ਆਮ ਆਦਮੀ ਪਾਰਟੀ ਨੇ 'ਗੁਰਬਾਣੀ ਪ੍ਰਸਾਰਣ' ਨੂੰ ਨਿੱਜੀ ਮਲਕੀਅਤ ਬਣਾਉਣ ਵਾਲੇ ਚੈਨਲ ਦੇ ਝੂਠ ਦਾ ਕੀਤਾ ਪਰਦਾਫਾਸ਼, 'ਸਰਬੱਤ ਦੇ ਭਲੇ' ਦਾ ਸੁਨੇਹਾ ਦੇਣ ਵਾਲੀ ਗੁਰਬਾਣੀ ਦਾ ਨਿੱਜੀਕਰਨ ਅਤੇ ਵਪਾਰੀਕਰਨ ਕਰਕੇ ਪੀਟੀਸੀ ਨੇ ਕਮਾਏ ਕਰੋੜਾਂ- ਮਲਵਿੰਦਰ ਸਿੰਘ ਕੰਗ

ਚੰਡੀਗੜ੍ਹ, 21 ਜੂਨ (ਇੰਟਰਨੈਸ਼ਨਲ  ਪੰਜਾਬੀ  ਨਿਊਜ਼ ) : ਗੁਰਬਾਣੀ ਸਭ ਦੀ ਸਾਂਝੀ ਹੈ ਪਰ ਅਫ਼ਸੋਸ ਕਿ ਅੱਜ ਇੱਕ ਨਿੱਜੀ ਚੈਨਲ ਬ੍ਰੋਡਕਾਸਟਿੰਗ ਦੇ ਅਧਿਕਾਰ ਹਾਸਿਲ ਕਰ ਜਿੱਥੇ ਇਸਤੋਂ ਕਰੋੜਾਂ ਕਮਾ ਰਿਹਾ ਹੈ, ਉੱਥੇ ਉਸ ਚੈਨਲ ਦੇ ਐੱਮ.ਡੀ ਵੱਲੋਂ ਗੁਰਬਾਣੀ ਪ੍ਰਸਾਰਣ ਦੇ ਸਾਰਿਆਂ ਲਈ ਮੁਫ਼ਤ ਹੋਣ ਦਾ ਢੌਂਗ ਕਰ ਸੰਗਤ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। 

ਆਮ ਆਦਮੀ ਪਾਰਟੀ ਵੱਲੋਂ ਚੰਡੀਗੜ੍ਹ ਪਾਰਟੀ ਦਫ਼ਤਰ ਵਿਖੇ ਕੀਤੀ ਗਈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ 'ਆਪ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਾਨਕ ਨਾਮ-ਲੇਵਾ ਸੰਗਤਾਂ ਦੀ ਮੰਗ 'ਤੇ ਗੁਰਬਾਣੀ ਨੂੰ ਦੁਨੀਆਂ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਲਈ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੁਰਬਾਣੀ ਦੇ ਹੁੰਦੇ ਪ੍ਰਸਾਰਣ ਨੂੰ ਹਰ ਇੱਕ ਲਈ ਮੁਫ਼ਤ ਕਰਨ ਦਾ ਇਤਿਹਾਸਕ ਫ਼ੈਸਲਾ ਕੀਤਾ ਗਿਆ ਹੈ। 

ਮਲਵਿੰਦਰ ਕੰਗ ਨੇ ਦੱਸਿਆ ਕਿ ਪਿਛਲੇ ਲਗਭਗ ਢੇਡ ਦਹਾਕੇ ਤੋਂ ਵੀ ਜ਼ਿਆਦਾ ਸਮੇਂ ਤੋਂ ਸ਼੍ਰੋਮਣੀ ਕਮੇਟੀ ਨੇ ਗੁਰਬਾਣੀ ਪ੍ਰਸਾਰਣ ਦੇ ਹੱਕ ਪੀਟੀਸੀ ਚੈਨਲ ਨੂੰ ਦੇ ਰੱਖੇ ਹਨ, ਜੋ ਕਿ ਸਭ ਜਾਣਦੇ ਹਨ ਕਿ ਕਿਸਦਾ ਚੈਨਲ ਹੈ! ਕੰਗ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਇੱਕ ਕਮੇਟੀ ਦੀ ਰਿਪੋਰਟ ਦੇ ਅਧਾਰ 'ਤੇ ਦੱਸਿਆ ਕਿ ਗੁਰਬਾਣੀ ਪ੍ਰਸਾਰਣ ਦੇ ਮੁਫ਼ਤ ਹੋਣ ਦੇ ਦਾਅਵੇ ਕਰਨ ਵਾਲਾ ਇਹ ਚੈਨਲ ਕਿਵੇਂ 16 ਸਾਲਾਂ ਵਿੱਚ ਆਪਣਾ ਵਪਾਰਕ ਵਾਧਾ ਤਿੰਨ ਕਰੋੜ ਤੋਂ ਇੱਕ ਹਜ਼ਾਰ ਕਰੋੜ ਰੁਪਏ ਤੱਕ ਲੈ ਗਿਆ।

ਪੀਟੀਸੀ ਦੇ ਐੱਮ.ਡੀ ਵੱਲੋਂ ਗੁਰਬਾਣੀ ਨਾ ਵੇਚਣ ਦੇ ਦਾਅਵਿਆਂ ਦਾ ਖੰਡਨ ਕਰਦਿਆਂ ਮਲਵਿੰਦਰ ਕੰਗ ਨੇ ਸਬੂਤ ਪੇਸ਼ ਕਰਦਿਆਂ ਕਿਹਾ ਕਿ  ਭਰ ਵਿੱਚ ਵੱਸਦੇ ਸਿੱਖਾਂ ਅਤੇ ਪੰਜਾਬੀਆਂ ਨੂੰ ਗੁਰਬਾਣੀ ਸਰਵਣ ਕਰਨ ਲਈ ਪੀਟੀਸੀ ਦੀ ਐਪ ਡਾਊਨਲੋਡ ਕਰਨੀ ਪੈਂਦੀ ਹੈ ਜਾਂ ਇਸਦੀ ਸਬਸਕ੍ਰਿਪਸ਼ਨ ਲੈਣ ਵਾਸਤੇ ਵੱਖ-ਵੱਖ ਦੇਸ਼ਾਂ ਦੇ ਅਨੁਸਾਰ ਮਹੀਨਾਵਾਰ ਕੀਮਤਾਂ ਦੇਣੀਆਂ ਪੈਂਦੀਆਂ ਹਨ, ਫ਼ਿਰ ਗੁਰਬਾਣੀ ਪ੍ਰਸਾਰਣ ਫ੍ਰੀ ਕਿਵੇਂ ਰਹਿ ਗਿਆ! ਅਤੇ ਜੇਕਰ ਇਹ ਸੱਚਮੁੱਚ ਸਭ ਲਈ ਮੁਫ਼ਤ ਹੈ ਤਾਂ ਇਸਦਾ ਟੈਲੀਕਾਸਟ ਕਿਸੇ ਹੋਰ ਚੈਨਲ 'ਤੇ ਕਿਉਂ ਨਹੀਂ ਹੋ ਰਿਹਾ? 

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਸਵਾਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਮੁਫ਼ਤ ਗੁਰਬਾਣੀ ਪ੍ਰਸਾਰਣ ਦੇ ਮਾਨ ਵੱਲੋਂ ਕੀਤੇ ਫ਼ੈਸਲੇ ਨੂੰ ਪੰਥ 'ਤੇ ਹਮਲਾ ਕਿਸ ਆਧਾਰ ਉੱਪਰ ਕਰਾਰ ਦੇ ਰਹੇ ਹਨ? ਜਦਕਿ ਹਰ ਕੋਈ ਜਾਣਦਾ ਹੈ ਕਿ ਗੁਰਬਾਣੀ ਪ੍ਰਸਾਰਣ ਦੇ ਅਧਿਕਾਰ ਹਾਸਿਲ ਕਰ ਜਿੱਥੇ ਟੀ.ਆਰ.ਪੀ, ਇਸ਼ਤਿਹਾਰਬਾਜ਼ੀ ਆਦਿ ਰਾਹੀਂ ਨਿੱਜੀ ਚੈਨਲ ਅਤੇ ਇੱਕ ਪਰਿਵਾਰ ਨੇ ਕਰੋੜਾਂ ਕਮਾਏ, ਉੱਥੇ ਉਨ੍ਹਾਂ ਇਸਤੋਂ ਆਪਣੇ ਸੌੜੇ ਰਾਜਨੀਤਕ ਲਾਭ ਵੀ ਪ੍ਰਾਪਤ ਕੀਤੇ। ਸਿੱਖਾਂ ਦੀ ਇਸਤੋਂ ਵੱਡੀ ਤ੍ਰਾਸਦੀ ਕੀ ਹੋਵੇਗੀ ਕਿ ਪਿਛਲੇ ਸਾਲ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਗੁਰਬਾਣੀ ਪ੍ਰਸਾਰਣ ਲਈ ਆਪਣਾ ਚੈਨਲ ਬਣਾਉਣ ਦਾ ਆਦੇਸ਼ ਦਿੱਤਾ ਗਿਆ ਸੀ, ਪਰ ਬਜਾਏ ਉਸਨੂੰ ਮੰਨਣ ਦੇ ਅੱਜ ਸਿੰਘ ਸਾਹਿਬ ਨੂੰ ਹੀ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ। ਕੰਗ ਨੇ ਫ਼ਿਕਰ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਕਿੰਨੀ ਅਫ਼ਸੋਸ ਦੀ ਗੱਲ ਹੈ ਕਿ ਇੱਕ ਚੈਨਲ ਅਤੇ ਇੱਕ ਪਰਿਵਾਰ ਦੀ ਰਾਜਨੀਤੀ ਬਚਾਉਣ ਲਈ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪੂਰੀ ਸ਼੍ਰੋਮਣੀ ਕਮੇਟੀ ਨੂੰ ਦੀ ਸਾਖ਼ ਨੂੰ ਦਾਅ 'ਤੇ ਲਾ ਰੱਖਿਆ ਹੈ।

ਅੰਤ ਵਿੱਚ ਕਰੋੜਾਂ ਸੰਗਤਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਗੁਰਬਾਣੀ ਦੇ ਸਭ ਲਈ ਮੁਫ਼ਤ ਪ੍ਰਸਾਰਣ ਦੇ ਮੁੱਖ-ਮੰਤਰੀ ਭਗਵੰਤ ਮਾਨ  ਵੱਲੋਂ ਲਏ ਫ਼ੈਸਲੇ ਲਈ ਮਲਵਿੰਦਰ ਕੰਗ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਰਕਾਰ ਦਾ ਮਕਸਦ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਅਨੁਸਾਰ ਗੁਰਬਾਣੀ ਦੇ ਪ੍ਰਚਾਰ-ਪਸਾਰ ਨੂੰ ਘਰ-ਘਰ ਪਹੁੰਚਾਉਣਾ ਹੀ ਹੈ ਅਤੇ ਮਾਨ ਸਰਕਾਰ ਨੇ ਆਪਣਾ ਫ਼ਰਜ਼ ਨਿਭਾ ਦਿੱਤਾ ਹੈ, ਹੁਣ ਇਹ ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣਾ ਫਰਜ਼ ਅਦਾ ਕਰੇ।