ਪਸ਼ੂ ਪਾਲਣ ਵਿਭਾਗ ਬੱਕਰੀ ਪਾਲਣ ਦੇ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਯਤਨਸ਼ੀਲ

ਮੋਗਾ, 29 ਮਈ:(ਜਸ਼ਨ): ਪੰਜਾਬ ਸਰਕਾਰ ਸੂਬੇ ਵਿੱਚ ਪਸ਼ੂ ਪਾਲਣ ਦਾ ਧੰਦਾ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਹੈ। ਸੂਬੇ ਦਾ ਪਸ਼ੂ ਪਾਲਣ ਵਿਭਾਗ ਪਸ਼ੂ ਪਾਲਕਾਂ ਨੂੰ ਉੱਚ ਦਰਜੇ ਦੀਆਂ ਸਹੂਲਤਾਂ ਪ੍ਰਦਾਨ ਕਰਵਾਉਣ ਤੋਂ ਇਲਾਵਾ ਸਮੇਂ-ਸਮੇਂ ਉੱਪਰ ਪਸ਼ੂ ਪਾਲਕਾਂ ਨੂੰ ਮਾਹਿਰ ਸਟਾਫ਼ ਦੁਆਰਾ ਟ੍ਰੇਨਿੰਗਾਂ ਵੀ ਮੁਹੱਈਆ ਕਰਵਾ ਰਿਹਾ ਹੈ ਤਾਂ ਕਿ ਉਨਾਂ ਦੇ ਧੰਦੇ ਨੂੰ ਹੋਰ ਪ੍ਰਫੁੱਲਿਤ ਕੀਤਾ ਜਾ ਸਕੇ। ਵਿਭਾਗ ਦੀਆਂ ਟ੍ਰੇਨਿੰਗਾਂ ਜਰੀਏ ਪਸ਼ੂ ਪਾਲਕ ਆਪਣੀਆਂ ਆਮਦਨਾਂ ਵਿੱਚ ਚੋਖਾ ਵਾਧਾ ਕਰ ਰਹੇ ਹਨ।ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਮੋਗਾ ਡਾ. ਹਰਵੀਨ ਕੌਰ ਧਾਲੀਵਾਲ ਨੇ ਦੱਸਿਆ ਕਿ ਹੁਣ ਦਫ਼ਤਰ ਡਿਪਟੀ ਡਾਇਰੈਕਟਰ ਪਸ਼ੂ ਪਾਲਣ (ਟ੍ਰੇਨਿੰਗ ਅਤੇ ਪ੍ਰਸਾਰ) ਪਟਿਆਲਾ (ਰੌਣੀ ਫਾਰਮ) ਵਿਖੇ ਪਸ਼ੂ ਪਾਲਕਾਂ ਲਈ ਬੱਕਰੀ ਪਾਲਣ ਦੀ ਟ੍ਰੇਨਿੰਗ ਮਹੀਨਾ ਮਈ ਤੋਂ ਹੀ ਕਰਵਾਈ ਜਾ ਰਹੀ ਹੈ। ਹੁਣ ਜੂਨ ਮਹੀਨੇ ਦੇ ਟ੍ਰੇਨਿੰਗ ਸ਼ਡਿਊਲ ਬਾਰੇ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਮਹੀਨਾ ਜੂਨ ਵਿੱਚ 6 ਜੂਨ ਤੋਂ 7 ਜੂਨ ਤੱਕ, 13 ਜੂਨ ਤੋਂ 14 ਜੂਨ ਤੱਕ, 27 ਤੋਂ 28 ਜੂਨ ਤੱਕ ਬੱਕਰੀ ਪਾਲਣ ਦੀ ਟ੍ਰੇਨਿੰਗ ਆਯੋਜਿਤ ਹੋ ਰਹੀ ਹੈ।ਇਸ ਟ੍ਰੇਨਿੰਗ ਵਿੱਚ ਮਾਹਿਰਾਂ ਵੱਲੋਂ ਬੱਕਰੀ ਪਾਲਣ ਦੇ ਕਿੱਤੇ ਵਿੱਚ ਸਹਾਈ ਮਹੱਤਵਪੂਰਨ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾਣਗੀਆਂ।ਡਾ. ਹਰਵੀਨ ਕੌਰ ਨੇ ਦੱਸਿਆ ਕਿ ਜਿਹੜੇ ਜਿਹੜੇ ਵੀ ਵਿਅਕਤੀ/ਪਸ਼ੂ ਪਾਲਕ ਇਸ ਟ੍ਰੇਨਿੰਗ ਵਿੱਚ ਭਾਗ ਲੈਣਾ ਚਹੁੰਦੇ ਹਨ ਉਹ ਆਪਣੀ ਨਜ਼ਦੀਕੀ ਪਸ਼ੂ ਸੰਸਥਾ ਨਾਲ ਸੰਪਰਕ  ਕਰ ਸਕਦੇ ਹਨ।ਉਨਾਂ ਸਮੂਹ ਪਸ਼ੂ ਪਾਲਕਾਂ ਅਤੇ ਪਸ਼ੂ ਪਾਲਣ ਦਾ ਕਿੱਤਾ ਅਪਣਾਉਣ ਦੇ ਚਾਹਵਾਨਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਵਿਅਕਤੀ ਇਨਾਂ ਮਹੱਤਵਪੂਰਨ ਟ੍ਰੇਨਿੰਗਾਂ ਵਿੱਚ ਸ਼ਮੂਲੀਅਤ ਕਰਕੇ ਆਪਣੇ ਧੰਦੇ ਨੂੰ ਪ੍ਰਫੁੱਲਤਾ ਵੱਲ ਲਿਜਾਣ।