ਮੋਗਾ ਨਿਗਮ 'ਚ ਸਿਆਸੀ ਧਮਾਕਾ,42 ਕੌਂਸਲਰਾਂ ਨੇ ਮੇਅਰ ਨੀਤਿਕਾ ਭੱਲਾ ਖਿਲਾਫ ਬੇਭਰੋਸਗੀ ਮਤਾ ਸੌਂਪਿਆ
ਮੋਗਾ, 7 ਜੂਨ (ਜਸ਼ਨ ) ਮੋਗਾ ਦੀ ਸਿਆਸਤ ਅਤੇ ਨਗਰ ਨਿਗਮ ਦੀ ਰੱਸਾਕਸ਼ੀ ਦੌਰਾਨ ਅਖੀਰ ਓਹੀ ਹੋਇਆ ਜਿਸ ਦਾ ਖ਼ਦਸ਼ਾ ਲੰਮੇ ਸਮੇਂ ਤੋਂ ਪਾਇਆ ਜਾ ਰਿਹਾ ਸੀ। ਅੱਜ ਹਲਕਾ ਵਿਧਾਇਕਾ ਡਾ. ਅਮਨਦੀਪ ਅਰੋੜਾ ਦੀ ਹਾਜ਼ਰੀ ਵਿਚ ਮੇਅਰ ਨਿਤਿਕਾ ਭੱਲਾ ਨੂੰ ਅਹੁਦੇ ਤੋਂ ਹਟਾਉਣ ਲਈ 42 ਕੌਂਸਲਰਾਂ ਨੇ ਬੇਭਰੋਸਗੀ ਮਤੇ ’ਤੇ ਦਸਤਖਤ ਕਰਦੇ ਹੋਏ ਨਗਰ ਨਿਗਮ ਮੋਗਾ ਦੇ ਜੁਆਇੰਟ ਕਮਿਸ਼ਨਰ ਨੂੰ ਮਤਾ ਸੌਂਪ ਕੇ ਮੇਅਰ ਨੂੰ ਆਪਣਾ ਬਹੁਮਤ ਸਾਬਿਤ ਕਰਨ ਲਈ ਮੀਟਿੰਗ ਰੱਖਣ ਦੀ ਅਪੀਲ ਕੀਤੀ ਹੈ। ਬੇਭਰੋਸਗੀ ਮਤੇ ’ਤੇ ਹੋਰਨਾਂ ਤੋਂ ਇਲਾਵਾ ਯੂਥ ਅਕਾਲੀ ਦਲ ਮੋਗਾ ਦੇ ਪ੍ਰਧਾਨ ਮਨਜੀਤ ਸਿੰਘ ਧੰਮੂ , ਉਨ੍ਹਾਂ ਦੀ ਕੌਂਸਲਰ ਪਤਨੀ ਸੁਖਰਾਜ ਕੌਰ ਧੰਮੂ, ਅਕਾਲੀ ਦਲ ਦੇ ਆਗੂ ਗੋਵਰਧਨ ਪੋਪਲੀ ਦੀ ਪਤਨੀ ਸਰੋਜ ਰਾਣੀ ਤੋਂ ਇਲਾਵਾ ਕਾਂਗਰਸ ਦੇ ਰੀਟਾ ਚੋਪੜਾ ,ਵਿਜੈ ਭੂਸ਼ਣ ਟੀਟੂ ,ਅਮਰਜੀਤ ਅੰਬੀ ,ਤਰਸੇਮ ਸਿੰਘ ਸਮੇਤ ਕਈ ਹੋਰਨਾਂ ਦੇ ਦਸਤਖਤ ਹਨ ਜਿਨਾਂ ਦੇ ਨਾਮ ਪੜ੍ਹ ਕੇ ਮੋਗਾ ਵਾਸੀਆਂ ਨੂੰ ਡਾਢੀ ਹੈਰਾਨੀ ਹੋਈ । ਜ਼ਿਕਰਯੋਗ ਹੈ ਕਿ 50 ਮੈਂਬਰੀ ਮੋਗਾ ਨਗਰ ਨਿਗਮ ਦੇ ਹਾਉੂਸ ਵਿਚ ਆਪ ਦੇ ਸਿਰਫ 4 ਕੌਂਸਲਰ ਸਨ ਅਤੇ ਸਮੇਂ-ਸਮੇਂ ’ਤੇ ਕਈ ਕੌਂਸਲਰਾਂ ਵਲੋਂ ਦਲਬਦਲੀ ਕਰਨ ਕਰਕੇ ਆਪ ਕੌਂਸਲਰਾਂ ਦੀ ਗਿਣਤੀ 30 ਤੱਕ ਪਹੁੰਚ ਗਈ ਹੈ, ਇਸ ਸਾਰੇ ਘਟਨਾਕ੍ਰਮ ਵਿਚੋਂ ਜਦੋਂ ਕਿ ਮੇਅਰ ਪਦ ਲਈ ਸਰਬ ਪ੍ਰਵਾਨਿਤ ਆਗੂ ਵਜੋਂ ਉੱਭਰ ਕੇ ਆਏ ਹੁਕਮਰਾਨ ਧਿਰ ਵੱਲੋਂ ਸੰਭਾਵੀ ਉਮੀਦਵਾਰ ਗੌਰਵ ਗੁਪਤਾ ਗੁੱਡੂ ਦੀ ਇਹ ਲੋਕਪ੍ਰਿਯਤਾ ,ਇਮਾਨਦਾਰੀ ਅਤੇ ਲੰਮੇਂ ਸਮੇਂ ਤੋਂ ਕੁਦਰਤਪ੍ਰੇਮੀ ਵਜੋਂ ਬਣਾਈ ਛਵੀ ਦਾ ਹਿੱਸਾ ਹੀ ਹੈ ਕਿ ਉਨ੍ਹਾਂ ਦੇ ਹੱਕ ਵਿਚ 14 ਹੋਰ ਅਕਾਲੀ ਅਤੇ ਕਾਂਗਰਸੀ ਕੌਂਸਲਰਾਂ ਨੇ ਬਿਨਾਂ ਹੁਕਮਰਾਨ ਧਿਰ ਵਿਚ ਸ਼ਾਮਲ ਹੋਏ ਮੇਅਰ ਪਦ ਲਈ ਬੇਭਰੋਸਗੀ ਮਤੇ ’ਤੇ ਦਸਤਖਤ ਕਰ ਦਿੱਤੇ ਹਨ, ਇੰਨ੍ਹਾਂ ਵਿਚ ਮੇਅਰ ਪੱਖੀ ਧੜੇ ਦੇ ਕਈ ਉਹ ਕੌਂਸਲਰ ਵੀ ਸ਼ਾਮਲ ਹਨ ਜਿਹੜੇ ਮੇਅਰ ਧੜੇ ਨਾਲ ਦਿਨ-ਰਾਤ ਇਕੱਠੇ ਰਹਿੰਦੇ ਸਨ ਅਤੇ ਇੰਨ੍ਹਾਂ ਕੌਂਸਲਰਾਂ ਵੱਲੋਂ ਮੇਅਰ ਵਿਰੁੱਧ ਦਸਤਖਤ ਕਰਨ ਨਾਲ ਮੇਅਰ ਧੜੇ ਦੇ ਆਗੂ ਹੱਕੇ-ਬੱਕੇ ਰਹਿ ਗਏ ਹਨ। ਅੱਜ ਦੀ ਘੜੀ ਕਾਂਗਰਸ ਕੋਲ ਮਹਿਜ਼ ਸੱਤ ਕੌਂਸਲਰ ਬਚੇ ਹਨ। ਹਲਕਾ ਵਿਧਾਇਕਾ ਡਾ. ਅਮਨਦੀਪ ਅਰੋੜਾ ਅਤੇ ਜ਼ਿਲਾ ਪ੍ਰਧਾਨ ਹਰਮਨਦੀਪ ਸਿੰਘ ਦੀਦਾਰੇ ਵਾਲਾ ਦੀ ਅਗਵਾਈ ਹੇਠ ਨਗਰ ਨਿਗਮ ਦਫ਼ਤਰ ਵਿਖੇ ਬੇਭਰੋਸਗੀ ਮਤਾ ਦੇਣ ਲਈ ਪਹੁੰਚੇ ਕੌਂਸਲਰਾਂ ਦੀ ਹਾਜ਼ਰੀ ਵਿਚ ਹਲਕਾ ਵਿਧਾਇਕਾ ਡਾ. ਅਮਨਦੀਪ ਅਰੋੜਾ ਨੇ ਗੱਲਬਾਤ ਕਰਦਿਆਂ ਆਖਿਆ ਕਿ ਸ਼ਹਿਰ ਵਿਚ ਵਿਕਾਸ ਕਾਰਜਾਂ ਦੀ ਆ ਰਹੀ ਖੜੋਤ ਨੂੰ ਤੋੜਨ ਲਈ ਨਗਰ ਨਿਗਮ ਮੋਗਾ ਦੇ ਕੌਂਸਲਰਾਂ ਨੇ ਸ਼ਹਿਰ ਦੇ ਵਿਕਾਸ ਲਈ ਚੰਗਾ ਫ਼ੈਸਲਾ ਲਿਆ ਹੈ। ਉਨ੍ਹਾਂ ਆਖਿਆ ਕਿ 32 ਕੌਂਸਲਰਾਂ ਨੇ ਆਮ ਆਦਮੀ ਪਾਰਟੀ ਚ ਸ਼ਮੂਲੀਅਤ ਕਰ ਲਈ ਹੈ ਤੇ ਬਾਕੀ ਸਮਰਥਨ ਦੇ ਰਹੇ ਨੇ।ਉਹਨਾਂ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਮੋਗਾ ਦਾ ਵਿਕਾਸ ਰੁਕਿਆ ਹੋਇਆ ਸੀ ਪਰ ਹੁਣ ਮੁਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਸਰਕਾਰ ਦੇ ਲੋਕਪੱਖੀ ਫੈਸਲਿਆਂ ਤੋਂ ਪ੍ਰਭਾਵਿਤ ਹੋ ਕੇ ਕੌਂਸਲਰਾਂ ਨੇ ਉਸਾਰੂ ਫੈਸਲਾ ਲਿਆ ਹੈ ਤੇ ਇੰਜ ਆਪ ਦਾ ਮੇਅਰ ਬਣਨ ਮਗਰੋਂ ਸ਼ਹਿਰ ਵਿਚ ਵਿਕਾਸ ਕਾਰਜਾਂ ਦੀ ਗਤੀ ਤੇਜ਼ ਹੋਵੇਗੀ । ਉਨ੍ਹਾਂ ਕਿਹਾ ਕਿ ਸ਼ਹਿਰ ਦੇ ਕੌਂਸਲਰ ਇਸ ਗੱਲੋਂ ਵਧਾਈ ਦੇ ਪਾਤਰ ਹਨ ਜਿੰਨ੍ਹਾਂ ਨੇ ਸ਼ਹਿਰ ਦੇ ਵਿਕਾਸ ਲਈ ਹਾਂ ਪੱਖੀ ਫ਼ੈਸਲਾ ਲਿਆ ਹੈ। ਨਿਗਮ ਇਕੱਤਰਤਾ ਦੌਰਾਨ ਚੇਅਰਮੈਨ ਹਰਜਿੰਦਰ ਸਿੰਘ ਰੋਡੇ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਕੁਮਾਰ ਪੀਨਾ, ਡਿਪਟੀ ਮੇਅਰ ਅਸ਼ੋਕ ਧਮੀਜਾ,ਕੌਂਸਲਰ ਗੌਰਵ ਗੁਪਤਾ ਗੁੱਡੂ,ਕੌਂਸਲਰ ਜਸਵਿੰਦਰ ਸਿੰਘ ਕਾਕਾ ਲੰਢੇਕੇ, ਕੌਂਸਲਰ ਅਰਵਿੰਦਰ ਸਿੰਘ ਹੈਪੀ ਕਾਨਪੁਰੀਆਂ, ਕੌਂਸਲਰ ਸਰਬਜੀਤ ਕੌਰ ਰੋਡੇ, ਕੌਂਸਲਰ ਗੁਰਪ੍ਰੀਤ ਸਚਦੇਵਾ, ਕੌਂਸਲਰ ਬਲਜੀਤ ਸਿੰਘ ਚਾਨੀ, ਗੋਵਰਧਨ ਪੋਪਲੀ, ਕੌਂਸਲਰ ਪ੍ਰਵੀਨ ਮੱਕੜ, ਕੌਂਸਲਰ ਮਤਵਾਲ ਸਿੰਘ, ਕੌਂਸਲਰ ਜਗਜੀਤ ਸਿੰਘ ਜੀਤਾ,ਸ਼ਿੰਦਾ ਬਰਾੜ, ਕੌਂਸਲਰ ਬੂਟਾ ਸਿੰਘ,ਕੌਂਸਲਰ ਵਿਕਰਮਜੀਤ ਸਿੰਘ ਘਾਤੀ, ਨਰਿੰਦਰ ਬਾਲੀ, ਦਮਨ ਮੋਗਾ, ਕੌਂਸਲਰ ਤੀਰਥ ਰਾਮ, ਜਗਦੀਪ ਸਿੰਘ ਜੱਗੂ, ਕੌਂਸਲਰ ਭਰਤ ਗੁਪਤਾ, ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ।