ਸੰਤ ਨਿਰੰਕਾਰੀ ਸਤਿਸੰਗ ਭਵਨ ਮੋਗਾ ਵਿਖੇ ਲਗਾਏ ਗਏ ਖ਼ੂਨਦਾਨ ਕੈਂਪ ਵਿੱਚ 150 ਯੂਨਿਟ ਖ਼ੂਨਦਾਨ ਹੋਇਆ

Tags: 

ਮੋਗਾ 24 ਅਪ੍ਰੈਲ  (jashan ):  ਬਾਬਾ ਗੁਰਬਚਨ ਸਿੰਘ ਜੀ ਦੀ ਪਵਿੱਤਰ ਯਾਦ ਵਿੱਚ 24 ਅਪ੍ਰੈਲ ਦਾ ਦਿਹਾੜਾ ਮਾਨਵ ਏਕਤਾ ਦਿਵਸ ਵਜੋਂ ਸਮੁੱਚੇ ਨਿਰੰਕਾਰੀ ਜਗਤ ਵੱਲੋਂ ਭਾਰਤ ਅਤੇ ਦੂਰ ਦੇਸ਼ ਅੱਜ ਖੂਨਦਾਨ ਕੈਂਪ ਲਗਾਕੇ ਮਨਾਇਆ ਜਾ ਰਿਹਾ ਹੈ। ਏਸੇ ਕੜ੍ਹੀ ਤਹਿਤ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਪਾਵਨ ਅਸ਼ੀਰਵਾਦ ਸਦਕਾ ਬ੍ਰਾਂਚ ਮੋਗਾ ਵਿਖੇ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ (ਸੰਤ ਨਿਰੰਕਾਰੀ ਮਿਸ਼ਨ ਦੇ ਸਮਾਜਕ ਵਿਭਾਗ) ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ ਸੰਤ ਨਿਰੰਕਾਰੀ ਮਿਸ਼ਨ ਦੇ 150 ਸ਼ਰਧਾਲੂਆਂ ਅਤੇ ਸੇਵਾਦਾਰਾਂ ਨੇ ਨਿਰਸਵਾਰਥ ਖੂਨਦਾਨ ਕੀਤਾ। ਖੂਨ ਇਕੱਠਾ ਕਰਨ ਲਈ ਸਿਵਲ ਹਸਪਤਾਲ ਮੋਗਾ ਦੇ ਬਲੱਡ ਬੈਂਕ ਤੋਂ ਡਾਕਟਰ ਅਰਸ਼ਦੀਪ ਸਿੰਘ ਅਤੇ ਉਹਨਾਂ ਦੀ ਟੀਮ ਪਹੁੰਚੀ।
ਇਸ ਖ਼ੂਨਦਾਨ ਕੈਂਪ ਦਾ ਉਦਘਾਟਨ ਸਤਿਕਾਰਯੋਗ ਸ਼੍ਰੀ ਵੀਰ ਚੰਦ ਲੂਥਰਾ ਜੀ ਜ਼ੋਨਲ ਇੰਚਾਰਜ ਸੰਗਰੂਰ ਨੇ ਕੀਤਾ। ਉਨ੍ਹਾਂ ਨੇ ਮਾਨਵ ਏਕਤਾ ਦਿਵਸ ਮੌਕੇ ਖੂਨਦਾਨੀਆਂ ਨੂੰ ਖੂਨਦਾਨ ਕੈਂਪ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਖੂਨਦਾਨ ਸਭ ਤੋਂ ਉੱਤਮ ਦਾਨ ਹੈ, ਮਨੁੱਖਤਾ ਦੀ ਭਲਾਈ ਲਈ ਹਰ ਇੱਕ ਨੂੰ ਖੂਨਦਾਨ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।
  ਮੋਗਾ ਬ੍ਰਾਂਚ ਦੇ ਸੰਯੋਜਕ ਰਾਕੇਸ਼ ਕੁਮਾਰ ਲੱਕੀ ਨੇ ਖੂਨਦਾਨ ਕੈਂਪ ਵਿੱਚ ਹਾਜ਼ਰ ਮੋਗਾ ਦੇ ਮੇਅਰ ਨਿਤਿਕਾ ਭੱਲਾ, ਐਮ.ਸੀ ਸਾਹਿਬਾਨ, ਮਹਿੰਦਰ ਪਾਲ ਲੂੰਬਾ ਅਤੇ ਹੋਰ ਪਤਵੰਤਿਆਂ ਅਤੇ ਸਮੂਹ ਖੂਨਦਾਨੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਮਨੁੱਖਤਾ ਲਈ ਕੀਤੇ ਜਾ ਰਹੇ ਬਹੁਤ ਮਹੱਤਵਪੂਰਨ ਕੰਮ ਖ਼ੂਨਦਾਨ ਲਈ ਆਪ ਸਭ ਵਧਾਈ ਦੇ ਹੱਕਦਾਰ ਹੋ। 
  ਉਨ੍ਹਾਂ ਕਿਹਾ ਕਿ ਮਿਸ਼ਨ ਵੱਲੋਂ ਦਿੱਲੀ ਵਿਖੇ ਨਵੰਬਰ 1986 ਵਿੱਚ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਮੌਕੇ ਪਹਿਲਾ ਖੂਨਦਾਨ ਕੈਂਪ ਲਗਾਇਆ ਗਿਆ ਸੀ, ਜਿਸ ਵਿੱਚ ਬਾਬਾ ਹਰਦੇਵ ਸਿੰਘ ਜੀ ਨੇ ਇਸ ਕੈਂਪ ਦਾ ਉਦਘਾਟਨ ਕੀਤਾ ਸੀ। ਉਸ ਸਮੇਂ ਤੋਂ ਖ਼ੂਨਦਾਨ ਕੈਂਪਾਂ ਦਾ ਆਯੋਜਨ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਹੈ। ਪਿਛਲੇ 36 ਸਾਲਾਂ ਤੋਂ ਇਹ ਮਿਸ਼ਨ ਲੋਕਾਂ ਦੀ ਭਲਾਈ ਲਈ ਹੁਣ ਤੱਕ 7,585 ਖੂਨਦਾਨ ਕੈਂਪਾਂ ਵਿੱਚੋਂ 12,47,367 ਯੂਨਿਟ ਖੂਨਦਾਨ ਕੀਤਾ ਜਾ ਚੁੱਕਾ ਹੈ। ਬਾਬਾ ਹਰਦੇਵ ਸਿੰਘ ਜੀ ਨੇ ਮਾਨਵਤਾ ਨੂੰ ਇਹ ਸੰਦੇਸ਼ ਦਿੱਤਾ ਕਿ- ‘ ਖੂਨ ਨਾਲੀਆਂ ਵਿਚ ਨਹੀਂ ਸਗੋਂ ਨਾੜੀਆਂ ਵਿਚ ਵਹਿਣਾ ਚਾਹੀਦਾ ਹੈ ’। ਉਨ੍ਹਾਂ ਦੇ ਨਿਰਦੇਸ਼ਾਂ ਅਨੁਸਾਰ ਇਸ ਮੁਹਿੰਮ ਨੂੰ ਲਗਾਤਾਰ ਅੱਗੇ ਵਧਾਇਆ ਜਾ ਰਿਹਾ ਹੈ।
ਸੰਤ ਨਿਰੰਕਾਰੀ ਮਿਸ਼ਨ ਵੱਲੋਂ ਸਮੇਂ-ਸਮੇਂ 'ਤੇ ਲੋਕ ਹਿੱਤਾਂ ਦੀ ਬਿਹਤਰੀ ਲਈ ਵਿਸ਼ਵ ਭਰ ਵਿੱਚ ਬਹੁਤ ਸਾਰੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਸਮਾਜ ਦਾ ਸਹੀ ਵਿਕਾਸ ਹੋ ਸਕੇ। ਜਿਸ ਵਿੱਚ ਮੁੱਖ ਤੌਰ 'ਤੇ ਸਫ਼ਾਈ ਮੁਹਿੰਮ, ਰੁੱਖ ਲਗਾਉਣਾ, ਮੁਫ਼ਤ ਮੈਡੀਕਲ ਕੈਂਪ, ਮੁਫ਼ਤ ਅੱਖਾਂ ਦਾ ਕੈਂਪ, ਕੁਦਰਤੀ ਆਫ਼ਤਾਂ ਵਿੱਚ ਲੋੜਵੰਦਾਂ ਦੀ ਮਦਦ ਆਦਿ ਦੇ ਨਾਲ-ਨਾਲ ਔਰਤਾਂ ਦੇ ਸਸ਼ਕਤੀਕਰਨ ਅਤੇ ਬਾਲ ਵਿਕਾਸ ਲਈ ਕਈ ਭਲਾਈ ਸਕੀਮਾਂ ਵੀ ਸੁਚਾਰੂ ਢੰਗ ਨਾਲ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਸਾਰੀਆਂ ਸੇਵਾਵਾਂ ਲਈ, ਮਿਸ਼ਨ ਦੀ ਸਮੇਂ-ਸਮੇਂ 'ਤੇ ਰਾਜ ਸਰਕਾਰਾਂ ਵੱਲੋਂ ਸ਼ਲਾਘਾ ਅਤੇ ਸਨਮਾਨ ਕੀਤਾ ਜਾਂਦਾ ਰਿਹਾ ਹੈ।