਏ ਪਰਚੇ ਨੂੰ ਰੱਦ ਕੀਤਾ ਜਾਵੇ।