ਲੁਟੇਰਿਆਂ ਵਲੋਂ ਮਾਰੀ ਗੋਲੀ ਨਾਲ ਸੁਨਿਆਰੇ ਦੀ ਮੌਤ, ਸ਼ੋਰੂਮ ਲੁੱਟਣ ਵਾਲੇ ਸੀ ਸੀ ਟੀ ਵੀ ਕੈਮਰੇ ‘ਚ ਕੈਦ, ਸੁਨਿਆਰਿਆਂ ਨੇ ਬਾਜ਼ਾਰ ਬੰਦ ਕਰਕੇ ਦਿੱਤਾ ਧਰਨਾ

ਮੋਗਾ, 12 ਜੂਨ (ਜਸ਼ਨ): ਅੱਜ ਮੋਗਾ ਸ਼ਹਿਰ ਦੇ ਗਹਿਮਾ ਗਹਿਮੀ ਵਾਲੇ ਰਾਮਗੰਜ ਬਜ਼ਾਰ ਵਿਚ ਦਿਨ ਦਿਹਾੜੇ ਪੰਜ ਲੁਟੇਰਿਆਂ ਨੇ ਸੋਨੇ ਦੇ ਕਾਰੋਬਾਰੀ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਅਤੇ ਮੌਕੇ ਤੋਂ ਸੋਨੇ ਦੇ ਗਹਿਣਿਆਂ ਸਮੇਤ ਫਰਾਰ ਹੋ ਗਏ। ਸੁਨਿਆਰੇ ਦੀ ਵੱਖੀ ਵਿਚ ਗੋਲੀ ਲੱਗੀ ਸੀ ਅਤੇ ਉਸ ਦੀ  ਗੰਭੀਰ ਹਾਲਤ ਦੇ ਚੱਨਦਿਆਂ ਮੋਗਾ ਦੇ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਸੀ ਪਰ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਉਸ ਦੀ ਲੁਧਿਆਣਾ ਵਿਖੇ ਮੌਤ ਹੋ ਗਈ।  ਜ਼ਿਲ੍ਹਾ ਪੁਲਿਸ ਮੁਖੀ ਜੇ ਏਲੀਚੇਜ਼ੀਅਨ ਅਤੇ ਹੋਰ ਉੱਚ ਅਧਿਕਾਰੀ ਮੌਕੇ ’ਤੇ ਪਹੁੰਚੇ ਹੋਏ ਹਨ। 

ਪ੍ਰਤਖ ਦਰਸ਼ੀਆਂ ਨੇ ਸ਼ੱਕ ਜਤਾਇਆ ਕਿ ਇਹ ਲੁਟੇਰੇ ਲੁੱਟ ਦੇ ਇਰਾਦੇ ਨਾਲ ਆਏ ਸਨ । ਸੁਨਿਆਰੇ ਵੱਲੋੋਂ ਕੀਤੇ ਵਿਰੋਧ ਵਿਚ ਨਕਾਬਪੋਸ਼ਾਂ ਨੇ ਗੋਲੀ ਦੀ ਘਟਨਾ ਨੂੰ ਅੰਜਾਮ ਦੇ ਦਿੱਤਾ। ਵਾਰਦਾਤ ਵਾਲੀ ਜਗਹ ‘ਤੇ ਪਹੁੰਚੀ ਪੁਲਿਸ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਖੰਘਾਲ ਰਹੀ ਹੈ।ਜਾਣਕਾਰੀ ਅਨੁਸਾਰ ਦੁਪਹਿਰ 2.15 ਵਜੇ ਕੁਝ ਲੁਟੇਰੇ ਰਾਮਗੰਜ ਸਥਿਤ ਏਸ਼ੀਆ ਜਵੈਲਰਜ਼ ਦੀ ਦੁਕਾਨ ਵਿਚ ਆਏ ਅਤੇ ਸੋਨੇ ਦੇ ਗਹਿਣੇ ਦਿਖਾਉਣ ਲਈ ਕਿਹਾ, ਸੋਨਾ ਖਰੀਦਣ ਤੋਂ ਬਾਅਦ ਜਦੋਂ ਦੁਕਾਨਦਾਰ ਵੱਲੋਂ ਬਿੱਲ ਤਿਆਰ ਕੀਤਾ ਜਾ ਰਿਹਾ ਸੀ ਤਾਂ  ਲੁਟੇਰਿਆਂ ਨੇ ਬਿੱਲ ਦੇਣ ਦੀ ਬਜਾਏ ਸੁਨਿਆਰੇ ਵਿੱਕੀ ਨੂੰ ਗੋਲ਼ੀ ਮਾਰ ਦਿੱਤੀ । ਗੋਲ਼ੀ ਚੱਲਦੇ ਹੀ ਦੁਕਾਨ ‘ਚ ਹਫੜਾ-ਦਫੜੀ ਮੱਚ ਗਈ। ਮੌਕਾ ਮਿਲਦੇ ਹੀ ਲੁਟੇਰੇ ਸੋਨੇ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਏ।ਸੀ ਸੀ ਟੀ ਵੀ ਤੋਂ ਸਪੱਸ਼ਟ ਹੋ ਰਿਹਾਹੈ ਕਿ ਸੁਨਿਆਰੇਨੇ ਵੀ ਆਪਣਾ ਪਿਸਤੌਲ ਕੱਢ ਕੇ ਮੁਕਾਬਲਾ ਕਰਨ ਦੀ ਕੋਸ਼ਿਸ ਕੀਤੀ ਪਰ ਬੁੱਚੜਾਂ ਵਾਂਗ ਝਪਟੇ ਪੰਜਾਂ ਲੁਟੇਰਿਆਂ ਨੇ ਉਸ ਦੀ ਪੇਸ਼ ਨਹੀਂ ਜਾਣ ਦਿੱਤੀ। ਇਹ ਵੀ ਵਰਣਨਯੋਗ ਹੈ ਕਿ ਲੁਟੇਰੇ ਬਿਨਾਂ ਮੂੰਹ ਢਕੇ ਆਏ ਜਿਸ ਤੋਂ ਸਪੱਸ਼ਟ ਹੈ ਕਿ ਲੁਟੇਰਿਆਂ ਦੇ ਹੌਸਲੇ ਬੇਹੱਦ ਬੁਲੰਦ ਸਨ। 

ਲੁਧਿਆਣਾ ਵਿਚ ਸੁਨਿਆਰੇ ਦੀ ਮੌਤ ਦੀ ਖਬਰ ਸੁਣਦਿਆਂ ਹੀ ਸਰਾਫ਼ਾ ਬਾਜ਼ਾਰ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਮੂਵਾਲੀਆ ਅਤੇ ਸਕੱਤਰ ਯਸ਼ਪਾਲ ਪਾਲੀ ਦੀ ਅਗਵਾਈ ਵਿਚ ਮੋਗਾ ਦੇ ਬਾਜ਼ਾਰ ਬੰਦ ਕਰਕੇ ਸ਼ਹਿਰਵਾਸੀਆਂ ਨੇ ਮੋਗਾ ਦੇਸ਼ਾਮਲਾਲ ਚੌਂਕ ਵਿਚ ਧਰਨਾ ਦੇ ਦਿੱਤਾ ਅਤੇ ਕਾਤਲਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ।