ਪ੍ਰਿੰਸੀਪਲ ਅਵਤਾਰ ਸਿੰਘ ਕਰੀਰ, ਅੱਜ ਹੋਣਗੇ ਸੇਵਾਮੁਕਤ

*ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਪ੍ਰੇਰਨਾਸ੍ਰੋਤ ਬਣ ਰਹੇ, ਜ਼ਿਲ੍ਹਾ ਸਕੂਲਜ਼ ਮੈਂਟਰ ਪ੍ਰਿੰਸੀਪਲ ਅਵਤਾਰ ਸਿੰਘ ਕਰੀਰ

ਮੋਗਾ, 30 ਮਈ (ਜਸ਼ਨ) ਇਕ ਚੰਗੇ ਅਧਿਆਪਕ ਦੇ ਗੁਣਾਂ ਵਿੱਚ ਵਧੀਆ ਸੰਚਾਰ, ਸੁਣਨ ਕਲਾ, ਸਹਿਯੋਗ, ਅਨੁਕੂਲਤਾ, ਹਮਦਰਦੀ ਅਤੇ ਧੀਰਜ ਵਾਲੇ ਗੁਣ ਹੋਣੇ ਬੇਹੱਦ ਜ਼ਰੂਰੀ ਹੁੰਦੇ ਨੇ, ਅਜਿਹੇ ਹੀ ਗੁਣਾਂ ਦੇ ਧਾਰਨੀ ਹਨ, ਪ੍ਰਿੰਸੀਪਲ ਅਵਤਾਰ ਸਿੰਘ ਕਰੀਰ ਜਿਹਨਾਂ ਨੇ ਆਪਣੇ ਪ੍ਰਭਾਵੀ ਅਧਿਆਪਨ ਨਾਲ ਵਿਦਿਆਰਥੀਆਂ ਨੂੰ ਅਸਲ ਜ਼ਿੰਦਗੀ ‘ਚ ਵਿਚਰਨ ਦੀ ਕਲਾ ਸਿਖਾਈ ।ਸਿੱਖਿਆ ਵਿਭਾਗ ਵਿਚ 27 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਦੇਣ ਵਾਲੇ ਪ੍ਰਿੰਸੀਪਲ ਅਵਤਾਰ ਸਿੰਘ ਕਰੀਰ ਨੇ ਨਾ ਸਿਰਫ਼ ਸਖਤ ਮਿਹਨਤ ਅਤੇ ਪਰਿਵਾਰ ਦੇ ਸਹਿਯੋਗ ਨਾਲ ਇਹ ਮੁਕਾਮ ਹਾਸਲ ਕੀਤਾ ਬਲਕਿ ਆਪਣੇ ਸਹਿਯੋਗੀ ਸਾਥੀਆਂ ਨਾਲ ਮਿਲ ਕੇ ਮੋਗਾ ਜ਼ਿਲ੍ਹੇ ਦੇ  ਸਰਕਾਰੀ ਸਕੂਲਾਂ ਦੀ ਨਕਸ਼ ਨੁਹਾਰ ਵੀ ਬਦਲੀ।  10 ਮਈ 1965 ‘ਚ ਸ. ਗਿਆਨ ਸਿੰਘ ਦੇ ਗ੍ਰਹਿ ਵਿਖੇ ਸਰਦਾਰਨੀ ਮਨਜੀਤ ਕੌਰ ਦੀ ਕੁੱਖੋਂ ਜੰਮੇ, ਸ. ਅਵਤਾਰ ਸਿੰਘ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐੱਮ ਕਾਮ  ਅਤੇ ਐੱਮ ਐੱਡ ਦੀ ਵਿੱਦਿਆ ਹਾਸਲ ਕੀਤੀ ਅਤੇ 29 ਫਰਵਰੀ 1996 ‘ਚ ਬਤੌਰ ਕਾਮਰਸ ਲੈਕਚਰਾਰ ਆਪਣੀ ਸਰਵਿਸ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਢੁੱਡੀਕੇ ਤੋਂ ਸ਼ੁਰੂ ਕੀਤੀ। ਅਵਤਾਰ ਸਿੰਘ ਕਰੀਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੋਗਾ ‘ਚ ਸੇਵਾਵਾਂ ਨਿਭਾਉਂਦਿਆਂ ਪੱਦਉੱਨਤ ਹੋਏ ਤੇ ਫਿਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਦ ਪੁਰਾਣਾ ਵਿਖੇ ਬਤੌਰ ਪ੍ਰਿੰਸੀਪਲ ਨਿਯੁਕਤ ਹੋਏ।ਉਹਨਾਂ ਦੀ ਸੂਝਬੂਝ ਤੋਂ ਪ੍ਰਭਾਵਿਤ ਹੁੰਦਿਆਂ ਸਿੱਖਿਆ ਵਿਭਾਗ ਨੇ ਉਹਨਾਂ ਨੂੰ ਜ਼ਿਲ੍ਹਾ ਸਕੂਲਜ਼ ਮੈਂਟਰ ਲਗਾਇਆ , ਜਿਸ ਤਹਿਤ ਉਹਨਾਂ ਮੋਗਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਦਾ ਵਿਸਥਾਰ, ਉਹਨਾਂ ਦਾ ਸੁੰਦਰੀਕਰਨ ਅਤੇ ਸਿੱਖਿਆ ਦਾ ਮਿਆਰ ਉੱਪਰ ਚੁੱਕਣ ਲਈ ਵਿਦਿਆਰਥੀਆਂ ਨੂੰ ਅਤਿ ਆਧੁਨਿਕ ਮਾਹੌਲ ਪ੍ਰਦਾਨ ਕਰਨ ਵਿਚ ਅਹਿਮ ਯੋਗਦਾਨ ਪਾਇਆ।
ਪ੍ਰਿੰਸੀਪਲ ਅਵਤਾਰ ਸਿੰਘ ਕਰੀਰ ਦੀ ਜੀਵਨ ਪੰਧ ਵਿਚ ਸਾਥ ਨਿਭਾਉਣ ਵਾਲੀ ਉਹਨਾਂ ਦੀ ਹਮਸਫ਼ਰ ਸ਼੍ਰੀਮਤੀ ਗੁਰਮੀਤ ਕੌਰ ਨੇ 1994 ਤੋਂ ਉਹਨਾਂ ਨਾਲ ਸਾਥ ਦਿੰਦਿਆਂ ਜਿੱਥੇ ਪਰਿਵਾਰਕ ਜਿੰਮੇਵਾਰੀਆਂ ਬਾਖੂਬੀ ਨਿਭਾਈਆਂ ਉੱਥੇ ਉਹਨਾਂ ਨੇ ਆਪਣੇ ਸਪੁੱਤਰ ਭੁਪਿੰਦਰ ਸਿੰਘ ਕਰੀਰ ਨੂੰ ਐੱਮ ਬੀ ਬੀ ਐੱਸ ਅਤੇ ਪੁੱਤਰੀ ਕੋਮਲਰੀਤ ਕੌਰ ਨੂੰ ਐੱਬ ਬੀ ਏ ਦੀ ਪੜ੍ਹਾਈ ਕਰਵਾਈ ।ਪ੍ਰਿੰਸੀਪਲ ਅਵਤਾਰ ਸਿੰਘ ਕਰੀਰ ਨੇ ਆਪਣੇ ਸੇਵਾਕਾਲ ਦੌਰਾਨ ਨਾ ਸਿਰਫ਼ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕੀਤਾ ਬਲਕਿ ਸਿੱਖਿਆ ਵਿਭਾਗ ਵਿਚ ਉਹਨਾਂ ਨਾਲ ਕੰਮ ਕਰਨ ਵਾਲੇ ਸਾਥੀ ਅਧਿਆਪਕ ਵੀ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਅਤੇ ਮਿਲਵਰਤਨ ਵਾਲੀ ਸੋਚ ਦੇ ਕਾਇਲ ਰਹੇ ਹਨ। ਪ੍ਰਿੰਸੀਪਲ ਅਵਤਾਰ ਸਿੰਘ ਕਰੀਰ ਨਿਮਰਤਾ ਦੀ ਅਸਾਧਾਰਣ ਭਾਵਨਾ ਨਾਲ ਓਤ ਪ੍ਰੋਤ ਸ਼ਖਸੀਅਤ ਦੇ ਮਾਲਕ ਹਨ ਜਿਹਨਾਂ ਨੇ ਵਿਦਿਆਰਥੀਆਂ ਨੂੰ ਸਫਲਤਾ ਦੀਆਂ ਪੌੜੀਆਂ ਚੜ੍ਹਨ ਵੱਲ ਪ੍ਰੇਰਿਤ ਕਰਨ ਲਈ ਬੁਨਿਆਦੀ ਸਿੱਖਿਆ ਦੇ ਨਾਲ ਨਾਲ ਨਿਰੰਤਰ ਸੁਧਾਰ ਲਈ ਮਜ਼ਬੂਤ ਵਚਨਬੱਧਤਾ ਪ੍ਰਗਟਾਈ ਹੈ ਜਿਸ ਨੂੰ ਵਿਦਿਆਰਥੀ ਤਮਾਮ ਉਮਰ ਯਾਦ ਰੱਖਣਗੇ।