ਮੋਗਾ ‘ਚ ਬੱਸ ਪਲਟੀ, ਰਾਹਤ ਕਾਰਜ ਜਾਰੀ
ਮੋਗਾ, 25 ਮਈ (ਜਸ਼ਨ/ਸੰਦੀਪ): ਅੱਜ ਦੁਪਹਿਰ ਸਮੇਂ ਮੋਗਾ ਦੇ ਕਸਬਾ ਬਾਘਾਪੁਰਾਣਾ ਵਿਖੇ ਪੰਜਾਬ ਰੋਡਵੇਜ ਦੀ ਸਵਾਰੀਆਂ ਨਾਲ ਭਰੀ ਬੱਸ ਅਚਾਨਕ ਪਲਟ ਗਈ ਜਿਸ ਕਾਰਨ ਬੱਸ ਵਿਚ ਬੈਠੀਆਂ 50-60 ਸਵਾਰੀਆਂ ਵਿਚੋਂ ਕੁਝ ਸਵਾਰੀਆਂ ਜਖਮੀ ਹੋ ਗਈਆਂ । ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਦੁਪਹਿਰ ਸਮੇਂ ਮੀਂਹ ਪੈ ਰਿਹਾ ਸੀ । ਇਸ ਘਟਨਾ ਵਿਚ ਕਿਸੇ ਵੀ ਤਰਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਸਵਾਰੀਆਂ ਦੇ ਸੱਟਾਂ ਲੱਗੀਆਂ ਕਰਕੇ ਉਹ ਬੇਹੱਦ ਘਬਰਾਈਆਂ ਹੋਈਆਂ ਸਨ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ ’ਤੇ ਪੁਲਿਸ ਵੀ ਪਹੁੰਚੀ ਅਤੇ ਬਾਘਾਪੁਰਾਣਾ ਦੇ ਵਿਧਾਇਕ ਅਮ੍ਰਿਤਪਾਲ ਸਿੰਘ ਵੀ ਪਹੁੰਚੇ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਬੱਸ ਮੋਗਾ ਤੋਂ ਬਾਘਾਪੁਰਾਣਾ ਹੁੰਦੀ ਹੋਈ ਅਬੋਹਰ ਜਾ ਰਹੀ ਸੀ ’ਤੇ ਅਚਾਨਕ ਹੀ ਬਾਘਾਪੁਰਾਣਾ ਦਾਖਲ ਹੁੰਦਿਆਂ ਪਲਟ ਜਾਣ ਕਰਕੇ ਸਵਾਰੀਆਂ ‘ਚ ਹਾਹਾਕਾਰ ਮੱਚ ਗਈ। ਦੁਕਾਨਦਾਰਾਂ ਅਤੇ ਰਾਹਗੀਰਾਂ ਨੇ ਬਵਾਰੀਆਂ ਨੂੰ ਸ਼ੀਸ਼ੇ ਤੋੜ ਕੇ ਬਾਹਰ ਕੱਢਿਆ ਜਿਹਨਾਂ ਨੂੰ ਗੁੱਝੀਆਂ ਸੱਟਾਂ ਲੱਗੀਆਂ ਹਨ ਜਿਹਨਾਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿਖੇ ਪਹੁੰਚਾ ਦਿੱਤਾ ਗਿਆ ਹੈ।
ਬੱਸ ਚਾਲਕ ਮੁਤਾਬਕ ਮੀਂਹ ਪੈਣ ਕਰਕੇ ਬੱਸ ਦੀ ਬਰੇਕ ਜਾਮ ਹੋਣ ਕਰਕੇ ਇਹ ਘਟਨਾ ਵਾਪਰੀ ਹੈ। ਪ੍ਰਤੱਖ ਦਰਸ਼ੀਆਂ ਮੁਤਾਬਕ ਬੱਸ ਦੇ ਅਚਾਨਕ ਪਲਟ ਜਾਣ ਕਾਰਨ ਦੁਕਾਨ ਦੇ ਬਾਹਰ ਖੜ੍ਹੀਆਂ ਦੋ ਦੁਪਹੀਆ ਵਾਹਨ ਅਤੇ ਇਕ ਬਿਜਲੀ ਦਾ ਖੰਬਾ ਨੁਕਸਾਨਿਆ ਗਿਆ ਹੈ ਪਰ ਕਿਸੇ ਤਰਾਂ ਦੇ ਜਾਨੀ ਨੁਕਸਾਨ ਤੋਂ ਬੱਚਤ ਰਹੀ ਹੈ।