ਮੋਗਾ ਦੇ ‘ਸਕੂਲ ਆਫ ਐਮੀਨੈਂਸ ’ ਦੇ ਵਿਦਿਆਰਥੀਆਂ ਕੀਤਾ,ਨਾਮੀਂ ਸਿੱਖਿਆ ਸੰਸਥਾਵਾਂ ਦਾ ਦੌਰਾ, ਉਦਯੋਗਿਕ ਇਕਾਈਆਂ ਦਾ ਦੌਰਾ ਕਰਨਗੇ 26 ਮਈ ਨੂੰ

ਮੋਗਾ, 20 ਮਈ (ਜਸ਼ਨ) – ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ  ਸਮੇਂ ਦੇ ਹਾਣ ਦੀ ਸਿੱਖਿਆ ਦੇਣ ਦੇ ਮਕਸਦ ਨਾਲ ਸੁਰੂ ਕੀਤੇ ਗਏ ‘ਸਕੂਲ ਆਫ ਐਮੀਨੈਸ’ ਦੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸੂਬੇ ਦੀਆਂ ਨਾਮੀ ਉਚੇਰੀ ਸਿੱਖਿਆ ਸੰਸਥਾਵਾਂ ਤੋਂ ਜਾਣੂ ਕਰਵਾਉਣ ਲਈ ਇਕ ਰੋਜਾ ਟੂਰ ਪ੍ਰੋਗਰਾਮ ਰੱਖਿਆ ਗਿਆ ਹੈ।ਇਸ ਸਿੱਖਿਆ ਟੂਰ ਪ੍ਰੋਗਰਾਮ ਅਧੀਨ ਅੱਜ ਜ਼ਿਲ੍ਹਾ ਮੋਗਾ ਦੇ ਚਾਰ ਸਕੂਲਾਂ ਲੰਡੇਕੇ, ਕੈਲਾ, ਬਾਘਾਪੁਰਾਣਾ ਅਤੇ ਨਿਹਾਲ ਸਿੰਘ ਵਾਲਾ ਦੇ ਵਿਦਿਆਰਥੀਆਂ ਨੂੰ ਸਿੱਖਿਆ ਸੰਸਥਾਵਾਂ ਦਾ ਦੌਰਾ ਕਰਵਾਇਆ ਗਿਆ। ਜ਼ਿਲ੍ਹਾ ਗਾਈਡੇਂਸ ਕਾਊਂਸਲਰ ਜਗਜੀਤ ਕੌਰ ਨੇ ਦੱਸਿਆ ਕਿ ਬਾਘਾਪੁਰਾਣਾ ਅਤੇ ਲੰਡੇਕੇ ਦੇ ਵਿਦਿਆਰਥੀਆਂ ਨੂੰ ਸ਼ਹੀਦ ਭਗਤ ਸਿੰਘ ਟੈਕਨੀਕਲ ਯੂਨੀਵਰਸਿਟੀ ਫਿਰੋਜਪੁਰ ਅਤੇ ਕੈਲਾ ਅਤੇ ਨਿਹਾਲ ਸਿੰਘ ਵਾਲਾ ਦੇ ਵਿਦਿਆਰਥੀਆਂ ਨੂੰ ਬਾਬਾ ਫਰੀਦ ਲਾਅ ਕਾਲਜ ਫਰੀਦਕੋਟ ਦਾ ਦੌਰਾ ਕਰਵਾਇਆ ਗਿਆ।
ਉਹਨਾਂ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਨੂੰ 26 ਮਈ ਨੂੰ ਮੁੜ ਇਕ ਦਿਨਾਂ ਦੌਰੇ ‘ਤੇ ਉਦਯੋਗਿਕ ਇਕਾਈਆਂ ਵਿੱਚ ਭੇਜਿਆ ਜਾਵੇਗਾ। ਜਿਸ ਤਹਿਤ ਬਾਘਾਪੁਰਾਣਾ ਦੇ ਵਿਦਿਆਰਥੀ ਖੋਸਾ ਪਾਂਡੋ ਸਥਿਤ ਮੈਸਰਜ ਪਾਰਸ ਸਪਾਈਸਜ, ਕੈਲਾ ਦੇ ਵਿਦਿਆਰਥੀ ਮੈਸਰਜ ਜੈ ਇੰਟਰਪ੍ਰਾਈਜਜ ਧੱਲੇਕੇ, ਲੰਡੇਕੇ ਦੇ ਵਿਦਿਆਰਥੀ ਮੈਸਰਜ ਜੈੱਡਬਰੋਜ ਇੰਡਸਟਰੀਜ ਮੋਗਾ ਅਤੇ ਨਿਹਾਲ ਸਿੰਘ ਵਾਲਾ ਦੇ ਵਿਦਿਆਰਥੀ ਮੈਸਰਜ ਸਨੀ ਪ੍ਰੋਸੈਸਿੰਗ ਇੰਡਸਟਰੀਜ ਮੋਗਾ ਦਾ ਦੌਰਾ ਕਰਨਗੇ। ਉਹਨਾਂ ਦੱਸਿਆ ਕਿ ਇਨ੍ਹਾਂ ਦੌਰਿਆਂ ਦਾ ਮਕਸਦ ਸੈਸ਼ਨ ਦੇ ਸੁਰੂਆਤ ਵਿਚ ਹੀ ਵਿਦਿਆਰਥੀਆਂ ਦੇ ਮਨਾਂ ਵਿਚ ਉਚੇਰੀ ਸਿੱਖਿਆ ਸੰਸਥਾਵਾਂ ਵਿੱਚ ਪੜ੍ਹਨ ਦੀ ਚੇਟਕ ਲਗਾਉਣ ਹੈ ਅਤੇ ਉਦਯੋਗਿਕ ਇਕਾਈਆਂ ਦੀ ਫੇਰੀ ਰਾਹੀਂ ਉਦਯੋਗਪਤੀ ਬਨਣ ਜਾ ਕੁਝ ਨਵਾਂ ਕਰਨ ਦੇ ਵਿਚਾਰ ਨਾਲ ਇਨ੍ਹਾਂ ਨੂੰ ਰੂ-ਬਰੂ ਕਰਵਾਉਣਾ ਹੈ।