ਮੁੱਖ ਮੰਤਰੀ ਭਗਵੰਤ ਮਾਨ ਨੌਜਵਾਨਾਂ ਨੂੰ, ਸਰਕਾਰੀ ਨੌਕਰੀਆਂ ਮੁਹਈਆ ਕਰਵਾਵੇ ਅਤੇ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਭੱਤਾ ਦੇਵੇ : ਨਿਹਾਲ ਸਿੰਘ ਤਲਵੰਡੀ ਭੰਗੇਰੀਆਂ

ਮੋਗਾ, 27 ਜੂਨ (ਜਸ਼ਨ ) : ‘ਮੁੱਖ ਮੰਤਰੀ ਭਗਵੰਤ ਮਾਨ ਆਪਣਾ ਵਾਅਦਾ ਵਫ਼ਾ ਕਰਦਿਆਂ ਨੌਜਵਾਨਾਂ ਨੂੰ ਤੁਰੰਤ ਰੋਜ਼ਗਾਰ ਦੇਣ ਲਈ ਸਰਕਾਰੀ ਅਦਾਰਿਆਂ ਵਿਚ ਭਰਤੀ ਸ਼ੁਰੂ ਕਰੇ ਅਤੇ ਜਦ ਤੱਕ ਸਾਰੇ ਬੇਰੋਜ਼ਗਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਹਾਸਲ ਨਹੀਂ ਹੋ ਜਾਂਦੀਆਂ ਤਦ ਤੱਕ ਰੋਜ਼ਗਾਰ ਭੱਤਾ ਦਿੱਤਾ ਜਾਵੇ’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਨੇ ਪੇਂਡੂ ਪਿੱਠ ਭੂਮੀ ਵਾਲੇ ਨੌਜਵਾਨਾਂ ਦੇ ਸਮੂਹ ਨੂੰ ਸੰਬੋਧਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।   ਸਰਕਲ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਨੇ ਆਖਿਆ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਨੌਜਵਾਨਾਂ ਨੂੰ ਸਰਕਾਰੀ ਖੇਤਰ ਦੀਆਂ ਨੌਕਰੀਆਂ ਮੁਹਈਆ ਕਰਵਾਉਣ ਦਾ ਵਾਅਦਾ ਕੀਤਾ ਸੀ ਖਾਸਕਰ ਮੁੱਖ ਮੰਤਰੀ ਨੇ ਸਹੁੰ ਚੁੱਕਦਿਆਂ ਪਹਿਲੇ ਦਿਨ ਹੀ ਹਰੇ ਪੈਨ ਦੀ ਵਰਤੋਂ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਹੁਕਮਾਂ ’ਤੇ ਕਰਨ ਦਾ ਵਾਅਦਾ ਕੀਤਾ ਸੀ ਜੋ ਇਕ ਸਾਲ ਬੀਤਣ ਦੇ ਬਾਜਵਜੂਦ ਵਫ਼ਾ ਨਹੀਂ ਹੋ ਸਕਿਆ ਅਤੇ ਅੱਜ ਵੀ ਲੱਖਾਂ ਬੇਰਜ਼ਗਾਰ ਨੌਜਵਾਨ ਵੱਖ ਵੱਖ ਵਿਭਾਗੀ ਟੈਸਟਾਂ ਦੀ ਘੁੰਮਣਘੇਰੀ ਵਿਚ ਫਸੇ, ਨੌਕਰੀਆਂ ਲਈ ਦਰ ਬ ਦਰ ਭਟਕ ਰਹੇ ਹਨ ਪਰ ਉਹਨਾਂ ਦੀ ਝੋਲੀ ਅੱਜ ਵੀ ਖਾਲ੍ਹੀ ਹੈ। ਉਹਨਾਂ ਆਖਿਆ ਕਿ ਇਹੀ ਹਾਲ ਆਮ ਆਦਮੀ ਪਾਰਟੀ ਦੇ ਉਸ ਵਾਅਦੇ ਦਾ ਵੀ ਹੋਇਆ ਜਿਸ ਤਹਿਤ ਉਹਨਾਂ ਮਹਿਲਾਂਵਾਂ ਨੂੰ 1000 ਰੁਪਏ ਮਹੀਨਾ ਦੇਣਾ ਸੀ। ਸਰਪੰਚ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਨੇ ਆਖਿਆ ਕਿ ਨਿਰਾਸ਼ਾ ਦੇ ਆਲਮ ਵਿਚ ਇਹ ਨੌਜਵਾਨ ਜਾਂ ਤਾਂ ਕਰਜ਼ੇ ਚੁੱਕ ਕੇ ਵਿਦੇਸ਼ੀਂ ਜਾਣ ਦੀ ਤਾਕ ਵਿਚ ਰਹਿੰਦੇ ਨੇ ਤੇ ਜਾਂ ਪਰੇਸ਼ਾਨੀ ਕਾਰਨ ਨਸ਼ਿਆਂ ਦੀ ਦਲਦਲ ਵਿਚ ਫਸ ਰਹੇ ਹਨ।  ਇਸ ਮੌਕੇ ਗੁਰਜੰਟ ਸਿੰਘ ਪ੍ਰਧਾਨ , ਬਲਕਰਨ ਸਿੰਘ ਭੁੱਲਰ, ਜੀਵਨ ਭੁੱਲਰ , ਹੈਪੀ ਤਤਾਰੀਏ ਵਾਲਾ, ਸਤਨਾਮ ਸਿੰਘ ਪਾਲੀ, ਲਖਵੀਰ ਸਿੰਘ, ਹਰਦਿਆਲ ਸਿੰਘ, ਗੁਰਤੇਜ ਸਿੰਘ, ਮੁਕੰਦ ਭੁੱਲਰ , ਸਲਮਾਨ , ਸਾਹਿਲ, ਪਾਲ ਧਾਲੀਵਾਲ,ਜਸਦੀਪ ਧਾਲੀਵਾਲ, ਤੇਜੀ ਦੁਸਾਂਝ , ਅਕਾਸ਼ੀ ਦੁਸਾਂਝ, ਰਾਮਜੋਤ ਅਤੇ ਅਨੇਕਾ ਨੌਜਵਾਨ ਹਾਜ਼ਰ ਸਨ।