ਮੋਗਾ ‘ਚ ਭਾਰਤੀ ਜਨਤਾ ਪਾਰਟੀ ਦੀ ਮੋਗਾ ਇਕਾਈ ਵੱਲੋਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਮੋਗਾ, 21 ਜੂਨ (ਜਸ਼ਨ): ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਯੋਗ ਰਾਹੀਂ ਦੇਸ਼ਵਾਸੀਆਂ ਨੂੰ ਤੰਦਰੁਸਤ ਰੱਖਣ ਦੀ ਮੁਹਿੰਮ ਤਹਿਤ ਭਾਰਤੀ ਜਨਤਾ ਪਾਰਟੀ ਦੀ ਮੋਗਾ ਇਕਾਈ ਵੱਲੋਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ । ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਡਾ: ਸੀਮਾਂਤ ਗਰਗ ਦੀ ਅਗਵਾਈ ਵਿਚ ਹੋਏ ਯੋਗ ਅਭਿਆਸ ਦੌਰਾਨ ਭਾਜਪਾ ਆਗੂ , ਵਰਕਰ ਅਤੇ ਆਮ ਲੋਕ ਮੋਗਾ ਦੇ ਨੇਚਰ ਪਾਰਕ ਵਿਖੇ ਇਕੱਤਰ ਹੋਏ ਅਤੇ ਯੋਗ ਆਸਨ ਕੀਤੇ।
‘ਰਾਧੇ ਰਾਧੇ ਟਰੱਸਟ’ ਤੋਂ ਯੋਗ ਗੁਰੂ ਰਾਜਸ਼ੀ੍ਰ ਸ਼ਰਮਾ ਨੇ ਸ਼ਹਿਰ ਦੀਆਂ ਮਹਿਲਾਵਾਂ ਅਤੇ ਆਮ ਲੋਕਾਂ ਨੂੰ ਵੱਖ ਵੱਖ ਤਰਾਂ ਦੇ ਯੋਗ ਆਸਨ ਕਰਵਾਏ ਅਤੇ ਯੋਗਾਂ ਦੀ ਮਹੱਤਤਾ ਤੋਂ ਜਾਣੂੰ ਕਰਵਾਇਆ।ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ: ਸੀਮਾਂਤ ਗਰਗ ਨੇ ਖੁਦ ਯੋਗ ਆਸਨ ਕਰਦਿਆਂ ਸ਼ਹਿਰਵਾਸੀਆਂ ਨੂੰ ਸਰੀਰਕ ਤੰਦਰੁਸਤੀ ਬਰਕਰਾਰ ਰੱਖਣ ਲਈ ਯੋਗ ਨੂੰ ਆਪਣੇ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ ਦਾ ਅਹਿਦ ਦਿਵਾਇਆ ।ਉਹਨਾਂ ਆਖਿਆ ਕਿ ਵਿਸ਼ਵ ਭਰ ਵਿਚ ਮਨਾਏ ਜਾਂਦੇ ਅੰਤਰਰਾਸ਼ਟਰੀ ਯੋਗ ਦਿਵਸ ਦਾ ਮੰਤਵ ਯੋਗਾ ਦੇ ਅਨੇਕ ਲਾਭਾਂ ਬਾਰੇ ਆਮ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਦੇ ਨਾਲ ਨਾਲ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਤੰਦਰੁਸਤੀ ਲਈ ਇਸ ਦੀ ਸੰਪੂਰਨ ਪਹੁੰਚ ਨੂੰ, ਉਤਸ਼ਾਹਿਤ ਕਰਨ ਲਈ ਇੱਕ ਮੰਚ ਵਜੋਂ ਕੰਮ ਕਰਨਾ ਹੈ। ਉਹਨਾਂ ਆਖਿਆ ਕਿ ਸਦੀਆਂ ਤੋਂ ਗੁਰੂਆਂ, ਪੀਰਾਂ ਫਕੀਰਾਂ ਅਤੇ ਰਿਸ਼ੀਆਂ ਮੁਨੀਆਂ ਦੇ ਮੰਥਨ ਤੋਂ ਬਾਅਦ ਯੋਗ ਅਜਿਹੇ ਅਭਿਆਸ ਵਜੋਂ ਸਥਾਪਿਤ ਹੋ ਸਕਿਆ ਹੈ ਜਿਸ ਸਦਕਾ ਕੋਈ ਵੀ ਵਿਅਕਤੀ ਤੰਦਰੁਸਤੀ ਭਰਪੂਰ ਲੰਮੀ ਉਮਰ ਭੋਗ ਸਦਕਾ ਹੈ। ਉਹਨਾਂ ਆਖਿਆ ਕਿ ਇਹੀ ਵਜਹ ਹੈ ਕਿ ਪੂਰੇ ਵਿਸ਼ਵ ਲਈ ਭਾਰਤ ‘ਯੋਗ ਗੁਰੂ’ ਵਜੋਂ ਆਪਣੀ ਪਛਾਣ ਬਣਾਉਣ ਵਿਚ ਸਫ਼ਲ ਹੋਇਆ ਹੈ। ਡਾ: ਸੀਮਾਂਤ ਨੇ ਆਖਿਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਕ੍ਰਿਸ਼ਮਈ ਅਤੇ ਮਿਕਨਾਤੀਸੀ ਸ਼ਖਸੀਅਤ ਦੀ ਬਦੌਲਤ, ਯੋਗ ਨੂੰ ਵਿਸ਼ਵ ਪੱਧਰ ’ਤੇ ਮਾਨਤਾ ਮਿਲੀ ਹੈ ਅਤੇ ਅੱਜ ਦੁਨੀਆਂ ਭਰ ਵਿਚ ਯੋਗ ਦਿਵਸ ਮਨਾਇਆ ਜਾ ਰਿਹਾ ਹੈ।ਇਸ ਮੌਕੇ ਯੋਗ ਅਭਿਆਸੀਆਂ ਨੂੰ ਬਲੱਡ ਪ੍ਰੈਸ਼ਰ , ਸ਼ੂਗਰ, ਕਮਰ ਦਰਦ ਅਤੇ ਥਾਈਰਾਈਡ ਵਰਗੀਆਂ ਬੀਮਾਰੀਆਂ ਤੋਂ ਰਾਹਤ ਪਾਉਣ ਲਈ ਵਿਸ਼ੇਸ਼ ਕਿਸਮ ਦੇ ਯੋਗ ਆਸਨ ਦਰਸਾਏ ਗਏ।ਅੰਤ ਵਿਚ ਫ਼ਲ ਅਤੇ ਦੁੱਧ ਦਾ ਲੰਗਰ ਵੀ ਲਗਾਇਆ ਗਿਆ।ਡਾ:ਸੀਮਾਂਤ ਗਰਗ ਦੀ ਅਗਵਾਈ ਵਿਚ ‘ਯੋਗ ਗੁਰੂ’ ਰਾਜਸ਼੍ਰੀ ਸ਼ਰਮਾ ਨੂੰ ਸਨਮਾਨਿਤ ਵੀ ਕੀਤਾ ਗਿਆ।