ਮੋਗਾ ਵਿੱਚ ਖੁਲ੍ਹੇਗਾ ਸਭ ਤੋਂ ਪਹਿਲਾ ਪੰਜਾਬ ਦਾ ਯੂ.ਪੀ.ਐਸ.ਸੀ. ਕੋਚਿੰਗ ਸੈਂਟਰ:ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ

ਮੋਗਾ, 6 ਜੁਲਾਈ (ਜਸ਼ਨ)-ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਇਕ ਹੋਰ ਵੱਡਾ ਤੋਹਫਾ ਦਿੱਤਾ ਗਿਆ ਹੈ। ਮੋਗਾ ਵਿਚ ਹੁਣ ਸਭ ਤੋਂ ਪਹਿਲਾ ਯੂ.ਪੀ.ਐਸ.ਸੀ. ਕੋਚਿੰਗ ਸੈਂਟਰ ਖੁੱਲ੍ਹੇਗਾ। ਇਹ ਐਲਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬੀਤੇ ਦਿਨੀ ਮੋਗਾ ਦੇ ਚੰਦਪੁਰਾਣਾ ਟੋਲ ਪਲਾਜਾ ਨੂੰ ਬੰਦ ਕਰਵਾਉਣ ਦੇ ਮੌਕੇ ਕੀਤਾ, ਜਿਸਨੂੰ ਮੁੱਖ ਮੰਤਰੀ ਪੰਜਾਬ ਵੱਲੋਂ ਮਨਜੂਰੀ ਦੇ ਦਿੱਤੀ ਗਈ ਹੈ। ਇਸ ਸਬੰਧੀ ਅੱਜ ਮੋਗਾ ਹਲਕੇ ਦੀ ਵਿਧਾਕਿ ਡਾ. ਅਮਨਦੀਪ ਕੌਰ ਅਰੋੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਆਮ ਲੋਕਾਂ ਲਈ ਵਧੀਆ ਸੋਚ ਰੱਖਦੇ ਹਨ। ਉਹਨਾਂ ਕਿਹਾ ਕਿ ਯੂ.ਪੀ.ਐਸ.ਸੀ. ਕੋਚਿੰਗ ਲੈਣ ਲਈ ਵਿਦਿਆਰਥੀਆਂ ਨੂੰ ਦੂਜੇ ਸ਼ਹਿਰਾਂ ਜਾਂ ਦੂਜੇ ਰਾਜਾਂ ਵੱਲ ਰੁਖ਼ ਕਰਨਾ ਪੈਂਦਾ ਹੈ , ਇਸ ਕਰਕੇ ਮੋਗਾ ਵਿਖੇ ਬੀਤੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਨੇ ਮੋਗਾ ਨਿਵਾਸੀਆ ਨੂੰ ਇਹ ਵੱਡਾ ਤੋਹਫਾ ਦਿੱਤਾ ਹੈ ਅਤੇ ਇਸ ਸੈਂਟਰ ਵਿਚ ਪੰਜਾਬ ਦੇ ਨੌਜਵਾਨ ਹੁਣ ਆਈ.ਏ.ਐਸ, ਆਈ.ਪੀ.ਐਸ, ਪੀ.ਸੀ.ਐਸ ਦੀ ਕੋਚਿੰਗ ਦੀ ਤਿਆਰੀ ਮੁਫਤ ਕਰ ਸਕਣਗੇ। ਉਹਨਾਂ ਕਿਹਾ ਕਿ ਪੰਜਾਬ ਦੀ ਮਾਨ ਸਰਾਰ ਵੱਲੋਂ ਪੰਜਾਬ ਦੇ ਲਈ ਲਗਾਤਾਰ ਇਤਿਹਾਸਿਕ ਫੈਸਲੇ ਲਏ ਜਾ ਰਹੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਧੀਆ ਸੋਚ ਹੈ ਕਿ ਯੂਪੀ.ਐਸ.ਸੀ. ਕੋਚਿੰਗ ਸੈਂਟਰਾਂ ਦੀ ਸ਼ੁਰੂਆਤ ਕਰਨਾ ਜਾਤ ਪਾਤ ਨੂੰ ਦੂਰ ਰੱਖ ਕੇ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਡਿਪਟੀ ਕਮਿਸ਼ਨਰ ਨੂੰ ਕੋਚਿੰਗ ਸੈਂਟਰ ਦੀ ਸ਼ੁਰੂਆਤ ਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਅਤੇ ਇਹ ਕੋਚਿੰਗ ਸੈਂਟਰ ਇਕ ਤੋਂ ਦੋ ਮਹੀਨੇ ਵਿਚ ਸੁਰੂ ਹੋ ਜਾਵੇਗਾ।  ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਵਿਦਿਆਰਥੀਆਂ ਦੀ ਪੜ੍ਹਾਈ  ਨੂੰ ਵਧੀਆ ਅਤੇ ਉਹਨਾਂ ਦੇ ਭਵਿੱਖ ਨੂੰ ਉੱਜਵਲ ਬਣਾਉਣ ਲਈ ਸਕੂਲ ਆਫ ਐਮੀਨੈਂਸ ਪੰਜਾਬ ਵਿਚ ਬਣਾਏ ਗਏ ਹਨ ਅਤੇ ਹੋਰ ਵੀ ਬਣਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਮੁੱਹਲਾ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਵਿਚ ਆਮ ਲੋਕ ਮੈਡੀਕਲ ਸਹੂਲਤਾਂ ਦਾ ਲਾਭ ਹਾਸਲ ਕਰ ਰਹੇ ਹਨ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਹੋਰ ਵੀ ਇਤਿਹਾਸਿਕ ਫੈਸਲੇ ਲਏ ਜਾ ਰਹੇ ਹਨ। ਉਹਨਾਂ ਕਿਹਾ ਕਿ ਉਹਨਾਂ ਦਾ ਮੁੱਖ ਟੀਚਾ ਹੈ ਕਿ ਮੋਗਾ ਸ਼ਹਿਰ ਨੂੰ ਵਿਕਾਸ ਪੱਖੋ ਮੋਹਰੀ ਬਣਾਉਣਾ ਹੈ। ਉਹਨਾਂ ਕਿਹਾ ਕਿ ਕਿਸੇ ਨੂੰ ਕਿਸੇ ਪ੍ਰਕਾਰ ਦੀ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਹਨਾਂ ਦੇ ਧਿਆਨ ਵਿਚ ਲਿਆਂਦਾ ਜਾਵੇ, ਜਿਸਦਾ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ।