ਹੈਲਥ ਸੁਪਰਵਾਈਜ਼ਰ ਮਹਿੰਦਰਪਾਲ ਲੂੰਬਾ ਨੇ ਆਪਣੀ ਬਦਲੀ ਨੂੰ, ਸਿਆਸਤ ਤੋਂ ਪ੍ਰੇਰਿਤ ਕਾਰਵਾਈ ਗਰਦਾਨਿਆਂ ਅਤੇ ਕਿਹਾ ਕਿ ਸਰਕਾਰ ਉਹਨਾਂ ਦੀ ਬਦਲੀ ਤਾਂ ਕਰ ਸਕਦੀ ਹੈ ਪਰ ਸ਼ੁਤਰਾਣਾ ਜੁਆਇੰਨ ਕਰਨ ਲਈ ਮਜਬੂਰ ਨਹੀਂ ਕਰ ਸਕਦੀ

ਮੋਗਾ, 21 ਜੂਨ (ਜਸ਼ਨ): ਪਿਛਲੇ ਦਿਨੀਂ ਸਿਹਤ ਵਿਭਾਗ ਪੰਜਾਬ ਵੱਲੋਂ ਕੀਤੀਆਂ ਬਦਲੀਆਂ ਦੀ ਜਾਰੀ ਲਿਸਟ ਮੁਤਾਬਕ ਸਿਹਤ ਵਿਭਾਗ ਮੋਗਾ ‘ਚ ਤੈਨਾਤ ਹੈਲਥ ਸੁਪਰਵਾਈਜ਼ਰ ਮਹਿੰਦਰਪਾਲ ਸਿੰਘ ਲੂੰਬਾ ਦੀ ਬਦਲੀ ਹਰਿਆਣੇ ਦੀ ਹੱਦ ਤੇ ਸਥਿਤ ਪੰਜਾਬ ਦੇ ਅਖੀਰਲੇ ਪਿੰਡ ਸ਼ੁਤਰਾਣਾ ਵਿਖੇ ਕਰਨ ਦਾ ਵਿਰੋਧ,ਸੂਬੇ ਭਰ ਦੀਆਂ ਜਥੇਬੰਦੀਆਂ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਹੈ। 

ਇਸ ਸਬੰਧੀ ਹੈਲਥ ਸੁਪਰਵਾਈਜ਼ਰ ਮਹਿੰਦਰਪਾਲ ਸਿੰਘ ਲੂੰਬਾ ਦਾ ਆਖਣਾ ਹੈ ਕਿ ਉਹਨਾਂ ਨੂੰ ਕਤਈ ਅੰਦਾਜਾ ਨਹੀਂ ਸੀ ਕਿ 14 ਜੂਨ ਦੇ ਖੂਨਦਾਨ ਕੈਂਪ ਵਿੱਚ ਹਾਕਮਾਂ ਨੂੰ ਨਾ ਬੁਲਾਉਣਾ ਉਹਨਾਂ ਨੂੰ ਐਨਾ ਮਹਿੰਗਾ ਪਵੇਗਾ ਅਤੇ ਉਹਨਾਂ ਦੀ ਬਦਲੀ ਆਪਣੇ ਜ਼ਿਲ੍ਹੇ ਨੂੰ ਛੱਡ ਕੇ ਪੰਜਾਬ ਦੇ ਆਖਰੀ ਪਿੰਡ ‘ਚ ਕਰ ਦਿੱਤੀ ਜਾਵੇਗੀ।ਉਹਨਾਂ ਕਿਹਾ ਕਿ ਇੱਕ ਪਾਸੇ ਸਰਕਾਰ ਦੇ ਨੁਮਾਇੰਦੇ ਉਹਨਾਂ ਦੀ ਜੱਥੇਬੰਦੀ ਨੂੰ ਅਗਲੇ ਦੋ ਦਿਨਾਂ ਵਿੱਚ ਬਦਲੀ ਰੱਦ ਕਰਨ ਦਾ ਵਿਸਵਾਸ਼ ਦਿਵਾ ਰਹੇ ਹਨ ਤੇ ਦੂਸਰੇ ਪਾਸੇ ਲੋਕਲ ਆਗੂਆਂ ਨੇ ਸਿਵਲ ਸਰਜਨ ਤੇ ਦਬਾਅ ਬਣਾ ਕੇ ਬੀਤੇ ਕੱਲ੍ਹ ਹੀ ਉਹਨਾਂ ਨੂੰ ਡਿਊਟੀ ਤੋਂ ਫਾਰਗ ਕਰਵਾ ਦਿੱਤਾ ਤੇ ਸ਼ੁਤਰਾਣਾ ਵਿਖੇ ਜੁਆਇਨ ਕਰਨ ਦੇ ਹੁਕਮ ਸੁਣਾ ਦਿੱਤੇ ਹਨ।
ਮਹਿੰਦਰਪਾਲ ਲੂੰਬਾ ਨੇ ਜਜ਼ਬਾਤੀ ਹੁੰਦਿਆਂ ਆਖਿਆ ਕਿ ਜਿਲ੍ਹਾ ਵਾਸੀਓ, 2017 ਵਿੱਚ ਜਦ ਉਹ ਫਰੀਦਕੋਟ ਤੋਂ ਬਦਲ ਕੇ ਮੋਗਾ ਆਏ ਸੀ ਤਾਂ ਮਨ ਵਿੱਚ ਇੱਕ ਅਹਿਦ ਕੀਤਾ ਸੀ ਕਿ ਉਹ ਆਮ ਲੋਕਾਂ ਦੀ ਰੱਜ ਕੇ ਸੇਵਾ ਕਰਨਗੇ ਅਤੇ ਮੋਗੇ ਦੀ ਢਾਈ ਲੱਖ ਅਬਾਦੀ ਵਿੱਚ ਉਹ ਇਕੱਲੇ ਹੈਲਥ ਸੁਪਰਵਾਈਜਰ ਸੀ ਪਰ ਕਦੇ ਹੌਸਲਾ ਨਹੀਂ ਛੱਡਿਆ ਤੇ ਕਦੇ ਵੀ ਉਹ ਆਪਣੇ ਦਫਤਰ ਟਿਕ ਕੇ ਨਹੀਂ ਬੈਠੇ। ਉਹਨਾਂ ਆਖਿਆ ਕਿ ਜੇ ਉਹ ਚਾਹੁੰਦੇ ਤਾਂ ਉਹ ਵੀ ਸਾਰਾ ਦਿਨ ਏ ਸੀ ਦੀ ਹਵਾ ਲੈ ਸਕਦੇ ਸੀ ਪਰ ਉਹ ਮੋਗਾ ਸ਼ਹਿਰ ਨਿਵਾਸੀਆਂ ਨੂੰ ਡੇਂਗੂ ਮਲੇਰੀਆ ਚਿਕਨਗੁਨੀਆ ਆਦਿ ਬਿਮਾਰੀਆਂ ਤੋਂ ਬਚਾਉਣ ਲਈ ਸਾਰਾ ਦਿਨ ਆਪਣੀਆਂ ਟੀਮਾਂ ਨਾਲ ਸ਼ਹਿਰ ਦੇ ਗੱਲੀ ਮੁਹੱਲਿਆਂ ਵਿੱਚ ਜਾ ਕੇ ਘਰਾਂ ਦੀਆਂ ਛੱਤਾਂ ਤੇ ਵੀ  ਲਾਰਵਾ ਚੈੱਕ ਕਰਦੇ ਰਹੇ । ਉਹਨਾਂ ਆਖਿਆ ਕਿ ਉਹਨਾਂ ਵੱਲੋਂ ਤਨ ਮਨ ਲਗਾ ਕੇ ਨਿਭਾਈ ਡਿਊਟੀ ਦਾ ਸਿੱਟਾ ਸਾਰਥਕ ਨਿਕਲਿਆ ਅਤੇ ਪਿਛਲੇ ਸਾਲ ਮੋਗਾ ਸ਼ਹਿਰ ਪੰਜਾਬ ਵਿੱਚੋਂ ਸਭ ਤੋਂ ਘੱਟ ਸਿਰਫ 22 ਡੇਂਗੂ ਪਾਜ਼ਿਟਿਵ ਕੇਸ ਰਿਪੋਰਟ ਹੋਏ ਤੇ ਇਸ ਸਾਲ ਹਾਲੇ ਤੱਕ ਕੋਈ ਕੇਸ ਰਿਪੋਰਟ ਨਹੀਂ ਹੋਇਆ । ਉਹਨਾਂ ਆਖਿਆ ਕਿ ਇਸ ਦੇ ਉਲਟ ਆਲੇ ਦੁਆਲੇ ਦੇ ਵੱਡੇ ਸ਼ਹਿਰਾਂ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 50 ਦੇ ਆਸ ਪਾਸ ਪਹੁੰਚ ਚੁੱਕੀ ਹੈ। 
ਉੁਹਨਾਂ ਦੱਸਿਆ ਕਿ ਜਿਲ੍ਹਾ ਪ੍ਰਸਾਸ਼ਨ ਵੱਲੋਂ ਉਹਨਾਂ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ 26 ਜਨਵਰੀ 2023 ਨੂੰ ਸਨਮਾਨਿਤ ਕੀਤਾ ਗਿਆ । ਉਹਨਾਂ ਦੱਸਿਆ ਕਿ ਖੁਦ ਹੁਣ ਤੱਕ ਉਹ 55 ਵਾਰ ਖੂਨਦਾਨ ਕਰ ਚੁੱਕੇ ਹਨ ਹਾਂ ਤੇ ਉਹਨਾਂ ਦੀ  ਸੰਸਥਾ ਨੂੰ ਖੂਨਦਾਨ ਦੇ ਖੇਤਰ ਵਿੱਚ ਤਿੰਨ ਵਾਰ ਸਟੇਟ ਐਵਾਰਡ ਮਿਲ ਚੁੱਕਾ ਹੈ। ਮਹਿੰਦਰਪਾਲ ਲੂੰਬਾ ਨੇ ਦੱਸਿਆ ਕਿ 14 ਜੂਨ ਨੂੰ ਵਰਲਡ ਬਲੱਡ ਡੋਨਰਜ ਡੇਅ ਮੌਕੇ ਸਿਵਲ ਹਸਪਤਾਲ ਮੋਗਾ ਵਿੱਚ ਉਹਨਾਂ ਦੀ ਸੰਸਥਾ ਵੱਲੋਂ ਪੰਜਾਬ ਪੱਧਰੀ ਵਿਸ਼ਾਲ ਇਤਿਹਾਸਕ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ 325 ਯੂਨਿਟ ਖੂਨਦਾਨ ਹੋਇਆ। ਇਸ ਕੈਂਪ ਵਿੱਚ ਮਾਨਯੋਗ ਡਿਪਟੀ ਕਮਿਸ਼ਨਰ ਮੋਗਾ ਮੁੱਖ ਮਹਿਮਾਨ ਸਨ ਤੇ ਉਨ੍ਹਾਂ ਖੁਦ ਖੂਨਦਾਨ ਕਰਕੇ ਕੈਂਪ ਦਾ ਉਦਘਾਟਨ ਕੀਤਾ ਤੇ 100 ਦੇ ਕਰੀਬ ਸੰਸਥਾਵਾਂ ਨੂੰ ਸਨਮਾਨਿਤ ਕੀਤਾ। 
ਉਹਨਾਂ ਦੱਸਿਆ ਕਿ ਉਹਨਾਂ ਨੂੰ ਦੱਸਦਿਆਂ ਦੁੱਖ ਹੋ ਰਿਬਹਾ ਹੈ ਕਿ ਜਿਸ ਵੇਲੇ ਖੂਨਦਾਨ ਕੈਂਪ ਚੱਲ ਰਿਹਾ ਸੀ ਤਾਂ ਕਰੀਬ 3 ਵਜੇ  ਚੰਡੀਗੜ੍ਹ ਦਫਤਰ ਤੋਂ ਸਿਵਲ ਸਰਜਨ ਦਫਤਰ ਮੋਗਾ ਵਿਖੇ ਫੋਨ ਆਉੰਦਾ ਹੈ ਤੇ ਚੰਡੀਗੜ੍ਹ ਵਾਲਿਆਂ ਵੱਲੋਂ ਸਿਹਤ ਮੰਤਰੀ ਦਾ ਹਵਾਲਾ ਦੇ ਕੇ ਉਹਨਾਂ ਬਾਰੇ ਸਾਰੀ ਜਾਣਕਾਰੀ ਹਾਸਲ ਕੀਤੀ ਜਾਂਦੀ ਹੈ ਤੇ ਠੀਕ ਚਾਰ ਦਿਨਾਂ ਬਾਅਦ ਉਹਨਾਂ ਦੀ ਬਦਲੀ ਦੇ ਆਰਡਰ ਹੋ ਜਾਂਦੇ ਹਨ। 
 
ਉਹਨਾਂ ਸ਼ਹਿਰ ਵਾਸੀਆਂ ਦੇ ਧਿਆਨ ਹਿਤ ਦੱÇਸਆ ਕਿ ਉਹ  ਟੈਕਸ ਦੇ ਪੈਸੇ ਵਿੱਚੋਂ ਤਨਖਾਹ ਲੈ ਰਹੇ ਹਨ ਅਤੇ ਉਹ ਆਪਣੇ ਕੰਮ ਲਈ ਆਮ ਲੋਕਾਂ ਅਤੇ ਚੁਣੀ ਹੋਈ ਸਰਕਾਰ ਨੂੰ ਜਵਾਬਦੇਹ ਹਨ । ਉਹਨਾਂ ਕਿਹਾ ਕਿ ਸਰਕਾਰ ਚਾਹੇ ਜੋ ਮਰਜ਼ੀ ਵਧੀਕੀ ਕਰੇ, ਉਹਨਾਂ ਮੂਹਰੇ ਇਕੱਲੇ ਦਾ ਕੋਈ ਜ਼ੋਰ ਨਹੀਂ ਪਰ ਸਰਕਾਰ ਉਹਨਾਂ ਦੀ ਧੱਕੇ ਨਾਲ ਬਦਲੀ ਤਾਂ ਕਰ ਸਕਦੀ ਹੈ, ਡਿਊਟੀ ਤੋਂ ਫਾਰਗ ਵੀ ਕਰ ਸਕਦੀ ਹੈ ਪਰ ਉਹਨਾਂ ਨੂੰ ਸ਼ੁਤਰਾਣਾ ਜੁਆਇਨ ਕਰਨ ਲਈ  ਮਜਬੂਰ ਨਹੀਂ ਕਰ ਸਕਦੀ। ਉਹਨਾਂ ਕਿਹਾ ਉਹਨਾਂ ਦਾ ਇਹ ਫੈਸਲਾ ਹੈ ਕਿ ਉਹ ਓਨੀ ਦੇਰ ਸ਼ੁਤਰਾਣਾ ਵਿਖੇ ਡਿਊਟੀ ਜੁਆਇਨ ਨਹੀਂ ਕਰਨਗੇ ਜਿੰਨੀ ਦੇਰ ਉਹਨਾਂ ਦੇ ਸ਼ਹਿਰ ਦੇ ਸਿਰਫ 1% (2500) ਲੋਕ ਉਹਨਾਂ ਨੂੰ ਸ਼ਹਿਰ ਨਿਕਾਲਾ ਨਹੀਂ ਦੇ ਦਿੰਦੇ। ਉਹਨਾਂ ਹਾਕਮਾਂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਮੋਗਾ ਸ਼ਹਿਰ ਦੇ ਇੱਕ ਪ੍ਰਤੀਸ਼ਤ ਲੋਕ ਹੀ ਵਿਖਾ ਦਿਓ, ਜੋ ਉਹਨਾਂ ਦੀਆਂ ਸੇਵਾਵਾਂ ਤੋਂ ਅਸੰਤੁਸ਼ਟ ਹੋਣ ਤਾਂ ਉਹ ਖੁਸ਼ੀ ਖੁਸ਼ੀ ਇੱਥੋਂ ਚਲੇ ਜਾਣਗੇ, ਨਹੀਂ ਤਾਂ ਇਸੇ ਤਰ੍ਹਾਂ ਰੋਜ਼ਾਨਾ ਆਪਣੀ ਡਿਊਟੀ ਕਰਦੇ ਰਹਿਣਗੇ ਜਿੰਨੀ ਦੇਰ ਸਰਕਾਰ ਮੈਨੂੰ ਟਰਮੀਨੇਟ ਨਹੀਂ ਕਰ ਦਿੰਦੀ । ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ਼ੁਕਰਵਾਰ 10 ਵਜੇ ਤੱਕ ਉਹਨਾਂ ਦੇ ਫੈਸਲੇ ਦਾ ਇੰਤਜਾਰ ਕਰਨਗੇ ਅਤੇ ਉਸ ਦਿਨ ਸਿਵਲ ਹਸਪਤਾਲ ਮੋਗਾ ਪਹੁੰਚ ਕੇ ਜਾਂ ਤਾਂ ਉਹਨਾਂ ਨੂੰ ਰੱਖ ਲੈਣ ਤੇ ਜਾਂ ਉਹਨਾਂ ਨੂੰ ਕੱਢ ਦੇਣ । 

ਮਹਿੰਦਰਪਾ ਲੂੰਬਾ ਨੇ ਕਿਹਾ ਕਿ ਚਹੇ ਉਹਨਾਂ ਦੀ ਬਦਲੀ ਸ਼ੁਤਰਾਣੇ ਕਰ ਦਿੱਤੀ ਗਈ ਹੈ ਪਰ ਉਹ ਮੋਗਾ ਸ਼ਹਿਰ ਨੂੰ ਡੇਂਗੂ ਦੇ ਸੀਜ਼ਨ ਵਿੱਚ ਲਾਵਾਰਿਸ ਛੱਡ ਕੇ ਨਹੀਂ ਜਾ ਸਕਦੇ । ਉਹਨਾਂ ਕਿਹਾ ਕਿ ਉਹ ਓਨੀ ਦੇਰ ਆਪਣੇ ਸ਼ਹਿਰ ਦੇ ਲੋਕਾਂ ਨੂੰ ਛੱਡ ਕੇ ਨਹੀਂ ਜਾਣਗੇ ਜਦੋਂ ਤੱਕ ਉਹਨਾਂ ਦੀ ਜਗ੍ਹਾ ਤੇ ਨਵਾਂ ਹੈਲਥ ਸੁਪਰਵਾਈਜਰ ਜੁਆਇਨ ਨਹੀਂ ਕਰ ਲੈੰਦਾ ਜਾਂ ਉਹਨਾਂ ਦੀ ਬਦਲੀ ਰੱਦ ਨਹੀਂ ਕੀਤੀ ਜਾਂਦੀ। ਡਿਊਟੀ ਤੋਂ ਫਾਰਗ ਹੋਣ ਦੇ ਬਾਵਜੂਦ ਅੱਜ ਵੀ ਮਹਿੰਦਰਪਾ ਲੂੰਬਾ ਨੇ ਮੋਗਾ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਡੇਂਗੂ ਵਿਰੋਧੀ ਗਤੀਵਿਧੀਆਂ ਰਾਹੀਂ 21 ਜਗ੍ਹਾ ਤੇ ਡੇੰਗੂ ਲਾਰਵਾ ਲੱਭ ਕੇ ਉਸ ਨੂੰ ਮੌਕੇ ਤੇ ਨਸ਼ਟ ਕੀਤਾ ।