ਡਿਪਟੀ ਕਮਿਸ਼ਨਰ ਨੇ ਨਾਗਰਿਕਾਂ ਨੂੰ,ਆਪਣਾ ਆਧਾਰ ਅੱਪਡੇਟ ਕਰਨ ਦੀ ਕੀਤੀ ਅਪੀਲ, 'ਮਾਈ ਆਧਾਰ ਵੈੱਬਸਾਈਟ', ਸੇਵਾ ਕੇਂਦਰ, ਬੈਂਕ, ਡਾਕਖਾਨੇ 'ਤੇ ਆਨਲਾਈਨ ਕੀਤਾ ਜਾ ਸਕਦਾ ਹੈ ਆਧਾਰ ਅੱਪਡੇਟ
ਮੋਗਾ, 26 ਮਈ:(ਜਸ਼ਨ) ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਜ਼ਿਲ੍ਹੇ ਦੇ ਆਧਾਰ ਕਾਰਡ ਧਾਰਕਾਂ ਨੂੰ ਪਛਾਣ ਦੇ ਸਬੂਤ ਅਤੇ ਤਾਜ਼ਾ ਪਤੇ ਦੇ ਸਬੂਤਾਂ ਦੇ ਨਾਲ ਸਬੰਧਤ ਦਸਤਾਵੇਜ਼ ਜਮ੍ਹਾਂ ਕਰਵਾ ਕੇ ਆਪਣੇ ਆਧਾਰ ਕਾਰਡ ਦੀ ਮੁੜ ਤਸਦੀਕ ਕਰਵਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਆਧਾਰ ਕਾਰਡ ਨੂੰ ਹੋਰ ਮਜ਼ਬੂਤ ਪਛਾਣ ਦਸਤਾਵੇਜ਼ ਬਣਾਇਆ ਜਾ ਸਕਦਾ ਹੈ, ਜਿਸ ਲਈ ਸਰਕਾਰ ਵੱਲੋਂ ਆਧਾਰ ਕਾਰਡ ਨੂੰ ਅਪਡੇਟ ਕਰਨ ਲਈ ਮੁਹਿੰਮ ਵੀ ਚਲਾਈ ਜਾ ਰਹੀ ਹੈ।
ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਯੂ.ਆਈ.ਡੀ.ਏ.ਆਈ ਨੇ ਆਧਾਰ ਕਾਰਡ ਦੇ ਨਾਲ ਨਵੇਂ ਪਛਾਣ ਪੱਤਰ ਅਪਲੋਡ ਕਰਨ ਦਾ ਬਦਲ ਵੀ ਦਿੱਤਾ ਹੈ। 'ਮਾਈ ਆਧਾਰ ਪੋਰਟਲ' ਜਾਂ ਨਜ਼ਦੀਕੀ ਆਧਾਰ ਇਨਰੋਲਮੈਂਟ ਕੇਂਦਰਾਂ ਰਾਹੀਂ ਅਪਲੋਡ ਕੀਤੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਨਾਗਰਿਕਾਂ ਨੇ ਪਿਛਲੇ 8 ਤੋਂ 10 ਸਾਲਾਂ ਦੇ ਵਿੱਚ ਆਪਣੇ ਆਧਾਰ ਕਾਰਡ ਵਿੱਚ ਕੋਈ ਵੀ ਅੱਪਡੇਟ ਨਹੀਂ ਕਰਵਾਇਆ ਜਾਂ ਉਨ੍ਹਾਂ ਦਾ ਪਤਾ ਬਦਲਿਆ ਹੈ, ਉਹ ਅੱਪਡੇਟ ਕਰਵਾਉਣਾ ਯਕੀਨੀ ਬਣਾਉਣ। ਉਨ੍ਹਾਂ ਦੱਸਿਆ ਕਿ ਜੇਕਰ ਨਾਗਰਿਕ ਦੀ ਸੂਚਨਾ ਵਿੱਚ ਕੋਈ ਬਦਲਾਅ ਨਾ ਵੀ ਹੋਵੇ ਤਾਂ ਵੀ ਪਹਿਚਾਣ ਅਤੇ ਪਤੇ ਦੀ ਤਸਦੀਕ ਲਈ ਮੌਜੂਦਾ ਆਧਾਰ ਕਾਰਡ ਪ੍ਰਮਾਣ ਪੱਤਰ ਪ੍ਰਾਪਤ ਕਰਨਾ ਜ਼ਰੂਰੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੇਕਰ ਮੋਬਾਇਲ ਨੰਬਰ ਆਧਾਰ ਕਾਰਡ ਨਾਲ ਰਜਿਸਟਰਡ ਹੈ ਤਾਂ ਆਧਾਰ ਕਾਰਡ https://myaadhaar.uidai.gov.in/ 'ਤੇ ਲਾਗਇਨ ਕਰਕੇ ਆਨਲਾਈਨ ਇਸ ਸੇਵਾ ਦਾ ਲਾਭ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਆਧਾਰ ਕਾਰਡ ਰਾਹੀਂ ਨਾਗਰਿਕਾਂ ਨੂੰ ਕਈ ਸਰਕਾਰੀ ਸੇਵਾਵਾਂ ਅਤੇ ਹੋਰ ਲਾਭ ਮੁਹੱਈਆ ਕਰਵਾਏ ਜਾਂਦੇ ਹਨ, ਇਸ ਲਈ ਇਸ ਨੂੰ ਅੱਪਡੇਟ ਰੱਖਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਸਮੂਹ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਕਿਸੇ ਵੀ ਵਿਅਕਤੀ ਦੇ ਆਧਾਰ ਕਾਰਡ ਨੂੰ ਪਛਾਣ ਦੇ ਸਬੂਤ ਵਜੋਂ ਸਵੀਕਾਰ ਕਰਨ ਤੋਂ ਪਹਿਲਾਂ ਤਸਦੀਕ ਕਰਵਾ ਲੈਣ ਕਿਉਂਕਿ ਇਸ ਨਾਲ ਫਰਜ਼ੀ ਫੋਟੋਸ਼ਾਪ ਵਾਲੇ ਆਧਾਰ ਕਾਰਡਾਂ ਦੀ ਪਛਾਣ ਕਰਨ ਵਿੱਚ ਮਦਦ ਮਿਲੇਗੀ।