‘ਵਿਲੱਖਣ ਅਪੰਗਤਾ ਪਛਾਣ ਪੱਤਰ’ ਅਧੀਨ ਪੈਡਿੰਗ ਪਈਆਂ ਅਰਜ਼ੀਆਂ ਨਿਪਟਾਉਣ ਲਈ ਡਿਪਟੀ ਕਮਿਸ਼ਨਰ ਵੱਲੋਂ ਸਬੰਧਤ ਵਿਭਾਗਾਂ ਨਾਲ ਮੀਟਿੰਗ
ਮੋਗਾ, 18 ਮਈ(ਜਸ਼ਨ): ਮੋਗਾ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਅੱਜ ‘ਵਿਲੱਖਣ ਅਪੰਗਤਾ ਪਛਾਣ ਪੱਤਰ ’ (ਯੂ.ਡੀ.ਆਈ.ਡੀ.) ਪ੍ਰੋਜੈਕਟ ਨਾਲ ਸਬੰਧਤ ਅਧਿਕਾਰੀਆਂ ਨਾਲ ਰੀਵਿਊ ਮੀਟਿੰਗ ਕਰਦਿਆਂ ਸੰਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਲੰਬਿਤ ਪਈਆਂ ਅਰਜ਼ੀਆਂ ਦਾ ਘੱਟ ਤੋਂ ਘੱਟ ਸਮੇਂ ਵਿੱਚ ਨਿਪਟਾਰਾ ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ।
ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਕਿਰਤਪ੍ਰੀਤ ਕੌਰ ਨੇ ਦੱਸਿਆ ਕਿ ਪੋਰਟਲ ਉਪਰ ਲੰਬਿਤ ਪਈਆਂ ਅਰਜ਼ੀਆਂ ਵਿਚੋਂ ਬਹੁਤੇ ਕੇਸ ਅਜਿਹੇ ਹਨ ਜਿਹੜੇ ਸਪੈਸ਼ਲਿਸਟ ਨੂੰ ਰੈਫਰ ਤਾਂ ਹੋ ਚੁੱਕੇ ਹਨ ਪ੍ਰੰਤੂ ਲਾਭਪਾਤਰੀਆਂ ਵੱਲੋਂ ਪ੍ਰਕਿਰਿਆਂ ਪੂਰੀ ਕਰਵਾਉਣ ਲਈ ਹਸਪਤਾਲ ‘ਚ ਪਹੁੰਚ ਨਹੀਂ ਕੀਤੀ ਜਾ ਰਹੀ , ਜਿਸ ’ਤੇ ਡਿਪਟੀ ਕਮਿਸ਼ਨਰ ਵੱਲੋਂ ਸਿਵਲ ਸਰਜਨ ਨੂੰ ਵੀ ਹਦਾਇਤ ਜਾਰੀ ਕੀਤੀ ਕਿ ਅਜਿਹੇ ਦਿਵਿਆਂਗਜਨਾ ਨੂੰ ਫੋਨ ਰਾਹੀਂ ਵੀ ਸੂਚਿਤ ਕਰਨਾ ਯਕੀਨੀ ਬਣਾਇਆ ਜਾਵੇ। ਉਹਨਾਂ ਆਖਿਆ ਕਿ ਇਹਨਾਂ ਲੰਬਿਤ ਕੇਸਾਂ ਨੂੰ ਮਿਸ਼ਨ ਮੋਡ ਰਾਹੀਂ ਹੱਲ ਕੀਤਾ ਜਾਵੇਗਾ।
ਜ਼ਿਕਰਜੋਗ ਹੈ ਕਿ ਜ਼ਿਲ੍ਹਾ ਮੋਗਾ ਨਾਲ ਸੰਬੰਧਿਤ 3451 ਲਾਭਪਾਤਰੀਆਂ ਦੀਆਂ ਅਰਜ਼ੀਆਂ ਪੋਰਟਲ ਉਪਰ ਲੰਬਿਤ ਪਈਆਂ ਹਨ ਅਤੇ ਇਸ ਪ੍ਰੋਜੈਕਟ ਤਹਿਤ ਦਿਵਿਆਂਗ ਵਿਅਕਤੀਆਂ ਨੂੰ http://www.swavlambancard.gov.in/ ਪੋਰਟਲ 'ਤੇ ਵੀ ਰਜਿਸਟਰਡ ਕਰਵਾਇਆ ਜਾ ਰਿਹਾ ਹੈ। ਇਸ ਮੀਟਿੰਗ ਵਿੱਚ ਉਨ੍ਹਾਂ ਨਾਲ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀਮਤੀ ਕਿਰਤਪ੍ਰੀਤ ਕੌਰ, ਸਿਵਲ ਸਰਜਨ ਮੋਗਾ ਡਾ ਰਾਜੇਸ਼ ਕੁਮਾਰ ਤੋਂ ਇਲਾਵਾ ਸੇਵਾ ਕੇਂਦਰ ਦੇ ਨੁੰਮਾਇਦੇ ਰੌਸ਼ਨ ਕੁਮਾਰ ਵੀ ਹਾਜ਼ਰ ਸਨ।