ਗੋਲੀਬਾਰੀ 'ਚ ਸ਼ਿਵ ਸੈਨਾ ਆਗੂ, ਉਸਦਾ ਪੁੱਤਰ ਅਤੇ ਭਰਾ ਜ਼ਖਮੀ,ਹਾਲਤ ਗੰਭੀਰ
ਬਟਾਲਾ, ਮੋਗਾ, 24 ਜੂਨ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) ਬਟਾਲਾ ਦੇ ਸਿਟੀ ਰੋਡ 'ਤੇ ਇਲੈਕਟ੍ਰਾਨਿਕ ਦੇ ਸ਼ੋਅਰੂਮ ਮਾਲਕ ਸਮੇਤ ਤਿੰਨ ਜਣਿਆਂ 'ਤੇ ਦੋ ਵਿਅਕਤੀਆਂ ਨੇ ਸ਼ਰੇਆਮ ਗੋਲ਼ੀਆਂ ਚਲਾ ਦਿੱਤੀਆਂ। ਇਸ ਦੌਰਾਨ ਦੁਕਾਨਦਾਰ ਸ਼ਿਵ ਸੈਨਾ ਸਮਾਜਵਾਦੀ ਦੇ ਆਗੂ ਰਾਜੀਵ ਮਹਾਜਨ, ਉਨ੍ਹਾਂ ਦਾ ਭਰਾ ਅਨਿਲ ਮਹਾਜਨ ਤੇ ਪੁੱਤਰ ਮਾਨਵ ਮਹਾਜਨ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਬਟਾਲਾ ਦੇ ਇੱਕ ਨਿੱਜੀ ਹਸਪਤਾਲ 'ਚ ਇਲਾਜ ਲਈ ਦਾਖਲ ਕਰਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਨੂੰ ਦੇਖਦਿਆਂ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਸੀ ਸੀ ਟੀ ਵੀ ਦੀ ਜਾਂਚ ਕਰ ਰਹੀ ਹੈ । ਇੱਥੇ ਇਹ ਵੀ ਦੱਸਣਯੋਗ ਹੈ ਕਿ ਦੁਕਾਨਦਾਰ ਰਾਜੀਵ ਮਹਾਜਨ ਸ਼ਿਵ ਸੈਨਾ ਸਮਾਜਵਾਦੀ ਦੇ ਸੰਗਠਨ ਮੰਤਰੀ ਹਨ। ਹਸਪਤਾਲ ਚ ਜ਼ੇਰੇ ਇਲਾਜ ਅਨਿਲ ਮਹਾਜਨ ਨੇ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਕਰੀਬ 12 ਵਜੇ ਇਕ ਨੌਜਵਾਨ ਨੇ ਕਿਹਾ ਕਿ ਉਸਨੇ ਐਲ ਈ ਡੀ ਲੈਣੀ ਹੈ ਤੇ ਉਹ ਨੌਜਵਾਨ ਦੁਬਾਰਾ ਦੁਕਾਨ ਤੋਂ ਚਲਾ ਗਿਆ। ਏਨੇ ਚਿਰ ਨੂੰ ਉਸ ਦੇ ਨਾਲ ਇਕ ਹੋਰ ਨੌਜਵਾਨ ਅੰਦਰ ਆ ਗਿਆ ਤੇ ਉਨ੍ਹਾਂ ਨੇ ਸਾਡੇ ਉੱਤੇ ਤਾਬੜ-ਤੋੜ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਨਾਲ ਉਹ, ਉਨ੍ਹਾਂ ਦਾ ਭਰਾ ਤੇ ਬੇਟਾ ਗੰਭੀਰ ਜ਼ਖ਼ਮੀ ਹੋ ਗਏ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਸਿਟੀ ਲਲਿਤ ਕੁਮਾਰ ਤੇ ਹੋਰ ਪੁਲਿਸ ਅਧਿਕਾਰੀ ਮੌਕੇ 'ਤੇ ਪੁੱਜ ਗਏ ਹਨ। ਉਹਨਾਂ ਘਟਨਾ ਬਾਰੇ ਦਸਦੇ ਕਿਹਾ ਕਿ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਕੇਸ ਦਰਜ ਕਰ ਦਿਤਾ ਗਿਆ ਹੈ ਸੀ ਸੀ ਟੀ ਵੀ ਖੰਗਾਲੀਆ ਜਾ ਰਹੀਆਂ ਹਨ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।