ਸਾਹਿਤ ਸਭਾ ਜਗਰਾਉਂ ਵਲੋਂ ਚੰਡੀਗੜ੍ਹ ਰੇਡੀਓ 'ਤੇ ਪੰਜਾਬੀ ਖ਼ਬਰਾਂ ਬੰਦ ਕਰਨ ਦੀ ਤਿੱਖੀ ਅਲੋਚਨਾਂ

 ਜਗਰਾਉਂ 28 ਮਈ ( kuldeep lohat  ) ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਵਿਖੇ ਆਲ ਇੰਡੀਆ ਰੇਡੀਓ 'ਤੇ ਪੰਜਾਬੀ ਭਾਸ਼ਾ ਵਿੱਚ ਖ਼ਬਰਾਂ ਬੰਦ ਕਰਨ ਦੇ ਤਾਨਾਸ਼ਾਹੀ ਐਲਾਨ ਦੀ ਸਾਹਿਤ ਸਭਾ ਜਗਰਾਉਂ ਦੇ ਕਲਮਕਾਰਾਂ ਨੇ ਤਿੱਖੀ ਅਲੋਚਨਾਂ ਕੀਤੀ ਹੈ।ਸਭਾ ਦੀ ਵਿਸ਼ੇਸ਼ ਇਕੱਤਰਤਾ ਦੌਰਾਨ ਸਭਾ ਦੇ ਪ੍ਰਧਾਨ ਕਰਮ ਸਿੰਘ ਸੰਧੂ, ਸਰਪ੍ਰਸਤ ਪ੍ਰਭਜੋਤ ਸਿੰਘ ਸੋਹੀ, ਰਾਜਦੀਪ ਤੂਰ ਤੇ ਕੁਲਦੀਪ ਸਿੰਘ ਲੋਹਟ ਨੇ  ਕੇਂਦਰ ਵੱਲੋਂ ਚੰਡੀਗੜ੍ਹ ਰੇਡੀਓ ਸਟੇਸ਼ਨ 'ਤੇ ਪੰਜਾਬੀ 'ਚ ਖ਼ਬਰਾਂ  ਬੰਦ ਕਰਨ ਦੇ ਫ਼ੈਸਲੇ ਨੂੰ ਪੰਜਾਬ ਤੇ ਪੰਜਾਬੀਅਤ ਵਿਰੋਧੀ ਕਰਾਰ ਦਿੰਦਿਆਂ ਭਾਜਪਾ ਦੇ ਫਿਰਕਾਪ੍ਰਸਤੀ ਏਜੰਡੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।ਇਸ ਮੌਕੇ ਲੇਖਕਾਂ ਨੇ ਵਿਸ਼ਵ ਪੱਧਰ 'ਤੇ ਪੰਜਾਬੀ ਭਾਸ਼ਾ ਨੂੰ ਮਿਲ ਰਹੇ ਮਾਣ ਸਨਮਾਨ ਦੀ ਗੱਲ ਕਰਦਿਆਂ ਆਖਿਆ ਕਿ ਪੰਜਾਬੀ ਆਲਮੀ ਪੱਧਰ 'ਤੇ ਬੋਲੀ ਜਾਣ ਵਾਲੀਆਂ ਭਾਸ਼ਾਵਾਂ ਵਿੱਚੋਂ 9 ਸਥਾਨ 'ਤੇ ਹੈ ਤੇ ਦੁਨੀਆਂ ਭਰ ਅੰਦਰ 160 ਮਿਲੀਅਨ ਲੋਕ ਪੰਜਾਬੀ  ਬੋਲਦੇ ਹਨ। ਉਨ੍ਹਾਂ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਪੰਜਾਬੀ ਪ੍ਰਤੀ  ਕੇਂਦਰ ਦਾ ਇਹ ਰਵੱਈਆ ਕਦਾਚਿੱਤ ਬਰਦਾਸ਼ਤ ਨਹੀਂ ਹੈ। ਉਨ੍ਹਾਂ ਪੰਜਾਬ ਸਰਕਾਰ ਦੀ ਚੁੱਪੀ 'ਤੇ ਵੀ ਸਵਾਲ ਚੁੱਕੇ ਤੇ ਸਰਕਾਰ ਨੂੰ ਇਸ ਮਾਮਲੇ 'ਤੇ ਚੁੱਪ ਤੋੜਨ ਦੀ ਅਪੀਲ ਵੀ ਕੀਤੀ।ਇਸ ਮੌਕੇ ਹਰਬੰਸ ਸਿੰਘ ਅਖਾੜਾ,ਪ੍ਰੋ.ਐਚ ਐਸ ਡਿੰਪਲ, ਗੁਰਜੀਤ ਸਹੋਤਾ, ਅਵਤਾਰ ਜਗਰਾਉਂ, ਮੇਜਰ ਸਿੰਘ ਛੀਨਾ, ਹਰਕੋਮਲ ਬਰਿਆਰ,ਰੂਮੀ ਰਾਜ, ਜੋਗਿੰਦਰ ਅਜ਼ਾਦ, ਸਰਬਜੀਤ ਸਿੰਘ, ਧਰਮਿੰਦਰ ਨੀਟਾ,ਡਾ.ਜਸਵੰਤ ਸਿੰਘ ਢਿੱਲੋਂ ਤੇ ਜਗਦੀਸ਼ ਮਹਿਤਾ ਹਾਜ਼ਰ ਸਨ।