ਹੋਟਲਾਂ 'ਤੇ ਸਖ਼ਤੀ,ਹੋਟਲ 'ਚ ਠਹਿਰਣ ਵਾਲੇ ਦੀ ਪਛਾਣ ਨੂੰ ਲੈ ਕੇ, ਨਵੇਂ ਹੁਕਮ ਜਾਰੀ
ਮੋਗਾ,16 ਜੂਨ (ਜਸ਼ਨ)- ਜ਼ਿਲ੍ਹਾ ਮੋਗਾ ਦੇ ਹੋਟਲਾਂ ਵਿੱਚ ਅਣਪਛਾਤੇ ਵਿਅਕਤੀ ਠਰਿਹਣ ਲਈ ਆਉਂਦੇ ਹਨ ਤਾਂ ਹੋਟਲ ਮਾਲਕਾਂ/ਸਟਾਫ਼ ਵੱਲੋਂ ਉਨ੍ਹਾਂ ਦੇ ਸ਼ਨਾਖਤੀ ਕਾਰਡ/ਮੋਬਾਇਲ ਨੰਬਰ ਆਦਿ ਦੀ ਜਾਣਕਾਰੀ ਨਹੀਂ ਰੱਖੀ ਜਾਂਦੀ। ਇਨ੍ਹਾਂ ਅਣਪਛਾਤੇ ਵਿਅਕਤੀਆਂ ਵਿੱਚੋਂ ਕਈ ਵਾਰ ਜੁਰਮ/ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ। ਇਸ ਲਈ ਹੋਟਲਾਂ ਵਿੱਚ ਠਹਿਰਣ ਵਾਲੇ ਵਿਅਕਤੀਆਂ ਦੀ ਜਾਣਕਾਰੀ ਰੱਖਣੀ ਅਤਿ ਜਰੂਰੀ ਹੈ ਤਾਂ ਜੋ ਵਧਦੇ ਹੋਏ ਜੁਰਮਾਂ ਨੂੰ ਰੋਕਿਆ ਜਾ ਸਕੇ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਉਕਤ ਨੂੰ ਧਿਆਨ ਵਿੱਚ ਰੱਖਦੇ ਹੋਏ ਫੌਜ਼ਦਾਰੀ ਜਾਬਤਾ ਸੰਘਤਾ ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਮੋਗਾ ਦੀ ਹਦੂਦ ਅੰਦਰ ਸਮੂਹ ਹੋਟਲਾਂ ਦੇ ਮਾਲਕਾਂ ਨੂੰ ਕੁਝ ਜਰੂਰੀ ਆਦੇਸ਼ ਜਾਰੀ ਕੀਤੇ ਜਾਂਦੇ ਹਨ। ਇਨ੍ਹਾਂ ਆਦੇਸ਼ਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਹੋਟਲ ਵਿੱਚ ਠਹਿਰਣ ਵਾਲੇ ਹਰ ਵਿਅਕਤੀ ਦੀ ਸ਼ਨਾਖਤ ਲਈ ਆਈ.ਡੀ. ਪਰੂਫ ਜਿਵੇਂ ਕਿ ਆਧਾਰ ਕਾਰਡ, ਪੈਨ ਕਾਰਡ, ਪਾਸਪੋਰਟ, ਵੋਟਰ ਕਾਰਡ ਆਦਿ ਜਰੂਰੀ ਤੌਰ ਉੱਪਰ ਲਿਆ ਜਾਵੇ। ਜੇਕਰ ਇੱਕ ਤੋਂ ਵੱਧ ਵਿਅਕਤਆਂ ਵੱਲੋਂ ਇੱਕ ਕਮਰਾ ਲਿਆ ਜਾਂਦਾ ਹੈ ਤਾਂ ਕਮਰੇ ਵਿੱਚ ਠਹਿਰਣ ਵਾਲੇ ਹਰ ਇੱਕ ਵਿਅਕਤੀ ਦਾ ਆਈ.ਡੀ. ਪਰੂਫ ਲਿਆ ਜਾਵੇ। ਇਹ ਯਕੀਨੀ ਬਣਾਇਆ ਜਾਵੇ ਕਿ ਹੋਟਲ ਵਿੱਚ ਠਹਿਰਣ ਵਾਲੇ ਵਿਅਕਤੀਆਂ ਵੱਲੋਂ ਜੋ ਮੋਬਾਇਲ ਨੰਬਰ ਦਿੱਤਾ ਜਾਂਦਾ ਹੈ, ਉਹ ਉਨ੍ਹਾਂ ਵਿਅਕਤੀਆਂ ਪਾਸ ਚਾਲੂ ਹਾਲਤ ਵਿੱਚ ਹੋਵੇ। ਇਸ ਦੀ ਪੁਸ਼ਟੀ ਲਈ ਦਿੱਤੇ ਗਏ ਮੋਬਾਇਲ ਨੰਬਰ ਤੇ ਕਾਲ ਕਰਕੇ ਪਤਾ ਲਗਾਇਆ ਜਾਵੇ। ਹੋਟਲਾਂ ਵਿੱਚ ਠਹਿਰਣ ਵਾਲਿਆਂ ਦੀ ਸੂਚਨਾ ਸਮੇਂ-ਸਮੇਂ ਸਿਰ ਆਪਣੇ ਨਜ਼ਦੀਕੀ ਥਾਣੇ ਵਿੱਚ ਦਰਜ ਕਰਵਾਈ ਜਾਵੇ। ਜੇਕਰ ਹੋਟਲ ਮਾਲਕਾਂ ਵੱਲੋਂ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਉਨ੍ਹਾਂ ਖਿਲਾਫ਼ ਜਾਬਤੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਜੇਕਰ ਹੋਟਲ ਵਿੱਚ ਠਹਿਰਣ ਵਾਲੇ ਵਿਅਕਤੀਆਂ ਵੱਲੋਂ ਉਕਤ ਜਾਣਕਾਰੀ ਦੇਣ ਤੋਂ ਮਨਾਹੀ ਕੀਤੀ ਜਾਂਦੀ ਹੈ ਤਾਂ ਹੋਟਲ ਮਾਲਕ/ਸਟਾਫ਼ ਵੱਲੋਂ ਇਸ ਬਾਰੇ ਨਜ਼ਦੀਕੀ ਥਾਣੇ ਵਿੱਚ ਸੂਚਨਾ ਦਿੱਤੀ ਜਾਵੇਗੀ। ਇਹ ਹੁਕਮ 31 ਜੁਲਾਈ, 2023 ਤੱਕ ਲਾਗੂ ਰਹਿਣਗੇ।