ਗੀਤਾ ਭਵਨ ਖੇਤਰ ‘ਚ ਲਗਾਏ ਕਿਸਾਨ ਬਾਜ਼ਾਰ ਨੂੰ ਲੋਕਾਂ ਦਾ ਮਿਲਿਆ ਭਰਵਾਂ ਹੁੰਗਾਰਾ
*ਹਰ ਮਹੀਨੇ 25 ਤਰੀਕ ਨੂੰ ਲੱਗਿਆ ਕਰੇਗਾ ਕਿਸਾਨ ਬਾਜ਼ਾਰ
ਮੋਗਾ, 26 ਮਈ ((ਜਸ਼ਨ): ਕਿਸਾਨਾਂ ਦੀ ਆਰਥਿਕਤਾ ਨੂੰ ਉਤਸ਼ਾਹਿਤ ਕਰਨ ਅਤੇ ਜੈਵਿਕ ਖਾਧ ਪਦਾਰਥਾਂ ਦੀ ਲੋਕਾਂ ਤੱਕ ਪਹੁੰਚ ਆਸਾਨ ਬਣਾਉਣ ਲਈ ਫਾਰਮਰਜ਼ ਫੂਡ ਪ੍ਰੋਸੈਸਰਜ਼ ਸੁਸਾਇਟੀ ਘੱਲਕਲਾਂ ਅਤੇ ਮਾਰਕੀਟ ਕਮੇਟੀ ਮੋਗਾ ਵੱਲੋਂ ਗੀਤਾ ਭਵਨ ਦੇ ਸਵਾਮੀ ਵੇਦਾਂਤਾ ਨੰਦ ਪਾਰਕ ਦੀ ਪਾਰਕਿੰਗ ਵਿਚ ਕਿਸਾਨ ਬਾਜ਼ਾਰ ਲਗਾਇਆ ਗਿਆ।
ਇਸ ਮੌਕੇ ਜ਼ਿਲ੍ਹਾ ਮੰਡੀ ਅਫਸਰ ਜਸ਼ਨਦੀਪ ਸਿੰਘ ਨੈਣੇਵਾਲ, ਸਫ਼ਲ ਕਿਸਾਨ ਪਰਮਜੀਤ ਸਿੰਘ ਘੱਲਕਲਾਂ, ਕੁਦਰਤ ਪ੍ਰੇਮੀ ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ਸਟੇਟ ਐਵਾਰਡੀ , ਪਰਮਿੰਦਰ ਸਿੰਘ ਮੰਡੀ ਸੁਪਰਵਾਈਜ਼ਰ ,ਜਸਪ੍ਰੀਤ ਸਿੰਘ ਮੰਡੀ ਅਫਸਰ ਅਤੇ ਜੈਵਿਕ ਖੇਤੀ ਮਾਹਰ ਚਮਕੌਰ ਸਿੰਘ ਘੋਲੀਆ ਆਦਿ ਨੇ ਕਿਸਾਨ ਬਾਜ਼ਾਰ ਦੀਆਂ ਉਦਘਾਟਨੀ ਰਸਮਾਂ ਨਿਭਾਈਆਂ। ਇਸ ਮੌਕੇ ਮੋਗਾ ਦੇ ਸ਼ਹਿਰਵਾਸੀਆਂ ਨੇ ਗੀਤਾ ਭਵਨ ਦੇ ਖੇਤਰ ਵਿਚ ਅਜਿਹੇ ਕਿਸਾਨ ਬਾਜ਼ਾਰ ਦਾ ਸਵਾਗਤ ਕੀਤਾ ਅਤੇ ਦਿਲ ਖੋਲ੍ਹ ਕੇ ਖਰੀਦਦਾਰੀ ਕੀਤੀ। ਆਮ ਲੋਕਾਂ ਨੇ ਗੁੜ੍ਹ, ਸ਼ੱਕਰ, ਸਬਜ਼ੀਆਂ, ਸਰੋਂ ਦਾ ਤੇਲ, ਹਲਦੀ , ਮਸਾਲੇ , ਆਚਾਰ ਆਦਿ ਖਰੀਦਣ ਤੋਂ ਇਲਾਵਾ ਗਰਮਾ ਗਰਮ ਪਕੌੜੇ , ਖੀਰ , ਸਾਗ ਅਤੇ ਦੇਸੀ ਘਿਓ ਦੀਆਂ ਜਲੇਬੀਆਂ ਦਾ ਲੁਤਫ਼ ਲਿਆ।
ਇਸ ਮੌਕੇ ਲੈਕਚਾਰ ਤੇਜਿੰਦਰ ਸਿੰਘ ਜਸ਼ਨ ਸਟੇਟ ਐਵਾਰਡੀ ਨੇ ਆਖਿਆ ਕਿ ਜਿਸ ਤਰਾਂ ਪੰਜਾਬ ਸਰਕਾਰ ਲੋਕਾਂ ਦੇ ਦੁਆਰ ’ਤੇ ਜਾ ਕੇ ਸਹੂਲਤਾਂ ਮੁਹਈਆ ਕਰਵਾ ਰਹੀ ਹੈ , ਉਸੇ ਤਰਾਂ ਮਾਰਕੀਟ ਕਮੇਟੀ , ਸੰਤ ਬਾਬਾ ਗੁਰਮੀਤ ਸਿੰਘ ਖੋਸਿਆਂ ਵਾਲੇ ਅਤੇ ਜੈਵਿਕ ਖਾਧ ਪਦਾਰਥਾਂ ਪ੍ਰਤੀ ਰੁਚੀ ਰੱਖਣ ਵਾਲੇ ਕੁਦਰਤ ਪ੍ਰੇਮੀ ,ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਅਤੇ ਸ਼ਹਿਰੀਆਂ ਨੂੰ ਜ਼ਹਿਰਾਂ ਤੋਂ ਮੁਕਤ ਸਬਜ਼ੀਆਂ ਅਤੇ ਹੋਰ ਪਦਾਰਥ ਉਹਨਾਂ ਦੇ ਘਰਾਂ ਦੇ ਨੇੜੇ ਮੁਹਈਆ ਕਰਵਾਉਣ ਲਈ , ਕਿਸਾਨ ਬਾਜ਼ਾਰਾਂ ਦੇ ਰੂਪ ਵਿਚ ਨਿਵੇਕਲਾ ਮੰਚ ਮੁਹਈਆ ਕਰਵਾ ਰਹੇ ਹਨ। ਉਹਨਾਂ ਆਖਿਆ ਕਿ ਆਮ ਲੋਕ ਵੱਧ ਤੋਂ ਵੱਧ ਇਹਨਾਂ ਕਿਸਾਨ ਬਜ਼ਾਰਾਂ ਪ੍ਰਤੀ ਆਪਣੀ ਰੁਚੀ ਦਿਖਾਉਣ ਤਾਂ ਕਿ ਸਿਹਤਮੰਦ ਪੰਜਾਬ ਦੀ ਸਿਰਜਣਾ ਕੀਤੀ ਜਾ ਸਕੇ। ਇਸ ਮੌਕੇ ਵਰਿੰਦਰਪਾਲ, ਰਣਦੀਪ ਪੰਡੋਰੀ, ਜਸਕਰਨ ਸਿੰਘ ਚੱਕ ਤਾਰੇਵਾਲਾ, ਕੁਲਦੀਪ ਘੋਲੀਆ, ਅਨਿਲ ਕੁਮਾਰ ਜਿਆਣੀ। ਗੁਰਵਿੰਦਰ ਮਾਨਸਾ, ਹਰਦੀਪ ਸਿੱਧੂ, ਜਗਦੀਸ਼ ਕੁਮਾਰ, ਪ੍ਰੌਫੈਸਰ ਬਲਵਿੰਦਰ ਸਿੰਘ ਰਿਤੇਸ਼ ਕੁਮਾਰ, ਰਾਕੇਸ਼ ਕਾਲੜਾ, ਪਵਨ ਕੁਮਾਰ ਰਾਜੂ, ਪ੍ਰੌ: ਨਿਰਮਲ ਸਿੰਘ ਆਦਿ ਨੇ ਕਿਸਾਨ ਬਾਜ਼ਾਰ ਨੂੰ ਸਫ਼ਲ ਬਣਾਉਣ ਲਈ ਆਪਣਾ ਯੋਗਦਾਨ ਪਾਇਆ।