ਗੋਲੀਬਾਰੀ ਦੌਰਾਨ ਮੋਗਾ ਦੇ ਪਿੰਡ ਫਤਿਹਗੜ੍ਹ ਕੋਰੋਟਾਣਾ ਵਿਖੇ ਇਕ ਵਿਅਕਤੀ ਦੀ ਮੌਤ

ਮੋਗਾ, 3 ਮਈ  (ਜਸ਼ਨ):   ਮੋਗਾ ਜ਼ਿਲ੍ਹੇ ਦੇ ਪਿੰਡ ਫਤਿਹਗੜ੍ਹ ਕੋਰੋਟਾਣਾ ਵਿਖੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਅਕਾਲਸਰ ਸਾਹਿਬ ਦੇ ਸਾਬਕਾ ਖਜਾਨਚੀ ਨੇ ਇਕ ਹੋਰ ਕਮੇਟੀ ਮੈਂਬਰ ਤੇ ਗੋਲੀ ਚਲਾਉਣ ਉਪਰੰਤ  ਫਾਇਰ ਮਾਰ ਕੇ ਆਤਮ ਹਤਿਆ ਕਰ ਲਈ।ਸਾਬਕਾ ਖਜਾਨਚੀ ਜੰਗ ਸਿੰਘ ਦੀ  ਮੌਕੇ ਤੇ ਹੀ  ਮੌਤ ਹੋ ਗਈ। ਉਹਦੇ ਪਾਸੋਂ ਸੂਸਾਇਡ ਨੋਟ ਅਤੇ 32 ਬੋਰ ਦਾ ਰਿਵਾਲਵਰ ਮਿਲ ਗਿਆ ਹੈ। ਇਸ ਸਬੰਧ ਵਿਚ ਮੁੱਖ  ਅਫਸਰ ਥਾਣਾ ਧਰਮਕੋਟ ਵੱਲੋਂ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ । ਜਾਣਕਾਰੀ ਮੁਤਾਬਿਕ  ਪਿੰਡ ਵਾਸੀਆਂ ਵੱਲੋਂ ਕੁਝ ਦਿਨ ਪਹਿਲਾਂ ਪਹਿਲੀ ਕਮੇਟੀ ਨੂੰ ਭੰਗ ਕਰਕੇ ਨਵੀਂ ਗੁਰਦਵਾਰਾ ਕਮੇਟੀ ਬਣਾ ਲਈ ਸੀ ਜਿਸ ਵਿਚ ਜੰਗ ਸਿੰਘ ਨੂੰ ਨਵੀਂ ਕਮੇਟੀ ਵਿਚ ਸ਼ਾਮਲ ਨਹੀਂ ਕੀਤਾ ਗਿਆ । ਜੰਗ ਸਿੰਘ ਦੇ ਖਿਲਾਫ ਗੁਰਦੁਆਰਾ ਸਾਹਿਬ ਦੇ ਪੈਸੇ ਖਾਣ ਦੇ ਦੋਸ਼ ਲਗਾਏ ਗਏ ਸਨ । ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਜੰਗ ਸਿੰਘ ਦਾ ਕਹਿਣਾ ਸੀ ਕਿ ਉਸ ਨੇ  ਪੈਸੇ ਨਹੀਂ ਖਾਧੇ ਅਤੇ ਇਸ ਸਬੰਧੀ ਪਤਵੰਤਿਆਂ ਵਿਚ ਬੈਠ ਕੇ ਮਾਮਲਾ ਨਿੱਬੜ ਗਿਆ ਸੀ ਅਤੇ ਜੰਗ  ਸਿੰਘ  ਇਸ ਨਿਬੇੜੇ ਮਸਲੇ ਅਤੇ ਆਪਣੇ ਬੇਗੁਨਾਹ ਹੋਣ ਬਾਰੇ ਉਸੇ ਗੁਰਦਵਾਰਾ ਸਾਹਿਬ ਤੋਂ ਪਿੰਡ ਵਿਚ ਹੋਕਾ ਦੇਣਾ ਚਾਹੁੰਦਾ ਸੀ ਪਰ  ਕਮੇਟੀ ਦੇ ਮੈਂਬਰ ਜਗਤਾਰ ਸਿੰਘ ਨੇ ਉਸ ਨੂੰ ਹੋਕਾ ਨਹੀਂ ਦੇਣ ਦਿੱਤਾ।ਜੰਗ ਸਿੰਘ ਦਰਬਾਰ ਹਾਲ ਦੇ ਬਾਹਰ ਆਕੇ ਬੈਠ ਗਿਆ ਤੇ ਜਦ ਜਗਤਾਰ ਸਿੰਘ ਹਾਲ ਤੋਂ ਬਾਹਰ ਆਇਆ ਤਾਂ ਜੰਗ ਸਿੰਘ ਨੇ ਉਸ ਤੇ  32 ਬੋਰ ਦੇ  ਰਿਵਾਲਵਰ ਨਾਲ ਗੋਲੀਆਂ ਚਲਾ ਦਿਤੀਆਂ   ਜਿਸ ਨੇ ਭੱਜ ਕੇ ਆਪਣੀ ਜਾਨ ਬਚਾਈ ਅਤੇ ਟਰੱਕ ਦੇ ਓਹਲੇ ਲੁਕ ਗਿਆ । ਜਦ ਜੰਗ ਸਿੰਘ  ਵਾਪਿਸ ਗੁਰੂਦਵਾਰਾ ਆਇਆ ਤਾਂ ਉਸ ਨੇ ਗੁਰਦਵਾਰਾ ਸਾਹਿਬ ਦੀ ਹਦੂਦ ਵਿਚ ਹੀ ਆਪਣੇ ਆਪ ਨੂੰ 32 ਬੋਰ ਦੇ ਰਿਵਾਲਵਰ ਨਾਲ ਗੋਲੀ ਮਾਰ ਲਈ ਜਿਸ ਦੀ ਮੌਕੇ ਤੇ ਮੌਤ ਹੋ ਗਈ  । ਜੰਗ ਸਿੰਘ ਵਲੋਂ  ਸੂਸਾਇਡ ਨੋਟ ਵਿਚ ਅਤੇ  ਮੁੱਖ  ਅਫਸਰ ਥਾਣਾ ਧਰਮਕੋਟ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਜੰਗ ਸਿੰਘ  ਨੂੰ ਪਰੇਸ਼ਾਨ ਕਰਨ ਅਤੇ ਬਦਨਾਮ ਕਰਨ ਲਈ ਜ਼ਿਮੇਵਾਰ ਜਗਤਾਰ ਸਿੰਘ ,ਬਲਜੀਤ ਸਿੰਘ  ਅਤੇ ਜਸਬੀਰ ਸਿੰਘ ਖਿਲਾਫ ਕਾਰਵਾਈ ਆਰੰਭ ਦਿੱਤੀ ਗਈ ਹੈ ਤੇ ਛੇਤੀ ਹੀ   ਗ੍ਰਿਫਤਾਰ ਕਰਕੇ ਮਾਮਲੇ ਦੀ ਅਸਲੀਅਤ ਸਾਹਮਣੇ ਲਿਆਂਦੀ ਜਾਵੇਗੀ । ਪੁਲਿਸ ਸੀ ਸੀ ਟੀ ਵੀ  ਫੁਟੇਜ ਖੰਗਾਲ ਰਹੀ ਹੈ ।