ਦੂਰਸੰਚਾਰ ਉਦਯੋਗ ਡਿਜ਼ੀਟਲ ਕ੍ਰਾਂਤੀ ਦੀ ਰੀੜ੍ਹ ਦੀ ਹੱਡੀ

ਮੋਗਾ, 17 ਮਈ (ਜਸ਼ਨ): ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਵਿਸ਼ਵ ਦੂਰਸੰਚਾਰ ਦਿਵਸ  ਤੇ “ਹੈਲੋ ਭਵਿੱਖ: ਦੂਰਸੰਚਾਰ ਦੇ ਚਮਤਕਾਰਾਂ ਦਾ  ਆਗਾਜ਼” ਵਿਸ਼ੇ ਤੇ ਇਕ ਵਿਸ਼ੇਸ਼ ਲੈਕਚਰ  ਕਰਵਾਇਆ ਗਿਆ। ਇਸ ਵਾਰ ਵਿਸ਼ਵ ਦੂਰਸੰਚਾਰ ਦਿਵਸ ਮਨਾਉਣ ਦਾ ਥੀਮ  “ ਸੂਚਨਾ ਤੇ ਸੰਚਾਰ ਤਕਨਾਲੌਜੀ ਰਾਹੀਂ ਸਭ ਤੋਂ ਘੱਟ ਵਿਕਸਿਤ ਦੇਸ਼ਾਂ ਦਾ ਸਸ਼ਕਤੀਕਰਨ ਹੈ”।ਇਸ ਦਿਵਸ ਨੂੰ ਮਨਾਉਣ ਦਾ ਇਸ ਵਾਰ ਦਾ  ਥੀਮ ਸਥਾਈ ਵਿਕਾਸ ਲਈ ਵਿਸ਼ਵ ਪੱਧਰ ਤੇ ਸੰਪਰਕ, ਤਕਨੀਕਾਂ ਦੀ ਅਧੁਨਿਕਤਾ ਅਤੇ ਡਿਜ਼ੀਟਲ ਟਰਾਂਫ਼ਰਮੇਸ਼ਨ ਦੀ ਮਹੱਹਤਾ  ਨੂੰ ਉਜਾਗਰ ਕਰਦਾ ਹੈ।

ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ  ਡਾ. ਰਾਜੇਸ਼ ਗਰੋਵਰ ਨੇ ਆਪਣੇ ਸੰਬੋਧਨ ਵਿਚ ਵਿਸ਼ਵ ਦੂਰਸੰਚਾਰ ਦਿਵਸ ਦੀ ਤੇ ਚਾਨਣਾ ਪਾਉਂਦਿਆਂ ਕਿਹਾ ਕਿ ਅੱਜ ਦਾ ਦਿਨ ਸਮਾਜਿਕ ਵਿਕਾਸ ਅਤੇ ਡਿਜ਼ੀਟਲ ਪਾੜੇ ਦੀ ਪੂਰਤੀ ਲਈ ਸੂਚਨਾ ਅਤੇ ਸੰਚਾਰ ਤਕਨਾਲੌਜੀ ਦੀ ਸ਼ਕਤੀ ਤੇ ਸਮਰੱਥਾ ਪ੍ਰਤੀ ਜਾਗਰੂਕਤਾ ਪੈਦਾ ਕਰਦਾ ਹੈ।ਉਨ੍ਹਾਂ ਦੱਸਿਆ ਕਿ  1.17 ਅਰਬ ਗਾਹਕਾਂ ਦੇ ਨਾਲ ਭਾਰਤ ਦੁਨੀਆਂ ਦੀ ਦੂਰਸੰਚਾਰ ਮਾਰਕੀਟ ਦਾ ਦੁਜਾ ਸਭ ਤੋਂ ਵੱਡਾ ਦੇਸ਼ ਬਣ ਚੁੱਕਾ ਹੈ, ਹਾਲ ਹੀ ਦੇ  ਬੀਤੇ ਕੁਝ ਸਾਲ ਦੇ ਦੌਰਾਨ ਇਸ ਖੇਤਰ ਵਿਚ ਬੇਤਹਾਸ਼ਾ ਵਿਕਾਸ ਦੇਖਿਆ ਗਿਆ ਹੈ। ਇਸ ਮੌਕੇ ਡਾ. ਗਰੋਵਰ  ਨੇ ਮੋਬਾਇਲ ਨੈਟਵਰਕ ਵਿਚ ਹੋ ਰਹੇ ਵਿਕਾਸ ਅਤੇ ਡਿਜ਼ੀਟਲ ਤਾਣੇ ਦੀਆਂ ਲੋੜਾਂ ਲਈ ਸੁਰੱਖਿਅਤ ਅਤੇ ਤੇਜਰਫ਼ਤਾਰ ਡੈਟਾ ਟਰਾਂਸਫ਼ਰ ਸਪੀਡ ਤੇ ਜ਼ੋਰ ਦਿੱਤਾ। ਉਨ੍ਹਾਂ ਅੱਗੋਂ ਕਿਹਾ ਕਿ ਸਿਰਫ਼ ਤਕਨਾਲੌਜੀ ਤੱਕ ਪਹੁੰਚ ਤੇ ਹੀ ਗੱਲ ਨਹੀਂ ਮੱੁਕਦੀ ਸਗੋਂ ਇਸ ਦੇ ਨਾਲ  ਡਿਜ਼ੀਟਲ ਸਾਖਰਤਾ ਵੀ ਬਹੁਤ ਜ਼ਰੂਰੀ ਹੈ। ਉਨ੍ਹਾ ਦੱਸਿਆ ਕਿ  ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਡਿਜ਼ੀਟਲ ਹੁਨਰ ਨੂੰ ਉਤਸ਼ਾਹਿਤ ਕਰਨ ਲਈ  ਯਤਨ ਕੀਤੇ ਜਾ ਰਹੇ ਹਨ ਤਾਂ  ਜੋ  ਔਰਤਾਂ ਖਾਸ ਕਰਕੇ  ਬੁਜਰਗ ਡਿਜ਼ਟੀਲ ਤਕਨੀਕਾਂ  ਦਾ ਪ੍ਰਭਾਵਸ਼ਾਲੀ ਢੰਗ ਨਾਲ ਲਾਹਾ ਲੈ ਸਕਣ।

ਇਸ ਮੌਕੇ ਐਨ.ਆਈ.ਟੀ ਜਲੰਧਰ ਦੇ ਆਰਟੀਫ਼ੀਸ਼ੀਅਲ ਇੰਟੈਲੀਜੈਂਸੀ ਸੈਂਟਰ ਦੇ ਮੁਖੀ ਪ੍ਰੋਫ਼ੈਸਰ ਅਰੁਣ ਖੋਸਲਾ ਨੇ ਕਿਹਾ ਕੌਮਾਂਤਰੀ ਦੂਰਸੰਚਾਰ ਦਿਵਸ ਮਨਾਉਣ ਦਾ ਉਦੇਸ਼ ਨੌਜਵਾਨਾਂ ਨੂੰ ਦੂਰਸੰਚਾਰ  ਉਦਯੋਗ  ਪ੍ਰਤੀ ਸਿੱਖਿਅਤ ਤੇ ਉਤਸ਼ਾਹਿਤ ਕਰਨ  ਦੇ ਨਾਲ—ਨਾਲ ਇਸ ਦੇ ਸਾਡੇ ਰੋਜ਼ਾਨਾਂ ਜੀਵਨ ਤੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨਾ ਹੈ।ਆਪਣੇ ਲੈਕਚਰ ਦੌਰਾਨ ਉਨ੍ਹਾਂ ਸੰਚਾਰ ਦੇ ਇਤਹਿਾਸਕ ਵਿਕਾਸ ਅਤੇ ਆਧੁਨਿਕ ਯੁੱਗ ਨੂੰ ਅਕਾਰ ਦੇਣ ਵਾਲੀਆਂ ਨਵੀਆਂ —ਨਵੀਆਂ ਤਕਨੀਕਾਂ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ । ਉਨ੍ਹਾਂ ਵਿਗਿਆਨ,ਤਕਨਾਲੌਜੀ, ਇੰਜੀਨੀਅਰਿੰਗ ਅਤੇ ਗਣਿਤ ਵਿਸ਼ੇ ਦੀ ਮਹਹੱਤਾ ਤੇ ਜ਼ੋਰ ਦਿੰਦਿਆ ਵਿਦਿਆਰਥੀਆਂ ਨੂੰ ਦੂਰਸੰਚਾਰ ਉਦਯੋਗ ਦੇ ਮੌਕਿਆਂ, ਨਵੀਨਤਾ ਅਤੇ ਉਦਮਤਾ ਵੱਲ ਅਗਰਸਰ ਹੋਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਨ੍ਹਾਂ ਡਿਜ਼ੀਟਲ ਤਕਨਾਲੌਜੀ ਵਿਚ ਇਕ ਰੀੜ੍ਹ ਦੀ ਹੱਡੀ ਵਜੋਂ ਅਹਿਮ ਰੋਲ ਅਦਾ ਕਰਨ ਵਾਲੇ ਦੂਰਸੰਚਾਰ ਖੇਤਰ ਤੋਂ ਸਕੂਲੀ ਬੱਚਿਆਂ ਨੂੰ ਜਾਣੂ ਕਰਵਾਇਆ। ਇਸ ਤੋਂ ਇਲਾਵਾ ਉਨ੍ਹਾ ਨੇ ਸਮਰੱਥ ਟੈਰਿਫ਼, ਵਧੀ ਹੋਈ ਉਪਬਲੱਬਤਾ, 4ਜੀ ਅਤੇ 5ਜੀ ਕਵਰੇਜ਼, ਗ੍ਰਾਹਕਾਂ ਦੀ ਉਪਭੋਗਤਾ ਦੇ ਬਦਲ ਰਹੇ ਸੁਭਾਅ ਅਤੇ ਸਹਾਇਕ ਵਾਤਾਵਰਣ ਦੇ ਸਹਿਯੋਗ ਨਾਲ ਇਸ ਖੇਤਰ ਵਿਚ  ਹੋ ਰਹੇ  ਤੇਜੀ ਨਾਲ ਵਿਕਾਸ ਤੋਂ ਵਿਦਿਆਰਥੀਆਂ ਜਾਣੂ ਕਰਵਾਇਆ।  ਉਨ੍ਹਾਂ ਕਿਹਾ ਕਿ ਦੂਰਸੰਚਾਰ ਉਦਯੋਗ  ਦਾ  ਭਵਿੱਖ 5ਜੀ ਅਤੇ 6ਜੀ ਤੋਂ ਪ੍ਰੇਰਿਤ ਹੋਵੇਗਾ, ਜਿਸ ਨਾਲ ਸੰਚਾਰ,ਸੰਪਰਕ ਤੇ ਕੁਸ਼ਲਤਾ ਵਿਚ ਵੀ ਵਾਧਾ ਹੋਵੇਗਾ।  ਇਸ ਪ੍ਰੋਗਰਾਮ ਵਿਚ  ਪੰਜਾਬ ਭਰ ਦੇ 250 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ।