ਜ਼ਿਲ੍ਹਾ ਟਾਸਕ ਫੋਰਸ ਵੱਲੋਂ ਬਾਲ ਮਜ਼ਦੂਰੀ/ਬਾਲ ਭਿਖਿਆ ਰੋਕਣ ਲਈ ਮੋਗਾ ਵਿਖੇ ਛਾਪੇਮਾਰੀਆਂ ਜਾਰੀ
*ਆਮ ਲੋਕਾਂ ਨੂੰ ਬਾਲ ਮਜ਼ਦੂਰੀ ਅਪਰਾਧ ਅਤੇ ਇਸ ਨਾਲ ਹੋਣ ਵਾਲੀਆਂ ਕਾਨੂੰਨੀ ਕਾਰਵਾਈਆਂ ਬਾਰੇ ਵੀ ਕੀਤਾ ਜਾ ਰਿਹੈ ਜ਼ਾਗਰੂਕ-ਪਰਮਜੀਤ ਕੌਰ
ਮੋਗਾ, 28 ਜੂਨ: (ਜਸ਼ਨ ) : ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਦੇ ਹੁਕਮਾਂ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਲਬਹਾਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਾਲ ਮਜਦੂਰੀ ਅਤੇ ਬਾਲ ਭਿਖਿਆ ਰੋਕਣ ਲਈ ਬਾਲ ਮਜ਼ਦੂਰੀ ਰੋਕੂ ਜ਼ਿਲ੍ਹਾ ਟਾਸਕ ਫੋਰਸ ਵੱਲੋਂ ਛਾਪੇਮਾਰੀਆਂ ਅਤੇ ਜਾਗਰੂਕਤਾ ਗਤੀਵਿਧੀਆਂ ਨੂੰ ਪੂਰੇ ਜੋਰਾਂ 'ਤੇ ਚਲਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਪਰਮਜੀਤ ਕੌਰ ਨੇ ਦੱਸਿਆ ਕਿ ਬਾਲ ਮਜ਼ਦੂਰੀ ਅਤੇ ਬਾਲ ਭਿਖਿਆ ਵਿਰੁੱਧ ਇਹ ਜਾਰੀ ਇਹ ਗਤੀਵਿਧੀਆਂ 30 ਜੂਨ, 2023 ਤੱਕ ਜਾਰੀ ਰਹਿਣਗੀਆਂ। ਇਸ ਮੁਹਿੰਮ ਦੀ ਲਗਾਤਰਤਾ ਵਿੱਚ ਜ਼ਿਲ੍ਹਾ ਟਾਸਕ ਫੋਰਸ ਵੱਲੋਂ ਮਿਤੀ 28 ਜੂਨ ਨੂੰ ਮੋਗਾ ਸ਼ਹਿਰ ਦੇ ਵੱਖ-ਵੱਖ ਸਥਾਨਾਂ ਉੱਪਰ ਬਾਲ ਮਜਦੂਰੀ ਅਤੇ ਬਾਲ ਭਿਖਿਆ ਨੂੰ ਰੋਕਣ ਲਈ ਜਾਗਰੂਕਤਾ ਗਤੀਵਿਧੀਆ ਤੋਂ ਇਲਾਵਾ ਛਾਪੇਮਾਰੀ ਕੀਤੀ ਗਈ ਤਾਂ ਜੋ ਬਾਲ ਮਜਦੂਰੀ ਅਤੇ ਬਾਲ ਭਿਖਿਆ ਨੂੰ ਰੋਕਿਆ ਜਾ ਸਕੇ।ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਮਾਰਕੀਟ ਐਸੋਸੀਏਸ਼ਨ ਅਤੇ ਫੱਕਰ ਬਾਬਾ ਦਾਮੂੰਸ਼ਾਹ ਦੀ ਮੈਨਜਮੈਂਟ ਕਮੇਟੀ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ ਅਤੇ ਉਨ੍ਹਾਂ ਨੂੰ ਬਾਲ ਮਜਦੂਰੀ ਅਤੇ ਬਾਲ ਭਿਖਿਆ ਕਰਵਾਉਣ ਨਾਲ ਹੋਣ ਵਾਲੀ ਸਜਾ ਅਤੇ ਜੁਰਮਾਨੇ ਬਾਰੇ ਜਾਣੂ ਕਰਵਾਇਆ ਗਿਆ। ਇਸ ਦੌਰਾਨ ਜਿਲ੍ਹਾ ਟਾਸਕ ਫੋਰਸ ਵੱਲੋਂ ਦੁਕਾਨ ਮਾਲਕਾਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਕੋਈ ਵੀ ਬੱਚਾ, ਜਿਸ ਦੀ ਉਮਰ 14 ਸਾਲ ਤੋਂ ਘੱਟ ਹੈ, ਤੁਹਾਡੇ ਕੋਲ ਕੰਮ ਲਈ ਆਉਂਦਾ ਹੈ ਤਾਂ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਅਜਿਹੇ ਬੱਚੇ ਉਨ੍ਹਾਂ ਨੂੰ ਮਿਲਦੇ ਹਨ ਤਾਂ ਉਨ੍ਹਾਂ ਬੱਚਿਆਂ ਨੂੰ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ ਜਾਵੇ ਤੇ ਇਸ ਸਬੰਧੀ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਨੂੰ ਵੀ ਸੂਚਿਤ ਕੀਤਾ ਜਾਵੇ।ਇਸ ਮੌਕੇ ਤੇ ਜਿਲ੍ਹਾ ਟਾਸਕ ਫੋਰਸ ਵੱਲੋਂ ਜਨਤਾ ਨੂੰ ਅਪੀਲ ਕੀਤੀ ਗਈ ਕਿ ਇਸ ਬਿਮਾਰੀ ਨੂੰ ਜੜ੍ਹੋਂ ਖਤਮ ਕਰਨ ਲਈ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ। ਇਸ ਮੌਕੇ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਤੋਂ ਬਾਲ ਸੁਰੱਖਿਆ ਅਫ਼ਸਰ ਸੁਖਵੀਰ ਕੌਰ, ਬਾਲ ਭਲਾਈ ਕਮੇਟੀ ਮੋਗਾ ਤੋਂ ਮੈਂਬਰ ਬਲਵਿੰਦਰ ਸਿੰਘ ਸੰਧੂ, ਸਿਹਤ ਵਿਭਾਗ ਤੋਂ ਕਰਮਵੀਰ ਕੌਰ, ਪੁਲਿਸ ਵਿਭਾਗ ਤੋਂ ਏ.ਐਸ.ਆਈ. ਜਗਸੀਰ ਸਿੰਘ ਅਤੇ ਹੈੱਡ ਕਾਂਸਟੇਬਲ ਹਰਵਿੰਦਰ ਸਿੰਘ ਆਦਿ ਹਾਜਰ ਸਨ।