ਮੋਗਾ ਦੇ 12.51 ਲੱਖ ਪਰਿਵਾਰ ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਰਜਿਸਟਰਡ

ਮੋਗਾ, 19 ਮਈ:(ਜਸ਼ਨ): ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਪ੍ਰਤੀ ਪਰਿਵਾਰ ਨੂੰ 5 ਲੱਖ ਰੁਪਏ ਦੀ ਤੱਕ ਦੇ ਮੁਫ਼ਤ ਸਿਹਤ ਬੀਮੇ ਦੀ ਸੁਵਿਧਾ ਮੁਹੱਈਆ ਕਰਵਾਈ ਜਾ ਰਹੀ ਹੈ। ਮੋਗਾ ਦੇ 12 ਲੱਖ 51 ਹਜ਼ਾਰ 24 ਪਰਿਵਾਰ ਪੋਰਟਲ ਉੱਪਰ ਰਜਿਸਟਰਡ ਹਨ ਜਿਹੜਾ ਕਿ ਯੋਗ ਲਾਭਪਾਤਰੀਆਂ ਦਾ 76 ਫੀਸਦੀ ਬਣਦਾ ਹੈ, ਰਹਿੰਦੇ 24 ਫੀਸਦੀ ਪਰਿਵਾਰਾਂ ਨੂੰ ਇਸ ਪੋਰਟਲ ਉੱਪਰ ਰਜਿਸਟਰਡ ਕਰਵਾਉਣ ਲਈ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਸਿਹਤ ਵਿਭਾਗ, ਫੂਡ ਸਪਲਾਈ ਵਿਭਾਗ, ਕਿਰਤ ਵਿਭਾਗ, ਆਬਕਾਰੀ ਵਿਭਾਗ ਅਤੇ ਸੇਵਾ ਕੇਂਦਰਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। 

ਇਹ ਸਕੀਮ ਸਰਕਾਰੀ ਅਤੇ ਸਰਕਾਰ ਵੱਲੋਂ ਇਮਪੈਨਲ ਕੀਤੇ ਗਏ ਹਸਪਤਾਲਾਂ ਵਿੱਚ  ਕਾਰਡ ਧਾਰਕਾਂ ਨੂੰ ਕੈਸ਼ਲੈੱਸ ਇਲਾਜ ਦੀ ਸੁਵਿਧਾ ਮੁਹੱਈਆ ਕਰਵਾਉਂਦੀ ਹੈ। ਇਸ ਸਕੀਮ ਤਹਿਤ ਛੇ ਵਰਗਾਂ ਦੇ ਲੋਕ ਲਾਭ ਲੈ ਸਕਦੇ ਹਨ ਜਿੰਨ੍ਹਾਂ ਵਿੱਚ ਐਸ.ਈ.ਸੀ.ਸੀ., ਰਾਸ਼ਨ ਕਾਰਡ ਧਾਰਕ, ਜੇ-ਫਾਰਮ ਧਾਰਕ, ਛੋਟੇ ਵਪਾਰੀ, ਉਸਾਰੀ ਕਿਰਤੀ, ਰਜਿਸਟਰਡ ਪੱਤਰਕਾਰ ਸ਼ਾਮਿਲ ਹਨ। 
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਸਕੀਮ ਤਹਿਤ ਜਿਹੜੇ ਲਾਭਪਾਤਰੀਆਂ ਦੇ ਪਰਿਵਾਰਕ ਮੈਂਬਰ ਕਾਰਡ ਵਿੱਚ ਜੋੜੇ ਨਹੀਂ ਗਏ ਹਨ ਉਹ ਲਾਭਪਾਤਰੀ ਸੇਵਾ ਕੇਂਦਰਾਂ ਵਿੱਚ ਪਹੁੰਚ ਕਰਕੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਐਡ ਕਰਵਾ ਲੈਣ। ਕਾਰਡਾਂ ਵਿੱਚ ਪਰਿਵਾਰਿਕ ਮੈਂਬਰਾਂ ਐਡ ਕਰਨ ਦਾ ਪ੍ਰੋਸੈਸ ਸਿਰਫ਼ ਸੇਵਾ ਕੇਂਦਰਾਂ ਵਿੱਚ ਹੀ ਕਰਵਾਇਆ ਜਾ ਸਕਦਾ ਹੈ, ਕਾਮਨ ਸਰਵਿਸ ਸੈਂਟਰਾਂ ਵਿੱਚ ਹਾਲੇ ਇਹ ਆਪਸ਼ਨ ਨਹੀਂ ਹੈ।