ਵਿਸ਼ਵ ਖੂਨਦਾਤਾ ਦਿਵਸ ਮੌਕੇ ਲਗਾਏ ਜਾ ਰਹੇ ਖੂਨਦਾਨ ਕੈਂਪ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਕੀਤੀ,300 ਯੂਨਿਟ ਖੂਨਦਾਨ ਦਾ ਟੀਚਾ ਰੱਖਿਆ - ਲੂੰਬਾ

Tags: 

ਮੋਗਾ 28 ਮਈ (jashan  ) : ਰੂਰਲ ਐੱਨ ਜੀ ਓ ਕਲੱਬਜ ਐਸੋਸੀਏਸ਼ਨ ਮੋਗਾ ਵੱਲੋਂ 14 ਜੂਨ ਨੂੰ ਵਿਸ਼ਵ ਖੂਨਦਾਤਾ ਦਿਵਸ ਮੌਕੇ ਸਿਵਲ ਹਸਪਤਾਲ ਮੋਗਾ ਵਿਖੇ ਲਗਾਏ ਜਾ ਰਹੇ ਵਿਸ਼ਾਲ ਖੂਨਦਾਨ ਕੈਂਪ ਦੀਆਂ ਤਿਆਰੀਆਂ ਸਬੰਧੀ ਅੱਜ ਰੂਰਲ ਐੱਨ ਜੀ ਓ ਮੋਗਾ ਦੇ ਬਸਤੀ ਗੋਬਿੰਦਗੜ੍ਹ ਮੋਗਾ ਸਥਿਤ ਦਫਤਰ ਵਿਖੇ ਜਿਲ੍ਹਾ ਚੀਫ ਪੈਟਰਨ ਮਹਿੰਦਰ ਪਾਲ ਲੂੰਬਾ ਦੀ ਪ੍ਰਧਾਨਗੀ ਹੇਠ ਸ਼ਹਿਰੀ ਯੂਨਿਟ ਦੀ ਮੀਟਿੰਗ ਕੀਤੀ ਗਈ, ਜਿਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਖੂਨਦਾਨ ਸਭ ਤੋਂ ਉਤਮ ਦਾਨ ਹੈ, ਜਿਸਦੇ ਇੱਕ ਯੂਨਿਟ ਨਾਲ ਚਾਰ ਮਰੀਜ਼ਾਂ ਦੀ ਜਿੰਦਗੀ ਬਚਾਈ ਜਾ ਸਕਦੀ ਹੈ ਤੇ ਇਹ ਕਿਸੇ ਫੈਕਟਰੀ ਵਿੱਚ ਨਹੀਂ ਬਣਦਾ ਬਲਕਿ ਲੋੜ ਪੈਣ ਤੇ ਇਸ ਦੀ ਪੂਰਤੀ ਸਿਰਫ ਮਨੁੱਖ ਦੁਆਰਾ ਹੀ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦਿਨਾਂ ਵਿੱਚ ਸਿਵਲ ਹਸਪਤਾਲ ਮੋਗਾ ਦੇ ਬਲੱਡ ਬੈਂਕ ਵਿੱਚ ਖੂਨ ਦੀ ਭਾਰੀ ਕਮੀ ਪਾਈ ਜਾ ਰਹੀ ਹੈ ਤੇ ਲੋੜ ਪੈਣ ਤੇ ਮਰੀਜਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਹੀ ਇਸ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਅਤੇ 300 ਯੂਨਿਟ ਖੂਨਦਾਨ ਦਾ ਟੀਚਾ ਰੱਖਿਆ ਗਿਆ ਹੈ। ਰੂਰਲ ਐਨ ਜੀ ਓ ਮੋਗਾ ਦੇ ਜਿਲ੍ਹਾ ਪ੍ਰਧਾਨ ਹਰਭਿੰਦਰ ਸਿੰਘ ਜਾਨੀਆਂ ਨੇ ਆਮ ਲੋਕਾਂ ਨੂੰ ਇਸ ਕੈਂਪ ਵਿੱਚ ਪਹੁੰਚ ਕੇ ਵੱਡੀ ਗਿਣਤੀ ਵਿੱਚ ਖੂਨਦਾਨ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਖੂਨਦਾਨ ਕਰਨ ਨਾਲ ਸਰੀਰ ਵਿਚ ਕੋਈ ਕਮਜੋਰੀ ਨਹੀਂ ਆਉਂਦੀ ਬਲਕਿ ਸਰੀਰ ਪਹਿਲਾਂ ਤੋਂ ਵੱਧ ਚੁਸਤ ਅਤੇ ਤੰਦਰੁਸਤ ਰਹਿੰਦਾ ਹੈ। 18 ਤੋਂ 65 ਸਾਲ ਦੀ ਉਮਰ ਦਾ ਹਰ ਤੰਦਰੁਸਤ ਵਿਅਕਤੀ, ਜਿਸਦਾ ਭਾਰ 45 ਕਿਲੋ ਤੋਂ ਉਪਰ ਹੋਵੇ, ਹਰ ਤਿੰਨ ਮਹੀਨੇ ਬਾਅਦ ਖੂਨਦਾਨ ਕਰ ਸਕਦਾ ਹੈ। ਇਸ ਲਈ ਸਾਨੂੰ ਲੋੜ ਪੈਣ ਤੇ ਕਦੇ ਵੀ ਖੂਨਦਾਨ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ। ਉਨ੍ਹਾਂ ਖੂਨਦਾਨ ਦੇ ਇਸ ਮਹਾਕੁੰਭ ਵਿੱਚ ਸਭ ਨੂੰ ਆਪਣਾ ਯੋਗਦਾਨ ਪਾ ਕੇ ਇਸ ਇਤਿਹਾਸਕ ਪਲ ਦਾ ਹਿੱਸਾ ਬਨਣ ਦੀ ਅਪੀਲ ਕੀਤੀ। ਇਸ ਮੌਕੇ ਮੀਟਿੰਗ ਸ਼ਹਿਰੀ ਯੂਨਿਟ ਦੇ ਪ੍ਰਧਾਨ ਸੁਖਦੇਵ ਸਿੰਘ ਬਰਾੜ, ਚੇਅਰਮੈਨ ਗੁਰਸੇਵਕ ਸਿੰਘ ਸੰਨਿਆਸੀ, ਮੀਤ ਪ੍ਰਧਾਨ ਪ੍ਰਦੀਪ ਸ਼ਰਮਾ ਨੈਸਲੇ, ਜਨਰਲ ਸਕੱਤਰ ਪ੍ਰੋਮਿਲਾ ਕੁਮਾਰੀ, ਪ੍ਰੈੱਸ ਸਕੱਤਰ ਭਵਨਦੀਪ ਸਿੰਘ ਪੁਰਬਾ, ਇਕਬਾਲ ਸਿੰਘ ਖੋਸਾ, ਡਾ ਰਵੀਨੰਦਨ ਸ਼ਰਮਾ, ਡਾ ਸਰਬਜੀਤ ਕੌਰ ਬਰਾੜ, ਨਰਜੀਤ ਕੌਰ, ਲਖਵਿੰਦਰ ਸਿੰਘ ਅਤੇ ਅਰਵਿੰਦਰ ਸਿੰਘ ਕਾਨਪੁਰੀਆ ਆਦਿ ਹਾਜ਼ਰ ਸਨ।