ਸਮਾਜ ਸੇਵੀ ਸੰਗਠਨ ਅਤੇ ਕੌਂਸਲਰ ਗੌਰਵ ਗੁੱਡੂ ਗੁਪਤਾ ਨੇ ਮੋਗਾ ਦੀ ਮੇਅਰ ਤੋਂ ਮੰਗਿਆ ਅਸਤੀਫ਼ਾ
ਮੋਗਾ, 8 ਮਈ (ਜਸ਼ਨ): ਮੋਗਾ ਵਿਚ ਲੰਬੇ ਸਮੇਂ ਤੋਂ ਸਿਆਸਤ ਦੀ ਭੇਟ ਚੜੇ ਵਿਕਾਸ ਦੇ ਕੰਮ ਨਾ ਹੋਣ ਤੋਂ ਖ਼ਫ਼ਾ ਸਮਾਜ ਸੇਵੀ ਸੰਗਠਨ ਧਰਮ ਰਕਸ਼ਾ ਸੇਵਾ ਮੰਚ ਨੇ ਪੈੱ੍ਰਸ ਕਾਨਫ਼ਰੰਸ ਕਰਕੇ ਨਗਰ ਨਿਗਮ ਦੇ ਮੇਅਰ ਤੇ ਕਮਿਸ਼ਨਰ ਤੋਂ ਵਿਕਾਸ ਦੇ ਕੰਮ ਕਰਵਾਉਣ ਦੀ ਮੰਗ ਕੀਤੀ । ਧਰਮ ਰਕਸ਼ਾ ਮੰਚ ਦੇ ਨਾਲ ਆਏ ਸ਼੍ਰੋਮਣੀ ਅਕਾਲੀ ਦਲ ਦੇ ਐਮ.ਸੀ. ਗੌਰਵ ਗੁਪਤਾ ਗੁੱਡੂ ਨੇ ਕਿਹਾ ਕਿ ਸਾਰੇ ਵਾਰਡਾਂ ਦਾ ਬਰਾਬਰ ਵਿਕਾਸ ਹੋਣਾ ਚਾਹੀਦਾ ਹੈ ਪਰ ਨਿਗਮ ਵਿਚ ਅਜੇ ਵੀ ਕਈ ਅਜਿਹੇ ਐਮ.ਸੀ. ਹਨ ਜੋ ਵਿਕਾਸ ਦੇ ਕੰਮਾਂ ‘ਤੇ ਕੋਈ ਧਿਆਨ ਨਹੀਂ ਦੇ ਰਹੇ ਹਨ । ਉਹਨਾਂ ਮੰਗ ਕੀਤੀ ਕਿ ਮੇਅਰ ਜਾਂ ਤਾਂ ਵਿਕਾਸ ਦੇ ਕੰਮ ਕਰਵਾਏ ਜਾਂ ਅਸਤੀਫ਼ਾ ਦੇਵੇ ।
ਧਰਮ ਰਕਸ਼ਾ ਸੇਵਾ ਮੰਚ ਦੇ ਪ੍ਰਧਾਨ ਸੋਨੂੰ ਅਰੋੜਾ ਤੇ ਜਨਰਲ ਸਕੱਤਰ ਨਾਨਕ ਚੋਪੜਾ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਮੇਅਰ ਵਲੋਂ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਧਰਨਾ ਲਾਇਆ ਗਿਆ ,ਜਿਸ ਵਿਚ ਮੁੱਦਾ ਬਣਾਇਆ ਗਿਆ ਕਿ ਵਿਧਾਇਕ ਵਲੋਂ ਸ਼ਹਿਰ ਦੇ ਵਿਕਾਸ ਕਾਰਜ ਰੋਕੇ ਜਾ ਰਹੇ ਹਨ । ਉਹਨਾਂ ਕਿਹਾ ਕਿ ਜੇ ਇਹ ਗੱਲ ਸਹੀ ਹੁੰਦੀ ਤਾਂ ਸਰਕਾਰ ਵਲੋਂ ਸੱਤ ਕਰੋੜ ਦੀ ਗਰਾਂਟ ਕਿਉਂ ਜਾਰੀ ਕੀਤੀ ਜਾਂਦੀ। ਉਹਨਾਂ ਆਖਿਆ ਕਿ ਇਨ੍ਹਾਂ ਨੂੰ ਰਾਜਨੀਤੀ ਨੂੰ ਇਕ ਪਾਸੇ ਰੱਖ ਕੇ ਵਿਕਾਸ ਦੇ ਕੰਮਾਂ ‘ਤੇ ਜੋਰ ਦੇਣਾ ਚਾਹੀਦਾ ਹੈ । ਸੋਨੂੰ ਅਰੋੜਾ ਨੇ ਕਿਹਾ ਪਿਛਲੇ ਪੰਜ ਸਾਲ ਵੀ ਵਿਕਾਸ ਦੇ ਕੰਮ ਰਾਜਨੀਤੀ ਦੀ ਭੇਟ ਚੜੇ ਅਤੇ ਨਗਰ ਨਿਗਮ ਦਾ ਦਰਜਾ ਮਿਲਣ ਤੋਂ ਬਾਅਦ ਵੀ ਸ਼ਹਿਰ ਦੇ 50 ਵਾਰਡ ਵਿਕਾਸ ਨੂੰ ਤਰਸ ਰਹੇ ਹਨ । ਉਹਨਾਂ ਕਿਹਾ ਕਿ ਪੰਜਾਬ ਦੇ ਸਭ ਤੋਂ ਅਮੀਰ ਮੋਗਾ ਨਗਰ ਨਿਗਮ ਕਰੋੜਾਂ ਰੁਪਏ ਹੋਣ ਦੇ ਬਾਵਜੂਦ ਵੀ ਸ਼ਹਿਰ ਦੀਆ ਸੜਕਾਂ ਟੁੱਟੀਆਂ ਹੋਈਆਂ ਹਨ । ਉਹਨਾਂ ਕਿਹਾ ਕਿ ਸ਼ਹਿਰ ਦੇ ਰਾਮ ਗੰਜ, ਐਫ.ਸੀ.ਆਈ. ਰੋਡ, ਆਰਾ ਰੋਡ, ਨਿਊ ਟਾਊਨ, ਸਰਕੁਲਰ ਰੋਡ ਤੇ ਹੋਰ ਕਈ ਵਾਰਡਾਂ ਵਿਚ ਵੀ ਸੜਕਾਂ ਰਿਪੇਅਰ ਨਹੀਂ ਹੋ ਸਕੀਆਂ ਜਦਕਿ ਆਏ ਦਿਨ ਲੋਕ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ, ਹੋਰ ਤਾਂ ਹੋਰ ਆਵਾਰਾ ਪਸ਼ੂਆਂ ਦਾ ਸ਼ਹਿਰ ਵਿਚ ਆਤੰਕ ਹੈ ਕਿਉਂਕਿ ਉਨ੍ਹਾਂ ਨੂੰ ਕਾਬੂ ਕਰਕੇ ਗਊਸ਼ਾਲਾ ਭੇਜਣ ਦਾ ਕੋਈ ਇੰਤਜ਼ਾਮ ਨਹੀਂ ।
ਇਸ ਮੌਕੇ ਨਾਨਕ ਚੋਪੜਾ, ਚੇਅਰਮੈਨ ਸੁਰਿੰਦਰ ਸ਼ਰਮਾ, ਨਵੀਨ ਗਰਗ, ਦੀਪਕ ਸ਼ਰਮਾ, ਬੂਟਾ ਸਿੰਘ, ਡੇਵਿਡ ਖੰਨਾ, ਪਰਸ਼ੋਤਮ ਸ਼ਰਮਾ, ਤਰਸੇਮ ਜੰਡ, ਰਾਕੇਸ਼ ਜੈਸਵਾਲ, ਹਰਮਨ ਸਿੰਘ ਤੇ ਹੋਰ ਹਾਜ਼ਰ ਸਨ ।