ਸਕੂਲ ਆਫ ਐਮੀਨੇਂਸ ਦੇ ਵਿਦਿਆਰਥੀਆਂ ਨੇ ਕੀਤਾ ਉਦਯੋਗਿਕ ਇਕਾਈਆਂ ਦਾ ਦੌਰਾ
ਉਦਯੋਗਿਕ ਇਕਾਈਆਂ ਦੀ ਫੇਰੀ ਰਾਹੀਂ ਉਦਯੋਗਪਤੀ ਬਨਣ ਜਾ ਕੁਝ ਨਵਾਂ ਕਰਨ ਦੇ ਖੇਤਰ ਵੱਲ ਜਾਣਗੇ ਵਿਦਿਅਰਥੀ-ਡਿਪਟੀ ਕਮਿਸ਼ਨਰ
ਮੋਗਾ, 27 ਮਈ:(ਜਸ਼ਨ): ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਬੱਚਿਆਂ ਨੂੰ ਸਹੀ ਮਾਇਨਿਆਂ ਵਿਚ ਸਮੇਂ ਦੇ ਹਾਣ ਦੀ ਸਿੱਖਿਆ ਦੇਣ ਦੇ ਮਕਸਦ ਨਾਲ ਸੁਰੂ ਕੀਤੇ ਗਏ ਸਕੂਲ ਆਫ ਐਮੀਨੈਸ ਤਹਿਤ ਬੱਚਿਆਂ ਦਾ ਸਰਵਪੱਖੀ ਵਿਕਾਸ ਸੰਭਵ ਹੋ ਰਿਹਾ ਹੈ। ਸਕੂਲ ਆਫ਼ ਐਮੀਨੇਂਸ ਦੇ ਵਿਦਿਆਰਥੀਆਂ ਨੂੰ ਵੱਖ ਵੱਖ ਨਾਮੀ ਵਿੱਦਿਅਕ ਸੰਸਥਾਵਾਂ ਤੋਂ ਇਲਾਵਾ ਹੋਰ ਮਹੱਤਵਪੂਰਨ ਸਥਾਨਾਂ ਦਾ ਦੌਰਾ ਕਰਵਾਇਆ ਜਾ ਰਿਹਾ ਹੈ, ਤਾਂ ਕਿ ਵਿਦਿਆਰਥੀਆਂ ਵਿੱਚ ਹਰ ਖੇਤਰ ਪ੍ਰਤੀ ਚੇਤਨਤਾ ਪੈਦਾ ਹੋ ਸਕੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਦੱਸਿਆ ਕਿ ਐਕਸਕੁਰੇਸ਼ਨ/ਸਟੱਡੀ ਟੂਰ ਪ੍ਰੋਗਰਾਮ ਅਧੀਨ ਜ਼ਿਲਾ ਮੋਗਾ ਦੇ ਸਕੂਲ ਆਫ਼ ਐਮੀਨੇਂਸ ਦੇ ਬੱਚਿਆਂ ਨੂੰ ਵੀ ਜ਼ਿਲਾ ਮੋਗਾ ਦੀਆਂ ਪ੍ਰਸਿੱਧ ਉਦਯੋਗਿਕ ਇਕਾਈਆਂ ਦਾ ਦੌਰਾ ਕਰਵਾਇਆ ਗਿਆ। ਇਨਾਂ ਵਿੱਚ ਜ਼ਿਲਾ ਮੋਗਾ ਦੇ ਚਾਰ ਸਕੂਲਾਂ ਲੰਡੇਕੇ, ਕੈਲਾ, ਬਾਘਾਪੁਰਾਣਾ ਅਤੇ ਨਿਹਾਲ ਸਿੰਘ ਵਾਲਾ ਦੇ ਵਿਦਿਆਰਥੀ ਸ਼ਾਮਿਲ ਸਨ।ਉਹਨਾਂ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਘਾਪੁਰਾਣਾ ਦੇ ਵਿਦਿਆਰਥੀਆਂ ਨੂੰ ਮੈਸ ਪਾਰਸ ਸਪਾਈਸਜ਼ ਖੋਸਾ ਪਾਂਡੋ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੈਲਾ ਦੇ ਵਿਦਿਆਰਥੀਆਂ ਨੂੰ ਮੈਸ ਜੈ ਇੰਟਰਪ੍ਰਾਈਜ਼ਜ਼ ਧੱਲੇਕੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਢੇਕੇ ਦੇ ਵਿਦਿਆਰਥੀਆਂ ਨੂੰ ਮੈਸ ਜੈੱਡ ਬਰੋਜ਼ ਇੰਡਸਟਰੀਜ਼ ਮੋਗਾ, ਅਤੇ ਸਰਕਾਰੀ ਸੀਨੀਅਰ ਸੈਕਡਰੀ ਸਕੂਲ ਨਿਹਾਲ ਸਿੰਘ ਵਾਲਾ ਦੇ ਵਿਦਿਆਰਥੀਆਂ ਨੂੰ ਮੈਸ ਸੰਨੀ ਪ੍ਰੋਸੈਸਿੰਗ ਇੰਡਸਟਰੀਜ਼ ਮੋਗਾ ਦੀਆਂ ਮਸ਼ਹੂਰ ਉਦਯੋਗਿਕ ਇਕਾਈਆਂ ਦਾ ਦੌਰਾ ਕਰਵਾਇਆ ਗਿਆ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨਾਂ ਦੌਰਿਆਂ ਦਾ ਮਕਸਦ ਸੈਸ਼ਨ ਦੇ ਸੁਰੂਆਤ ਵਿਚ ਹੀ ਵਿਦਿਆਰਥੀਆਂ ਦੇ ਮਨਾਂ ਵਿਚ ਉਚੇਰੀ ਸਿੱਖਿਆ ਸੰਸਥਾਵਾਂ ਵਿੱਚ ਪੜਨ ਦੀ ਚੇਟਕ ਲਗਾਉਣ ਹੈ ਅਤੇ ਉਦਯੋਗਿਕ ਇਕਾਈਆਂ ਦੀ ਫੇਰੀ ਰਾਹੀਂ ਉਦਯੋਗਪਤੀ ਬਨਣ ਜਾ ਕੁਝ ਨਵਾਂ ਕਰਨ ਦੇ ਵਿਚਾਰ ਨਾਲ ਇਨਾਂ ਨੂੰ ਰੂ-ਬਰੂ ਕਰਵਾਉਣਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬਿਹਤਰੀਨ ਸਿੱਖਿਆ ਦੇਣ ਲਈ ਵਚਨਬੱਧ ਹੈ ਅਤੇ ਲਗਾਤਾਰ ਇਸ ਦਿਸਾ ਵਿਚ ਕੰਮ ਕਰ ਰਹੀ ਹੈ। ਜ਼ਿਲਾ ਗਾਈਡੇਂਸ ਕਾਊਂਸਲਰ ਸ੍ਰੀਮਤੀ ਜਗਜੀਤ ਨੂੰ ਇਹਨਾਂ ਦੌਰਿਆਂ ਦਾ ਨੋਡਲ ਅਫ਼ਸਰ ਲਗਾਇਆ ਗਿਆ ਹੈ। ਇਨਾਂ ਉਦਯੋਗਿਕ ਇਕਾਈਆਂ ਦੇ ਦੌਰੇ ਦੌਰਾਨ ਜ਼ਿਲਾ ਉਦਯੋਗ ਕੇਂਦਰ ਮੋਗਾ ਤੋਂ ਐਫ.ਐਮ. ਸੁਖਰਾਜ ਸਿੰਘ ਵਿਰਕ ਅਤੇ ਐਸ.ਪੀ.ਆਈ.ਓ. ਰਾਜਨ ਅਰੋੜਾ ਦਾ ਖਾਸ ਯੋਗਦਾਨ ਰਿਹਾ।