ਪਲਸ ਪੋਲੀਓ ਰੋਕੂ ਮੁਹਿੰਮ ਦੇ ਦੂਸਰੇ ਦਿਨ 33399 ਬੱਚਿਆਂ ਨੂੰ ਘਰ ਘਰ ਜਾ ਕੇ ਪਿਲਾਈਆਂ ਪੋਲੀਓ ਰੋਕੂ ਬੂੰਦਾਂ
ਮੋਗਾ, 29 ਮਈ (ਜਸ਼ਨ):- ਕੇਂਦਰੀ ਸਿਹਤ ਮੰਤਰਾਲੇ ਨੇ ਦੇਸ਼ ਦੇ ਹਾਈ ਰਿਸਕ ਜ਼ਿਲਿਆਂ ਵਿੱਚ ਵਿਸ਼ੇਸ਼ ਪੋਲੀਓ ਰੋਕੂ ਮੁਹਿੰਮ ਤਹਿਤ ਜ਼ਿਲਾ ਮੋਗਾ ਵਿਖੇ ਵੀ 28 ਮਈ ਤੋਂ 0-5 ਸਾਲ ਉਮਰ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾ ਰਹੀਆਂ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਹਾਈ ਰਿਸਕ ਜ਼ਿਲਿਆਂ ਵਿਚੋਂ ਪੋਲੀਓ ਨੂੰ ਜੜੋਂ ਖਤਮ ਕਰਨ ਦਾ ਇਹ ਵਿਸ਼ੇਸ਼ ਉਪਰਾਲਾ ਹੈ। ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਪੋਲੀਓ ਰੋਕੂ ਮੁਹਿੰਮ ਦੇ ਅੱਜ ਦੂਸਰੇ ਦਿਨ ਸਿਹਤ ਵਿਭਾਗ ਦੀਆਂ 835 ਟੀਮਾਂ, 20 ਮੋਬਾਇਲ ਟੀਮਾਂ ਅਤੇ 19 ਟਰਾਂਜਿਟ ਟੀਮਾਂ ਵੱਲੋਂ ਘਰ ਘਰ ਜਾ ਕੇ 33399 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ। ਇਸ ਨਾਲ ਇਨਾਂ ਦੋ ਦਿਨਾਂ ਵਿੱਚ ਕੁੱਲ 77165 ਬੱਚਿਆਂ ਨੇ ਪੋਲੀਓ ਰੋਕੂ ਬੂੰਦਾਂ ਪੀ ਲਈਆਂ ਹਨ।
ਡਿਪਟੀ ਕਮਿਸ਼ਨਰ ਮੋਗਾ ਨੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਆਪਣੇ ਪੱਧਰ ਉੱਤੇ ਪੂਰਨ ਸਹਿਯੋਗ ਕਰਨ। ਉਨਾਂ ਚੁਣੇ ਹੋਏ ਸਰਪੰਚਾਂ ਪੰਚਾਂ ਅਤੇ ਹੋਰ ਮੋਹਤਬਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਰਸੂਖ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਪ੍ਰੇਰਨ ਕਿ ਉਹ ਆਪਣੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਜਰੂਰ ਪਿਲਾਉਣ। ਉਹਨਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਜਰੀਏ ਹਰ ਯੋਗ ਬੱਚੇ ਤੱਕ ਪੋਲੀਓ ਰੋਕੂ ਬੂੰਦ ਦੀ ਪਹੁੰਚ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।
ਸਿਵਲ ਸਰਜਨ ਮੋਗਾ ਡਾ. ਰਾਜੇਸ਼ ਅੱਤਰੀ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਜ਼ਿਲਾ ਮੋਗਾ ਦੇ 0-5 ਸਾਲ ਦੇ 100284 ਬੱਚਿਆਂ ਨੂੰ ਬੂੰਦਾਂ ਪਿਲਾਉਣ ਦਾ ਟੀਚਾ ਹੈ। ਇਸ ਮੁਹਿੰਮ ਨੂੰ ਚਲਾਉਣ ਲਈ 473 ਬੂਥ ਬਣਾਏ ਗਏ ਹਨ। ਇਸ ਕੰਮ ਲਈ 214 ਏ ਐਨ ਐਮਜ਼ ਅਤੇ ਮੇਲ ਵਰਕਰ, 818 ਆਸ਼ਾ ਵਰਕਰਾਂ, 386 ਆਂਗਣਵਾੜੀ ਵਰਕਰ, 90 ਸੁਪਰਵਾਈਜਰ, 1520 ਵੈਕਸੀਨੇਟਰ ਅਤੇ 511 ਹੋਰ ਕਰਮਚਾਰੀ ਵੀ ਕੰਮ ਕਰ ਰਹੇ ਹਨ। ਜ਼ਿਲਾ ਟੀਕਕਰਨ ਅਫ਼ਸਰ ਡਾ ਅਸ਼ੋਕ ਸਿੰਗਲਾ ਨੇ ਦੱਸਿਆ ਕਿ ਮੁਹਿੰਮ ਨੂੰ ਸਫਲ ਬਣਾਉਣ ਵਿੱਚ ਕਿਸੇ ਵੀ ਤਰਾਂ ਦੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿਹਤ ਵਿਭਾਗ ਤੋਂ ਡਾ. ਸੁਖਪ੍ਰੀਤ ਸਿੰਘ ਬਰਾੜ ਐਸਐਮਓ ਸਿਵਲ ਹਸਪਤਾਲ ਮੋਗਾ,ਅਮਿ੍ਰਤਪਾਲ ਸ਼ਰਮਾ ਜ਼ਿਲਾ ਬੀਸੀਸੀ ਕੋਆਰਡੀਨੇਟਰ, ਲਖਵਿੰਦਰ ਸਿੰਘ ਕੈੰਥ (ਬੀਈਈ) ਮਾਸ ਮੀਡੀਆ ਵਿੰਗ ਮੋਗਾ,ਵਿਸ਼ਵ ਸਿਹਤ ਸੰਗਠਨ ਵੱਲੋਂ ਡਾਕਟਰ ਮੇਘਾ ਪ੍ਰਕਾਸ਼ ਆਦ ਹਾਜ਼ਰ ਸਨ।