ਕੈਂਬਰਿਜ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਦੀ ਲਿਖੀ ਕਿਤਾਬ ਬਾ੍ਈ ਬੁੱਕਸ ਵੱਲੋਂ ਪ੍ਰਕਾਸ਼ਿਤ ਕੀਤੀ ਗਈ
ਮੋਗਾ, 3ਮਈ (ਜਸ਼ਨ): ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਜ਼ਿਲੇ ਦੀ ਨਾਮਵਰ ਵਿੱਦਿਅਕ ਸੰਸਥਾ ਹੈ ਜੋ ਕਿ ਸਕੂਲ ਦੇ ਚੇਅਰਮੈਨ ਸ. ਦਵਿੰਦਰਪਾਲ ਸਿੰਘ, ਪ੍ਰੈਜ਼ੀਡੈਂਟ ਸ. ਕੁਲਦੀਪ ਸਿੰਘ ਸਹਿਗਲ, ਜਨਰਲ ਸੈਕਟਰੀ ਮੈਡਮ ਪਰਮਜੀਤ ਕੌਰ ਅਤੇ ਪ੍ਰਿੰਸੀਪਲ ਮੈਡਮ ਸਤਵਿੰਦਰ ਕੌਰ ਦੀ ਯੋਗ ਅਗਵਾਈ ਵਿਚ ਵਿਦਿਅਕ ਖੇਤਰ ਦੇ ਨਾਲ-ਨਾਲ ਹਰ ਖੇਤਰ ਵਿੱਚ ਨਵੀਆਂ ਪੈੜਾਂ ਸਥਾਪਤ ਕਰ ਰਹੀ ਹੈ। ਇਸੇ ਲੜੀ ਅਧੀਨ ਸਕੂਲ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਖੁਸ਼ੀ ਭਾਰਦਵਾਜ ਨੇ ਮਹਿਜ਼ 13 ਸਾਲ ਦੀ ਉਮਰ ਵਿੱਚ ਰਿਆਲਿਟੀ ਆਫ਼ ਡਰੀਮਜ਼ ਤੇ ਕਿਤਾਬ ਲਿਖੀ ਤੇ ਅਪਣੀ ਇਸ ਕਿਤਾਬ ਨੂੰ ਬਾ੍ਈ ਬੁੱਕਸ ਵੱਲੋਂ ਕਰਵਾਏ ਗਏ ਮੁਕਾਬਲੇ ਵਿੱਚ ਭੇਜਿਆ। ਬਾ੍ਈ ਬੁੱਕਸ ਪਬਲੀਕੇਸ਼ਨ ਸੰਸਾਰ ਪੱਧਰ ਤੇ ਬੱਚਿਆਂ ਨੂੰ ਸਿਰਜਨਾਤਮਕ ਲਿਖਣ ਕੌਸ਼ਲ ਲਈ ਪਲੇਟਫਾਰਮ ਪ੍ਰਦਾਨ ਕਰਦਾ ਹੈ। ਬਾ੍ਈ ਬੁੱਕਸ ਪਬਲੀਕੇਸ਼ਨ ਨੇ ਇਸ ਹੋਣਹਾਰ ਵਿਦਿਆਰਥਣ ਦੇ ਹੁਨਰ ਨੂੰ ਪਹਿਚਾਣਿਆ ਤੇ ਉਸ ਦੀ ਲਿਖੀ ਕਿਤਾਬ ਨੂੰ ਛਾਪਿਆ। ਇੱਥੇ ਇਹ ਵੀ ਦੱਸਣਯੋਗ ਹੈ ਕਿ ਕਿਤਾਬ ਦੀ ਕਹਾਣੀ ਡਿਜਾਇਨ ਤੇ ਤਸਵੀਰਾਂ ਵੀ ਵਿਦਿਆਰਥਣ ਖੁਸ਼ੀ ਭਾਰਦਵਾਜ ਵੱਲੋਂ ਤਿਆਰ ਕੀਤੀਆਂ ਗਈਆਂ ਸਨ। ਸਕੂਲ ਦੀ ਪ੍ਰਾਥਨਾ ਸਭਾ ਵਿੱਚ ਪ੍ਰਿੰਸੀਪਲ ਸਤਵਿੰਦਰ ਕੌਰ ਵੱਲੋਂ ਵਿਦਿਆਰਥਣ ਖੁਸ਼ੀ ਭਾਰਦਵਾਜ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਕੂਲ ਦੇ ਵਿਦਿਆਰਥੀਆਂ ਨਾਲ ਵੀ ਖ਼ੁਸ਼ੀ ਦੀ ਇਸ ਪ੍ਰਾਪਤੀ ਨੂੰ ਸਾਂਝਾ ਕੀਤਾ ਗਿਆ ਤਾਂ ਜੋ ਬਾਕੀ ਵਿਦਿਆਰਥੀ ਵੀ ਅਪਣੇ ਛਿਪੇ ਹੁਨਰਾਂ ਨੂੰ ਪਰਗਟ ਕਰ ਸਕਣ।