ਮੋਗਾ ਨਗਰ ਨਿਗਮ ਵਿਚ ਹੋਈਆਂ ਬੇਨਿਯਮੀਆਂ ਅਤੇ ਘਪਲਿਆਂ ਦੀ ਵਿਜੀਲੈਂਸ ਜਾਂਚ ਨੂੰ ਭਟਕਾਉਣ ਲਈ ਮੇਅਰ ਨੀਤਿਕਾ ਭੱਲਾ ਕਰ ਰਹੀ ਐ ਡਰਾਮੇ: ‘ਆਪ’ ਕੌਂਸਲਰ, *ਮੇਅਰ ਨੇ ਭਿਸ਼ਟਚਾਰ ਦੇ ਦੋਸ਼ਾਂ ਨੂੰ ਮੁੱਢੋਂ ਨਕਾਰਦਿਆਂ ਆਖਿਆ ‘ਹਰ ਜਾਂਚ ਲਈ ਹਾਂ ਤਿਆਰ’
ਮੋਗਾ, 3 ਮਈ (ਜ਼ਸਨ): ਮੋਗਾ ਸ਼ਹਿਰ ਦੇ ਵਿਕਾਸ ਲਈ ਸ਼ਹਿਰਵਾਸੀਆਂ ਵੱਲੋਂ ਆਪਣੇ ਮਤਦਾਨ ਕਰਕੇ ਚੁਣੇ ਨੁਮਾਇੰਦਿਆਂ ਦੀ ਖਿਚੋਤਾਣ ਨੇ ਸ਼ਹਿਰ ‘ਚ ਹੋਣ ਵਾਲੇ ਵਿਕਾਸ ਕਾਰਜਾਂ ਦੀ ਰਫਤਾਰ ਨੂੰ ਮੱਠਾ ਕਰ ਦਿੱਤਾ ਹੈ | ਬੀਤੇ ਕੱਲ ਮੋਗਾ ਦੀ ਮੇਅਰ ਮੈਡਮ ਨੀਤਿਕਾ ਭੱਲਾ ਅਤੇ ਉਹਨਾਂ ਦੇ ਸਮਰਥੱਕਾਂ ਵੱਲੋਂ ਮੋਗਾ ਦੇ ਵਿਕਾਸ ਲਈ ਰੁਕਾਵਟਾਂ ਖੜ੍ਹੀਆਂ ਕਰਨ ਦਾ ਦੋਸ਼ ਲਗਾਉਂਦਿਆਂ ਮੋਗਾ ਦੀ ਵਿਧਾਇਕਾ ਡਾ: ਅਮਨਦੀਪ ਕੌਰ ਅਰੋੜਾ ਅਤੇ ਕਮਿਸ਼ਨਰ ਨਗਰ ਨਿਗਮ ਜੋਤੀ ਬਾਲਾ ਮੱਟੂ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ ਸੀ|
ਕੱਲ ਮੇਅਰ ਵੱਲੋਂ ਦਿੱਤੇ ਧਰਨੇ ਦੇ ਪ੍ਰਤੀਕਰਮ ਵਜੋਂ ਅੱਜ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਕੁਮਾਰ ਸ਼ਰਮਾ, ਡਿਪਟੀ ਮੇਅਰ ਅਸ਼ੋਕ ਧਮੀਜਾ , ਕੌਂਸਲਰ ਗੁਰਪ੍ਰੀਤ ਸਿੰਘ ਸੱਚਦੇਵਾ, ਕੌਂਸਲਰ ਜਸਵਿੰਦਰ ਸਿੰਘ ਕਾਕਾ ਲੰਢੇਕੇ, ਕੌਂਸਲਰ ਅਰਵਿੰਦਰ ਸਿੰਘ ਕਾਨਪੁਰੀਆ, ਕੌਂਸਲਰ ਬਲਜੀਤ ਸਿੰਘ ਚਾਨੀ, ਕੌਂਸਲਰ ਸਰਬਜੀਤ ਕੌਰ, ਕੌਂਸਲਰ ਵਿਕਰਮਜੀਤ ਸਿੰਘ ਘਾਤੀ, ਕੌਂਸਲਰ ਕੁਲਵਿੰਦਰ ਸਿੰਘ, ਕੌਂਸਲਰ ਸੁਖਵਿੰਦਰ ਕੌਰ, ਕੌਂਸਲਰ ਪ੍ਰਵੀਨ ਮੱਕੜ, ਕੌਂਸਲਰ ਜਗਜੀਤ ਸਿੰਘ ਜੀਤਾ, ਕੌਂਸਲਰ ਬੂਟਾ ਸਿੰਘ, ਕੌਂਸਲਰ ਪਾਇਲ ਗਰਗ ਦੇ ਪਤੀ ਗੌਰਵ ਗਰਗ , ਕੌਂਸਲਰ ਪੂਨਮ ਮੁਖੀਜਾ ਦੇ ਪਤੀ ਰਾਜ ਮੁਖੀਜਾ, ਕੌਂਸਲਰ ਸਪਨਾ ਦਾ ਬੇਟਾ ਸਾਹਿਲ, ਕੌਂਸਲਰ ਕਿਰਨ ਹੁੰਦਲ ਦੇ ਪਤੀ ਜਗਸੀਰ ਹੁੰਦਲ, ਕੌਂਸਲਰ ਕੁਲਵਿੰਦਰ ਕੌਰ ਦੇ ਪਤੀ ਡਾ. ਹਰਜੀਵਨ ਸਿੰਘ,ਕੌਂਸਲਰ ਵਰਿੰਦਰ ਕੌਰ ਦੇ ਪਤੀ ਛਿੰਦਾ ਬਰਾੜ ਨੇ ਪ੍ਰੈਸ ਕਾਨਫਰੰਸ ਕਰਕੇ ਨਗਰ ਨਿਗਮ ਦੀ ਮੇਅਰ ਨੀਤਿਕਾ ਭੱਲਾ ਅਤੇ ਉਹਨਾਂ ਦੇ ਪਤੀ ਦੀਪਕ ਭੱਲਾ ’ਤੇ ਠੇਕੇਦਾਰਾਂ ਨੂੰ ਪਰੇਸ਼ਾਨ ਕਰਨ ਦੇ ਵੱਡੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਏ|
ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਕੌਂਸਲਰ ਸਰਬਜੀਤ ਕੌਰ ਦੇ ਪਤੀ ਹਰਜਿੰਦਰ ਸਿੰਘ ਰੋਡੇ ਨੇ ਮੇਅਰ ਨੀਤਿਕਾ ਭੱਲਾ ’ਤੇ ਦੋਸ਼ ਲਾਉਂਦਿਆਂ ਆਖਿਆ ਕਿ ਉਹ ਆਪਣੀਆਂ ਨਾਕਾਮੀਆਂਨੂੰ ਲੁਕਾਉਣ ਲਈ ਵਿਧਾਇਕਾ ’ਤੇ ਬੇਬੁਨਿਆਦ ਦੋਸ਼ ਲਗਾ ਰਹੇ ਹਨ| ਉਹਨਾਂ ਆਖਿਆ ਕਿ ਮੋਗਾ ਨਗਰ ਨਿਗਮ ਵਿਚ ਵੱਡੇ ਪੱਧਰ ’ਤੇ ਹੋਏ ਘਪਲਿਆਂ ਦੀ ਜਾਂਚ ਤੋਂ ਬਚਣ ਲਈ ਮੇਅਰ ਅਤੇ ਉਸ ਦੇ ਹਮਾਇਤੀ ਕੌਂਸਲਰਾਂ ਨੇ ਨਿਗਮ ਕਮਿਸ਼ਨਰ ਜੋਤੀ ਬਾਲਾ ਮੱਟੂ ਦੇ ਦਫਤਰ ਮੂਹਰੇ ਧਰਨਾ ਦੇਣ ਦਾ ਡਰਾਮਾ ਰਚਿਆ ਜਦਕਿ ਮੇਅਰ ਖੁਦ ਹਾਉਸ ਦੀ ਮੁਖੀ ਹੈ ਅਤੇ ਉਹ ਕਿਸੇ ਵੀ ਕੰਮ ਨੂੰ ਸੁਚਾਰੂ ਰੂਪ ਵਿਚ ਚਲਾਉਣ ਲਈ ਅਧਿਕਾਰਤ ਹੈ | ਉਹਨਾਂ ਆਖਿਆ ਕਿ ਜਿਹੜੇ ਕੰਮ ਰੁਕੇ ਹਨ ਉਸ ਦਾ ਕਾਰਨ ਠੇਕੇਦਾਰ ਨੂੰ ਪੈਸੇ ਦੀ ਅਦਾਇਗੀ ਸਮੇਂ ਸਿਰ ਨਾ ਹੋਣਾ ਹੈ |
ਇਸ ਮੌਕੇ ਕੌਂਸਲਰ ਗੁਰਪ੍ਰੀਤ ਸਿੰਘ ਸੱਚਦੇਵਾ ਨੇ ਆਖਿਆ ਕਿ ਸ਼ਹਿਰ ਵਿਚ ਹੋਏ ਵਿਕਾਸ ਕਾਰਜਾਂ ਦੌਰਾਨ ਹੋਏ ਘਪਲਿਆਂ ਸਬੰਧੀ ਚੱਲ ਰਹੀ ਵਿਜੀਲੈਂਸ ਜਾਂਚ ਨੂੰ ਭਟਕਾਉਣ ਲਈ ਮੇਅਰ ਦੀ ਅਗਵਾਈ ਵਿਚ ਧਰਨਾ ਲਗਾਇਆ ਗਿਆ ਹੈ |
ਉਹਨਾਂ ਆਖਿਆ ਕਿ ਅੱਜ ਤੋਂ ਸਾਲ ਪਹਿਲਾਂ ਠੇਕੇਦਾਰਾਂ ਨੇ ਹੜਤਾਲ ਕਰਕੇ ਲਿਖਤੀ ਤੌਰ ’ਤੇ ਕਮਿਸ਼ਨਰ ਨੂੰ ਪੱਤਰ ਦਿੱਤਾ ਸੀ ਕਿ ਮੇਅਰ ਨੀਤਿਕਾ ਭੱਲਾ ਦਾ ਪਤੀ ਦੀਪਕ ਭੱਲਾ ਉਹਨਾਂ ਤੋਂ ਕਮਿਸ਼ਨ ਲੈਣ ਲਈ ਤੰਗ ਪਰੇਸ਼ਾਨ ਕਰ ਰਿਹਾ ਹੈ |
ਉਹਨਾਂ ਆਖਿਆ ਕਿ ਨਿਗਮ ਦੇ ਕੁਝ ਅਫਸਰ ਵੀ ਇਸ ਭ੍ਰਿਸ਼ਟਾਚਾਰੀ ਮਾਮਲੇ ਵਿਚ ਸ਼ਾਮਲ ਸਨ ਜਿਹਨਾਂ ਦੀਆਂ ਬਦਲੀਆਂ ਕਰਵਾਈਆਂ ਗਈਆਂ ਜਿਸ ਉਪਰੰਤ ਵਿਧਾਇਕਾ ਡਾ: ਅਮਨਦੀਪ ਕੌਰ ਅਰੋੜਾ ਵੱਲੋਂ ਠੇਕੇਦਾਰਾਂ ਨਾਲ ਮੀਟਿੰਗਾਂ ਕਰਨ ਤੋਂ ਬਾਅਦ ਸ਼ਹਿਰ ਦੇ ਵਿਕਾਸ ਕਾਰਜ ਆਰੰਭ ਹੋਏ|
ਸੱਚਦੇਵਾ ਨੇ ਦੋਸ਼ ਲਾਇਆ ਕਿ ਪਿਛਲੇ ਦੋ ਸਾਲਾਂ ਦੌਰਾਨ ਨਿਗਮ ਵੱਲੋਂ ਖਰਚੇ 150 ਕਰੋੜ ਰੁਪਿਆਂ ਵਿਚੋਂ ਤਕਰੀਬਨ 30 ਕਰੋੜ ਦੇ ਕਰੀਬ ਘਪਲਾ ਹੋਇਆ ਹੈ ਪਰ ਮੇਅਰ ਨੀਤਿਕਾ ਭੱਲਾ ਦਾ ਆਖਣਾ ਹੈ ਕਿ ਉਹਨਾਂ ਨੂੰ ਇਸ ਬਾਰੇ ਕੋਈ ਗਿਆਨ ਨਹੀਂ|
ਗੁਰਪ੍ਰੀਤ ਸਿੰਘ ਨੇ ਦੋਸ਼ ਲਾਇਆ ਕਿ ਮੰਡੀ ਵਿਚ ਬਣੇ ਨਜਾਇਜ਼ ਸ਼ੈਡ ਨਿਗਮ ਵੱਲੋਂ ਹੀ ਢਾਹੇ ਗਏ ਸਨ ਪਰ ਹੁਣ ਪੈਸੇ ਲੈ ਕੇ ਦੁਬਾਰਾ ਉਸਾਰੇ ਗਏ ਹਨ| ਉਹਨਾਂ ਆਖਿਆ ਕਿ ਮੰਡੀ ਵਿਚ ਖੋਖੇ ਅਲਾਟ ਕਰਨ ਲਈ ਖੋਖੇ ਵਾਲਿਆਂ ਤੋਂ ਸਵਾ ਸਵਾ ਲੱਖ ਰੁਪਏ ਰਿਸ਼ਵਤ ਲਈ ਗਈ | ਉਹਨਾਂ ਦੋਸ਼ ਲਾਇਆ ਕਿ ਮੇਅਰ ਨੀਤਿਕਾ ਭੱਲਾ ਦੇ ਕਾਰਜਕਾਲ ਦੌਰਾਨ ਮਹਿਜ਼ 10 ਲੱਖ ਰੁਪਏ ਵਾਲੀ ਸੀਵਰੇਜ ਸਾਫ਼ ਕਰਨ ਵਾਲੀ ਮਸ਼ੀਨ ਦਾ ਕਿਰਾਇਆ ਹੀ ਤਿੰਨ ਕਰੋੜ ਰੁਪਏ ਦੇ ਦਿੱਤਾ ਗਿਆ | ਉਹਨਾਂ ਆਖਿਆ ਕਿ ਪਿਛਲੇ ਕੁਝ ਮਹੀਨੇ ਪਹਿਲਾਂ ਨਿਗਮ ਵਿਚ ਉਸਾਰੀ ਜਾ ਰਹੀ ਨਵੀਂ ਇਮਾਰਤ ਦੀਆਂ ਪੌੜੀਆਂ ਦਾ ਲੈਂਟਰ ਡਿੱਗ ਪਿਆ ਪਰ ਅੱਜ ਤੱਕ ਠੇਕੇਦਾਰ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ|
ਉਹਨਾਂ ਆਖਿਆ ਕਿ ਪੱਥਰ ਅਤੇ ਏਅਰ ਕਡੀਸ਼ਨਰਾਂ ਦੀ ਖਰੀਦ ਵਿਚ ਵੱਡਾ ਘਪਲੇ ਕਰਕੇ ਲੋਕਾਂ ਦੇ ਟੈਕਸਾਂ ਅਤੇ ਬਿੱਲਾਂ ਦੇ ਰੂਪ ਵਿਚ ਦਿੱਤੇ ਜਾ ਰਹੇ ਪੈਸਿਆਂ ਦਾ ਪੂਰੀ ਤਰਾਂ ਦੁਰਉਪਯੋਗ ਕੀਤਾ ਜਾ ਰਿਹਾ ਹੈ | ਉਹਨਾਂ ਕਿਹਾ ਕਿ ਮਹਿਜ਼ ਇਕ ਸਾਲ ਪਹਿਲਾਂ 7 ਕਰੋੜ ਦੀ ਲਾਗਤ ਨਾਲ ਦੁਸਾਂਝ ਰੋਡ ਇਲਾਕੇ ਵਿਚ ਉਸਾਰੀਆਂ ਸੜਕਾਂ ਦੀ ਪੁਨਰ ਉਸਾਰੀ ਕੀਤੀ ਜਾ ਰਹੀ ਹੈ ਜਦਕਿ ਹਰ ਸੜਕ ਦੀ ਮੁਨਿਆਦ ਤਿੰਨ ਸਾਲ ਨਿਰਧਾਰਿਤ ਕੀਤੀ ਜਾਂਦੀ ਹੈ ਪਰ ਇਹ ਸੜਕਾਂ 15 ਦਿਨਾਂ ਵਿਚ ਹੀ ਟੁੱਟ ਗਈਆਂ ਸਨ ਅਤੇ ਉਸ ਘਪਲੇ ਨੂੰ ਲੁਕਾਉਣ ਲਈ ਹੁਣ 2 ਸਾਲਾਂ ਬਾਅਦ ਹੀ ਪੁਨਰ ਉਸਾਰੀ ਕੀਤੀ ਜਾ ਰਹੀ ਹੈ |
ਇਸ ਮੌਕੇ ਡਿਪਟੀ ਮੇਅਰ ਅਸ਼ੋਕ ਧਮੀਜਾ ਨੇ ਆਖਿਆ ਕਿ ਮੇਅਰ ਲੋਕਾਂ ਦੀ ਚੁਣੀ ਹੋਈ ਹਾਉਸ ਦੀ ਮਾਲਕ ਹੈ ਅਤੇ ਕਮਿਸ਼ਨਰ ਦੇ ਸਾਹਮਣੇ ਧਰਨਾ ਦੇਣਾ ਉਸਨੂੰ ਸੋਭਾ ਨਹੀਂ ਦਿੰਦਾ ਕਿਉਂਕਿ ਉਹ ਚਾਹੇ ਤਾਂ ਅਫਸਰਸ਼ਾਹੀ ਦੇ ਕੰਮ ਨੂੰ ਸੁਚਾਰੂ ਰੂਪ ਵਿਚ ਚਲਾਉਣ ਲਈ ਹੁਕਮ ਕਰ ਸਕਦੀ ਹੈ | ਉਹਨਾਂ ਆਖਿਆ ਕਿ ਮੇਅਰ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਕੌਂਸਲਰਾਂ ਨੂੰ ਆਪਣੇ ਨਾਲ ਜੋੜੀ ਰੱਖਣ ਲਈ ਬੀਤੇ ਕੱਲ ਕਮਿਸ਼ਨਰ ਖਿਲਾਫ਼ ਧਰਨਾ ਦਿੱਤਾ ਕਿਉਂਕਿ ਮੇਅਰ ਨੀਤਿਕਾ ਭੱਲਾ ਨੂੰ ਡਰ ਹੈ ਕਿ ਕਿਤੇ ਉਸ ਦੀ ਮੇਅਰ ਵਾਲੀ ਕੁਰਸੀ ਨਾ ਖੁੱਸ ਜਾਵੇ| ਸਮੂਹ ਕੌਂਸਲਰਾਂ ਨੇ ਦੋਸ਼ ਲਾਇਆ ਕਿ ਸਟਰੀਟ ਲਾਇਟਾਂ ਦੇ ਘਪਲੇ ਵਿਚ 42 ਕੌਂਸਲਰਾਂ ਵੱਲੋਂ ਠੇੇਕੇਦਾਰ ਦਾ ਠੇਕਾ ਰੱਦ ਕਰਨ ਲਈ ਲਿਖ ਕੇ ਦੇਣ ਦੇ ਬਾਵਜੂਦ ਮੇਅਰ ਵੱਲੋਂ ਠੇਕਾ ਰੱਦ ਨਹੀਂ ਕੀਤਾ ਗਿਆ |
ਉਪਰੋਕਤ ਸਾਰੇ ਦੋਸ਼ਾਂ ਸਬੰਧੀ ਆਪਣਾ ਪ੍ਰਤੀਕ੍ਰਮ ਦਿੰਦਿਆਂ ਮੇਅਰ ਨੀਤਿਕਾ ਭੱਲਾ ਨੇ ਆਖਿਆ ਕਿ ਸਟਰੀਟ ਲਾਈਟਾਂ ਦਾ ਕਾਨਟਰੈਕਟ ਸਟੇਟ ਪੱਧਰ ’ਤੇ ਹੋਇਆ ਹੈ ਪਰ ਫੇਰ ਵੀ ਉਹ ਉਹਨਾਂ ਦੇ ਕਾਰਜਕਾਲ ਦੌਰਾਨ ਹੋਏ ਸਾਰੇ ਵਿਕਾਸ ਕਾਰਜਾਂ ਦੀ ਕਿਸੇ ਵੀ ਜਾਂਚ ਲਈ ਕਿਸੇ ਵੀ ਏਜੰਸੀ ਦਾ ਸਾਹਮਣਾ ਕਰਨ ਲਈ ਤਿਆਰ ਹਨ|