ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿੱਚ ਸਿਆਸਤ ਦੇ ਬੋਹੜ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤੀ ਗਈ ਸ਼ਰਧਾਂਜਲੀ

ਮੋਗਾ, 28 ਅਪਰੈਲ (ਜਸ਼ਨ) : ਜ਼ਿਲੇ ਦੀ ਉੱਘੀ ਵਿਦਿਅਕ ਸੰਸਥਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿੱਚ ਸਾਬਕਾ ਮੁੱਖ ਮੰਤਰੀ ਅਤੇ ਉਘੇ ਸਿਆਸਤਦਾਨ ਸ: ਪ੍ਰਕਾਸ਼ ਸਿੰਘ ਬਾਦਲ ਦੀ ਅਕਾਲ ਚਲਾਣੇ ਤੇ ਦੁੱਖ ਪ੍ਰਗਟ ਕਰਦਿਆਂ ਵਿਸ਼ੇਸ਼ ਪ੍ਰਾਰਥਨਾ ਸਭਾ ਆਯੋਜਿਤ ਕੀਤੀ ਗਈ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਦੋ ਮਿੰਟ ਦਾ ਮੌਨ ਧਾਰਨ ਕੀਤਾ ਅਤੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਸਕੂਲ ਦੀ ਅਧਿਆਪਕਾ ਅੰਮ੍ਰਿਤਪਾਲ ਕੌਰ ਨੇ ਸ: ਪ੍ਰਕਾਸ਼ ਸਿੰਘ ਬਾਦਲ ਦੀ ਜਨਮ, ਮੁਢਲੇ ਜੀਵਨ ਤੇ ਪ੍ਰਾਪਤੀਆਂ ਤੇ ਚਾਨਣਾ ਪਾਇਆ। ਉਨ੍ਹਾਂ ਨੇ ਸਿਰਫ਼ 20 ਸਾਲ ਦੀ ਉਮਰ ਵਿੱਚ ਸਿਆਸਤ ਵਿੱਚ ਸਰਪੰਚ ਬਣ ਕੇ ਪੈਰ ਧਰਿਆ ਅਤੇ ਉਹ 13 ਵਾਰ ਵਿਧਾਇਕ ਅਤੇ 5 ਵਾਰ ਮੁੱਖ ਮੰਤਰੀ ਚੁਣੇ ਗਏ। 95 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ। ਇਸ ਮੌਕੇ 21 ਅਪਰੈਲ 2023 ਨੂੰ ਜੰਮੂ ਕਸ਼ਮੀਰ ਦੇ ਪੁੰਛ ਜ਼ਿਲੇ ਵਿੱਚ ਹੋਏ ਅੱਤਵਾਦੀ ਹਮਲੇ ਦੌਰਾਨ ਪੰਜਾਬ ਦੇ ਸ਼ਹੀਦ ਹੋਏ 4 ਜਵਾਨਾਂ ਨੂੰ ਭਾਵ ਭਿੰਨੀ ਸ਼ਰਧਾਂਜਲੀ ਦਿੱਤੀ ਗਈ। ਸਕੂਲ ਦੀ ਦੱਸਵੀਂ ਜਮਾਤ ਦੀ ਵਿਦਿਆਰਥਣ ਨਿਮਰਤ ਕੌਰ ਨੇ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਬਹੁਤ ਹੀ ਭਾਵ ਪੂਰਨ ਕਵਿਤਾ ਲਿਖੀ ਤੇ ਪ੍ਰਾਥਨਾ ਸਭਾ ਵਿੱਚ ਪੇਸ਼ ਕੀਤੀ ਜਿਸ ਦੇ ਬੋਲਾਂ ਨੂੰ ਸੁਣ ਕੇ ਹਰ ਅੱਖ ਨਮ ਹੋ ਗਈ। ਪ੍ਰਿੰਸੀਪਲ ਮੈਡਮ ਸਤਵਿੰਦਰ ਕੌਰ ਨੇ ਦੱਸਿਆ ਕਿ ਦੇਸ਼ ਦੇ ਜਵਾਨਾਂ ਸਦਕਾ ਅਸੀਂ ਆਪਣੇ ਘਰਾਂ ਵਿੱਚ ਸੁੱਖ ਦੀ ਨੀਂਦ ਸੌਂਦੇ ਹਾਂ। ਇਹਨਾਂ ਦੀਆਂ ਸ਼ਹੀਦੀਆ ਸਦਕਾ ਹੀ ਦੇਸ਼ ਸੁਰੱਖਿਅਤ ਹੈ। ਸਾਨੂੰ ਇਨ੍ਹਾਂ ਦੀਆਂ ਸ਼ਹੀਦੀਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ।