ਬ੍ਰਿਜਭੂਸ਼ਨ ਨੂੰ ਗ੍ਰਿਫਤਾਰ ਕਰੋ, ਦੇਸ਼ ਦੀਆਂ ਬੇਟੀਆਂ ਨੂੰ ਇਨਸਾਫ ਦਿਓ ਦੇ ਨਾਅਰਿਆਂ ਨਾਲ ਗੂੰਜਿਆ ਸ਼ਹਿਰ

ਸ਼ਹਿਰ ਵਿੱਚ ਕੱਢਿਆ ਗਿਆ ਇਨਸਾਫ ਮਾਰਚ, ਡੀ ਸੀ ਮੋਗਾ ਰਾਹੀਂ ਪ੍ਰਧਾਨ ਮੰਤਰੀ ਨੂੰ ਭੇਜਿਆ ਮੰਗ ਪੱਤਰ। 
ਮੋਗਾ 29 ਮਈ (ਜਸ਼ਨ): ਜਿਲ੍ਹਾ ਐਨ ਜੀ ਓ ਕੋਆਰਡੀਨੇਸ਼ਨ ਕਮੇਟੀ ਮੋਗਾ ਦੇ ਸੱਦੇ ਤੇ ਅੱਜ ਮੋਗਾ ਸ਼ਹਿਰ ਦੀਆਂ ਅਨੇਕਾਂ ਸਮਾਜਿਕ ਸੰਸਥਾਵਾਂ, ਕੁੱਲ ਹਿੰਦ ਅਮਨ ਅਤੇ ਇਕਮੁੱਠਤਾ ਸੰਗਠਨ ਮੋਗਾ, ਆਲ ਇੰਡੀਆ ਟਰੇਡ ਯੂਨੀਅਨ ਕੌਂਸਲ, ਪੰਜਾਬ ਸਟੂਡੈਂਟਸ ਯੂਨੀਅਨ ਅਤੇ ਵੱਖ ਵੱਖ ਪੈਨਸ਼ਨਰ ਜੱਥੇਬੰਦੀਆਂ ਵੱਲੋਂ ਦਿੱਲੀ ਦੇ ਜੰਤਰ ਮੰਤਰ ਵਿਖੇ ਪਿਛਲੇ 37 ਦਿਨ ਤੋਂ ਇਨਸਾਫ ਦੀ ਜੰਗ ਲੜ ਰਹੀਆਂ ਦੇਸ਼ ਦੀਆਂ ਮਾਣਮੱਤੀਆਂ ਧੀਆਂ ਨਾਲ ਕੀਤੇ ਅਣਮਨੁੱਖੀ ਵਿਵਹਾਰ ਦੇ ਖਿਲਾਫ ਅਤੇ ਬ੍ਰਿਜਭੂਸ਼ਨ ਸ਼ਰਨ ਸਿੰਘ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਨੇਚਰ ਪਾਰਕ ਮੋਗਾ ਤੋਂ ਮੇਨ ਚੌਕ ਮੋਗਾ ਤੱਕ ਇਨਸਾਫ ਮਾਰਚ ਕੀਤਾ ਗਿਆ ਅਤੇ ਮੇਨ ਚੌਕ ਮੋਗਾ ਵਿਖੇ ਕਰੀਬ ਇੱਕ ਘੰਟਾ ਸਰਕਾਰੀ ਗੁੰਡਾਗਰਦੀ ਵਿਰੁੱਧ ਮਨੁੱਖੀ ਕੜੀ ਬਣਾ ਕੇ ਇਕਜੁਟਤਾ ਦਾ ਪ੍ਰਗਟਾਵਾ ਕੀਤਾ ਅਤੇ ਨਾਅਰਿਆਂ ਨਾਲ ਸ਼ਹਿਰ ਗੂੰਜਣ ਲਾ ਦਿੱਤਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਮੋਗਾ ਨੂੰ ਸੌਂਪਿਆ। ਨੇਚਰ ਪਾਰਕ ਮੋਗਾ ਵਿਖੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸਰਬੱਤ ਦਾ ਭਲਾ ਮੋਗਾ ਦੇ ਪ੍ਰਧਾਨ ਅਤੇ ਕੋਆਰਡੀਨੇਸ਼ਨ ਕਮੇਟੀ ਦੇ ਚੇਅਰਮੈਨ ਮਹਿੰਦਰ ਪਾਲ ਲੂੰਬਾ, ਪ੍ਰਧਾਨ ਗੁਰਸੇਵਕ ਸਿੰਘ ਸੰਨਿਆਸੀ, ਰੂਰਲ ਐੱਨ ਜੀ ਓ ਮੋਗਾ ਦੇ ਮੁੱਖ ਸਲਾਹਕਾਰ ਹਰਜਿੰਦਰ ਸਿੰਘ ਚੁਗਾਵਾਂ, ਸਿਟੀ ਯੂਨਿਟ ਦੇ ਪ੍ਰਧਾਨ ਸੁਖਦੇਵ ਸਿੰਘ ਬਰਾੜ, ਐਪਸੋ ਮੋਗਾ ਦੇ ਪ੍ਰਧਾਨ ਡਾ ਪਵਨ ਥਾਪਰ, ਏਟਕ ਮੋਗਾ ਤੋਂ ਜਗਸੀਰ ਖੋਸਾ, ਨੌਜਵਾਨ ਭਾਰਤ ਸਭਾ ਦੇ ਆਗੂ ਰਾਜਦੀਪ ਸਿੰਘ, ਜਿਲ੍ਹਾ ਐਨ ਜੀ ਓ ਕੋਆਰਡੀਨੇਸ਼ਨ ਕਮੇਟੀ ਮੋਗਾ ਦੇ ਸਕੱਤਰ ਅਮਰਜੀਤ ਸਿੰਘ ਜੱਸਲ, ਕੋਆਰਡੀਨੇਟਰ ਦਰਸ਼ਨ ਸਿੰਘ ਵਿਰਦੀ, ਮਹਿਕ ਵਤਨ ਦੀ ਫਾਊਂਡੇਸ਼ਨ ਦੇ ਚੀਫ ਐਡੀਟਰ ਭਵਨਦੀਪ ਪੁਰਬਾ, ਉਘੀ ਲੇਖਿਕਾ ਬੇਅੰਤ ਕੌਰ ਗਿੱਲ, ਡਾ ਸਰਬਜੀਤ ਕੌਰ ਬਰਾੜ, ਜਮਹੂਰੀ ਅਧਿਕਾਰ ਸਭਾ ਦੇ ਆਗੂ ਸਰਬਜੀਤ ਸਿੰਘ ਦੌਧਰ, ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਜਸਕਰਨ ਸਿੰਘ, ਪੈਨਸ਼ਨਰ ਆਗੂ ਭੁਪਿੰਦਰ ਸਿੰਘ ਸੇਖੋਂ, ਪੋਹਲਾ ਸਿੰਘ ਬਰਾੜ, ਪ੍ਰੇਮ ਕੁਮਾਰ ਨੇ ਕੇਂਦਰ ਸਰਕਾਰ ਤੇ ਵਰਦਿਆਂ ਕਿਹਾ ਕਿ ਬੜੀ ਸ਼ਰਮ ਦੀ ਗੱਲ ਹੈ ਕਿ ਭਾਜਪਾ ਦੇ ਬਾਹੂਬਲੀ ਨੇਤਾ ਬ੍ਰਿਜਭੂਸ਼ਨ ਸ਼ਰਨ ਸਿੰਘ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਉਣ ਲਈ ਪਹਿਲਵਾਨ ਬੇਟੀਆਂ ਨੂੰ ਤਿੰਨ ਮਹੀਨੇ ਸੰਘਰਸ਼ ਕਰਨ ਤੋਂ ਬਾਅਦ ਵੀ ਸੁਪਰੀਮ ਕੋਰਟ ਦਾ ਸਹਾਰਾ ਲੈਣਾ ਪਿਆ ਅਤੇ ਪੌਕਸੋ ਐਕਟ ਲੱਗਣ ਦੇ ਬਾਵਜੂਦ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਉਨ੍ਹਾਂ ਨੂੰ 37 ਦਿਨਾਂ ਬਾਅਦ ਵੀ ਸੜਕਾਂ ਤੇ ਰੁਲਣਾ ਪੈ ਰਿਹਾ ਹੈ। ਉਨ੍ਹਾਂ ਬੀਤੇ ਕੱਲ ਦਿੱਲੀ ਦੀਆਂ ਸੜਕਾਂ ਤੇ ਪੁਲਿਸ ਵੱਲੋਂ ਕੀਤੀ ਗਈ ਗੁੰਡਾਗਰਦੀ ਦੀ ਸਖਤ ਸ਼ਬਦਾਂ ਨਿੰਦਾ ਕਰਦਿਆਂ ਕਿਹਾ ਕਿ ਇੱਕ ਪਾਸੇ ਦੇਸ਼ ਦੀ ਨਵੀਂ ਸੰਸਦ ਦਾ ਉਦਘਾਟਨ ਹੋ ਰਿਹਾ ਸੀ ਤੇ ਦੂਸਰੇ ਪਾਸੇ ਲੋਕਤੰਤਰ ਦਾ ਗਲਾ ਘੁੱਟਿਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਭਾਜਪਾ ਸਰਕਾਰ ਖਤਰਨਾਕ ਏਜੰਡੇ ਤੇ ਕੰਮ ਕਰ ਰਹੀ ਹੈ ਤੇ ਦੇਸ਼ ਨੂੰ ਧਰਮ ਦੇ ਆਧਾਰ ਤੇ ਵੰਡ ਕੇ ਵੋਟਾਂ ਦਾ ਧਰੁਵੀਕਰਨ ਕਰਨ ਦੀ ਕੋਸ਼ਿਸ ਕਰ ਰਹੀ ਹੈ। ਬੇਟੀ ਬਚਾਓ, ਬੇਟੀ ਪੜਾਓ ਦਾ ਨਾਅਰਾ ਦੇਣ ਵਾਲੇ ਪ੍ਰਧਾਨ ਮੰਤਰੀ ਦੀ ਇਸ ਮੁੱਦੇ ਤੇ ਚੁੱਪੀ ਵੱਡੇ ਸਵਾਲ ਖੜੇ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਮਾਪੇ ਆਪਣੇ ਬੱਚਿਆਂ ਨੂੰ ਲੈ ਕੇ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਤੇ ਪਹਿਲਾਂ ਹੀ ਖੇਡਾਂ ਵਿੱਚ ਪਛੜੇ ਹੋਏ ਸਾਡੇ ਦੇਸ਼ ਤੇ ਇਸਦਾ ਨਕਾਰਾਤਮਕ ਪ੍ਰਭਾਵ ਪਵੇਗਾ। ਉਨ੍ਹਾਂ ਇੱਕ ਸੁਰ ਵਿੱਚ ਦੇਸ਼ ਦੀਆਂ ਬੇਟੀਆਂ ਦੇ ਇਸ ਸੰਘਰਸ਼ ਦਾ ਸਮਰਥਨ ਕਰਦਿਆਂ ਐਲਾਨ ਕੀਤਾ ਕਿ ਇਨਸਾਫ ਮਿਲਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ । ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿ ਜੇਕਰ ਸਰਕਾਰ ਨੇ ਮਸਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਕਾਰਵਾਈ ਨਾ ਕੀਤੀ ਤਾਂ ਕਿਸਾਨ ਅੰਦੋਲਨ ਵਾਂਗ ਲੋਕ ਇੱਕਜੁਟ ਹੋ ਕੇ ਸਰਕਾਰ ਦੇ ਨੱਕ ਵਿੱਚ ਦਮ ਕਰ ਦੇਣਗੇ। ਇਸ ਮਾਰਚ ਵਿੱਚ ਉਕਤ ਤੋਂ ਇਲਾਵਾ ਰੂਰਲ ਐਨ ਜੀ ਓ ਬਲਾਕ ਬਾਘਾ ਪੁਰਾਣਾ ਦੇ ਪ੍ਰਧਾਨ ਹਰਮਿੰਦਰ ਕੋਟਲਾ, ਮੋਗਾ - 1 ਦੇ ਪ੍ਰਧਾਨ ਕੁਲਵਿੰਦਰ ਸਿੰਘ ਰਾਮੂਵਾਲਾ, ਹਰਭਜਨ ਸਿੰਘ ਬਹੋਨਾ, ਪੰ: ਗੌ: ਪੈਨਸ਼ਨਰ ਐਸੋਸੀਏਸ਼ਨ ਦੇ ਆਗੂ ਪ੍ਰੇਮ ਕੁਮਾਰ, ਗੌ: ਸਕੂਲ ਟੀਚਰ ਯੂਨੀਅਨ ਆਗੂ ਬੂਟਾ ਸਿੰਘ ਭੱਟੀ, ਕੇਵਲ ਕ੍ਰਿਸ਼ਨ ਸ਼ਰਮਾ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਬੱਬੂ ਘੱਲਕਲਾਂ, ਬਲਵੀਰ ਸਿੰਘ ਪਾਂਧੀ, ਕਮਲਜੀਤ ਕੌਰ, ਭੁਪਿੰਦਰ ਕੌਰ, ਪ੍ਰੋਮਿਲਾ ਮੈਨਰਾਏ, ਅਮਰਜੀਤ ਸਿੰਘ ਕਲਕੱਤਾ, ਸੁਖਚੈਨ ਰਾਮੂੰਵਾਲੀਆ, ਕ੍ਰਿਸ਼ਨ ਸੂਦ, ਸੁਖਵਿੰਦਰ ਬੁੱਘੀਪੁਰਾ, ਦਰਸ਼ਨ ਸਿੰਘ, ਹੰਸ ਰਾਜ ਆਦਿ ਤੋਂ ਇਲਾਵਾ 100 ਦੇ ਕਰੀਬ ਵੱਖ ਸੰਸਥਾਵਾਂ ਦੇ ਮੈਂਬਰ ਹਾਜਰ ਸਨ।