*ਮਲਟੀਪਰਪਜ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਦੀ ਜਨਰਲ ਕੌਂਸਲ ਵੱਲੋਂ ਦੋਵੇਂ ਸਿਹਤ ਨਿਰਦੇਸ਼ਕਾਂ ਨਾਲ ਮੀਟਿੰਗ
*30 ਜੂਨ ਤੱਕ ਨਜਾਇਜ ਬਦਲੀਆਂ ਰੱਦ ਨਾ ਹੋਈਆਂ ਤਾਂ ਵਿਸ਼ਾਲ ਧਰਨਾ 6 ਜੁਲਾਈ ਨੂੰ
ਮੋਗਾ 20 ਜੂਨ ( ਜਸ਼ਨ ) : ਸਿਹਤ ਵਿਭਾਗ ਪੰਜਾਬ ਦੀ ਸਿਰਮੌਰ ਜਥੇਬੰਦੀ ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਪੰਜਾਬ ਆਪਣੇ ਕੇਡਰ ਦੀਆਂ ਮੰਗਾਂ ਮੰਨਵਾਉਣ ਲਈ ਲਗਾਤਾਰ ਯਤਨਸ਼ੀਲ ਹੈ। ਪਰ ਸਰਕਾਰ , ਨਿਰਦੇਸ਼ਕ ਸਿਹਤ ਅਤੇ ਪਰਿਵਾਰ ਭਲਾਈ ਅਤੇ ਸਿਹਤ ਸੇਵਾਵਾਂ (ਪ.ਭ.) ਵੱਲੋਂ ਲਗਾਤਾਰ ਇਨ੍ਹਾਂ ਮੰਗਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ, ਜਿਸ ਨੂੰ ਲੈ ਕੇ ਪੰਜਾਬ ਦੇ ਸਮੁੱਚੇ ਮਲਟੀਪਰਪਜ ਕੇਡਰ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ । ਜੱਥੇਬੰਦੀ ਵੱਲੋਂ ਆਪਣੇ ਪਹਿਲਾਂ ਤੋਂ ਸੌਂਪੇ ਮੰਗ ਪੱਤਰ ਵਿੱਚ ਦਰਜ ਮੰਗਾਂ ਨੂੰ ਮਨਵਾਉਣ ਅਤੇ ਨਜਾਇਜ ਤੌਰ ਤੇ ਕੀਤੀਆਂ ਗਈਆਂ ਬਦਲੀਆਂ ਨੂੰ ਰੱਦ ਕਰਵਾਉਣ ਲਈ ਦੋਹਾਂ ਸਿਹਤ ਨਿਰਦੇਸ਼ਕਾਂ ਨਾਲ ਉਨ੍ਹਾਂ ਦੇ ਚੰਡੀਗੜ੍ਹ ਸਥਿਤ ਦਫਤਰ ਵਿੱਚ ਮੀਟਿੰਗ ਕੀਤੀ ਗਈ, ਜਿਸ ਵਿੱਚ ਨਜਾਇਜ ਬਦਲੀਆਂ ਅਤੇ ਲਟਕਦੀਆਂ ਮੰਗਾਂ ਨੂੰ ਲੈ ਕੇ ਕਾਫੀ ਗਹਿਮਾ ਗਹਿਮੀ ਹੋਈ। ਸਿੱਤਮ ਦੀ ਗੱਲ ਇਹ ਹੋਈ ਕਿ ਇਸ ਵਾਰ ਹੋਈਆਂ ਬਦਲੀਆਂ ਵਿੱਚ ਬਦਲੀ ਨਿਯਮਾਂ ਦੀਆਂ ਧੱਜੀਆਂ ਉਡਾਉਂਦਿਆਂ ਵੱਡੀ ਪੱਧਰ ਤੇ ਬਿਨਾਂ ਬੇਨਤੀ ਪੱਤਰ ਤੋਂ ਬਦਲੀਆਂ ਕਰ ਦਿੱਤੀਆਂ ਗਈਆਂ । ਜਦੋਂ ਦੋਵੇਂ ਨਿਰਦੇਸ਼ਕਾਂ ਨਾਲ ਜਥੇਬੰਦੀ ਨੇ ਗੱਲ ਕੀਤੀ ਤਾਂ ਬਦਲੀਆਂ ਤੇ ਦੋਵੇਂ ਨਿਰਦੇਸ਼ਕਾਂ ਨੇ ਦਸਤਖ਼ਤ ਹੋਣ ਦੇ ਬਾਵਜੂਦ ਉਹ ਆਪਣੀ ਜ਼ਿੰਮੇਵਾਰੀ ਤੋਂ ਭਜਦੇ ਨਜ਼ਰ ਆਏ। ਇਸ ਮੀਟਿੰਗ ਉਪਰੰਤ ਅੱਜ ਚੰਡੀਗੜ੍ਹ ਵਿਖੇ ਸੂਬਾ ਕਮੇਟੀ ਮੈਂਬਰਾਂ ਦੀ ਹੋਈ ਹੰਗਾਮੀ ਮੀਟਿੰਗ ਵਿੱਚ ਫੈਸਲਾ ਕਰਕੇ ਦੋਹਾਂ ਨਿਰਦੇਸ਼ਕਾਂ ਨੂੰ ਦਿੱਤੇ ਨੋਟਿਸ ਦਿੱਤਾ ਗਿਆ ਜਿਸ ਵਿੱਚ ਇਹ ਚੇਤਾਵਨੀ ਦਿੱਤੀ ਗਈ ਕਿ ਜੇਕਰ ਇਹ ਬਦਲੀਆਂ 30 ਜੂਨ ਤੱਕ ਰੱਦ ਨਾ ਕੀਤੀਆਂ ਗਈਆਂ ਅਤੇ ਜੱਥੇਬੰਦੀ ਦੀਆਂ ਲਟਕਦੀਆਂ ਮੰਗਾਂ ਦਾ ਨਿਪਟਾਰਾ ਨਾ ਕੀਤਾ ਗਿਆ ਤਾਂ 6 ਜੁਲਾਈ ਨੂੰ ਨਿਰਦੇਸ਼ਕ ਸਿਹਤ ਅਤੇ ਪਰਿਵਾਰ ਭਲਾਈ ਖਿਲਾਫ ਚੰਡੀਗੜ੍ਹ ਵਿਖੇ ਜਥੇਬੰਦੀ ਦੀ ਜਨਰਲ ਕੌਂਸਲ ਵੱਲੋਂ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਤੋਂ ਪਹਿਲਾਂ 26 ਤੋਂ 30 ਜੂਨ ਤੱਕ ਸਮੂਹ ਜ਼ਿਲਿਆਂ ਦੇ ਐਕਸ਼ਨ ਕਰਕੇ ਇਸ ਸੰਬੰਧੀ ਸਿਵਲ ਸਰਜਨਾਂ ਰਾਹੀਂ ਮੰਗ ਪੱਤਰ ਸਿਹਤ ਨਿਰਦੇਸ਼ਕਾਂ ਨੂੰ ਭੇਜੇ ਜਾਣਗੇ। ਇਸ ਮੌਕੇ ਸੂਬਾ ਪ੍ਰਧਾਨ ਕੁਲਬੀਰ ਸਿੰਘ ਮੋਗਾ, ਸੂਬਾ ਜਨਰਲ ਸਕੱਤਰ ਜਸਵਿੰਦਰ ਸਿੰਘ ਅਮ੍ਰਿਤਸਰ, ਮੁੱਖ ਸਲਾਹਕਾਰ ਗੁਲਜ਼ਾਰ ਖਾਨ ਮਲੇਰਕੋਟਲਾ, ਸੂਬਾ ਕਮੇਟੀ ਮੈਂਬਰ ਜਗਤਾਰ ਸਿੰਘ ਸਿੱਧੂ ਮਲੇਰਕੋਟਲਾ, ਗੁਰਪ੍ਰੀਤ ਸਿੰਘ ਮਾਨਸਾ, ਸੁਖਵਿੰਦਰ ਸਿੰਘ ਮੁਕਤਸਰ ਸਾਹਿਬ, ਗਗਨਦੀਪ ਸਿੰਘ ਭੁੱਲਰ ਬਠਿੰਡਾ, ਕੁਲਪ੍ਰੀਤ ਸਿੰਘ ਸਮਰਾ ਲੁਧਿਆਣਾ, ਕੁਲਵਿੰਦਰ ਸਿੰਘ , ਜਗਰੂਪ ਸਿੰਘ ਲੁਧਿਆਣਾ, ਨਿਰਮਲ ਸਿੰਘ, ਕੁਲਦੀਪ ਸਿੰਘ, ਦਲਜੀਤ ਸਿੰਘ ਨਵਾਂ ਸ਼ਹਿਰ, ਸਵਿੰਦਰ ਸਿੰਘ ,ਅਮਨ ਕੁਮਾਰ ਬਠਿੰਡਾ ਅਤੇ ਗੁਰਪ੍ਰੀਤ ਸਿੰਘ ਮੁਕਤਸਰ ਸਾਹਿਬ ਆਦਿ ਆਗੂ ਹਾਜ਼ਰ ਸਨ।