ਪੰਜਾਬ ਵਿੱਚ ਲਗ ਰਹੇ ਬਿਜਲੀ ਦੇ ਲੰਮੇ-ਲੰਮੇ ਕੱਟਾਂ ਨੇ ਖੋਲੀ ਆਪ ਸਰਕਾਰ ਦੀ 24ਘੰਟੇ ਬਿਜਲੀ ਦੇਣ ਦੀ ਪੋਲ:ਬੈਂਸ

ਮੋਗਾ, 21 ਅਪਰੈਲ (ਜਸ਼ਨ):ਗਰਮੀਆਂ ਆਉਣ ਤੋਂ ਪਹਿਲਾਂ ਹੀ ਪੰਜਾਬ ਵਿੱਚ ਲਗ ਰਹੇ ਬਿਜਲੀ ਦੇ ਲੰਮੇ-ਲੰਮੇ ਕੱਟਾਂ ਨੇ ਜਿਥੇ ਆਮ ਜਨਤਾ ਦਾ ਜਿਊਣਾ ਮੁਸ਼ਕਿਲ ਕੀਤਾ ਹੈ ਉਥੇ ਹੀ ਬਿਜਲੀ ਜਾਣ ਨਾਲ ਪਾਣੀ ਦੀ ਕਿੱਲਤ ਦਾ ਵੀ ਉਹਨਾਂ ਨੂੰ ਸਾਮ੍ਹਣਾ ਕਰਨਾ ਪੈ ਰਿਹਾ ਹੈ।ਜੋਂ ਕਿ ਪੰਜਾਬ ਵਾਸੀਆਂ ਵਾਸਤੇ ਵੱਡੀ ਮੰਦਭਾਗੀ ਗੱਲ ਹੈ।
ਇਹ ਸ਼ਬਦ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਆਪ  ਸਰਕਾਰ ਵਲੋ ਲਗਾਏ ਜਾ ਰਹੇ ਬਿਜਲੀ ਦੇ ਅਣਐਲਾਨੇ ਕੱਟਾਂ ਉਤੇ ਤੰਜ ਕਸਦੇ ਹੋਏ ਕਹੇ।ਬੈਂਸ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ 24 ਘੰਟੇ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ।ਪਰ ਸਤਾ ਹੱਥ ਲੱਗਦੀਆ ਹੀ ਉਹ ਆਪਣਾ ਵਾਅਦਾ ਭੁੱਲ ਗਏ।ਬਿਜਲੀ ਦੇ  ਲਗ ਰਹੇ ਲੰਮੇ-ਲੰਮੇ ਕੱਟਾਂ ਨੇ ਪੰਜਾਬ ਦੀ ਇੰਡਸਟਰੀ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ।ਪੰਜਾਬ ਵਿੱਚ ਇੰਡਸਟਰੀ  ਪਹਿਲਾਂ ਹੀ  ਮੰਦੇ ਹਾਲ ਵਿਚੋਂ ਗੁਜ਼ਰ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਜੇ ਪੰਜਾਬ ਦੀ ਇੰਡਸਟਰੀ ਨੂੰ ਬਿਜਲੀ ਨਾ ਮਿਲੀ ਤਾਂ ਛੋਟੀ ਇੰਡਸਟਰੀ ਬੰਦੀ ਦੀ ਹਾਲਤ ਵਿੱਚ ਆ ਜਾਵੇਗੀ।ਜਿਸ ਨਾਲ ਪੰਜਾਬ ਵਿੱਚ ਬੇਰੋਜ਼ਗਾਰੀ  ਵੱਧੇਗੀ।
ਪੰਜਾਬ ਦੇ ਲੋਕਾਂ ਨੇ ਬਦਲਾਅ ਨੂੰ ਨੂੰ ਲੈ ਕੇ ਆਪ ਸਰਕਾਰ ਨੂੰ ਵੋਟਾਂ ਪਾਈਆਂ ਸਨ ਪਰ ਅੱਜ  ਪੰਜਾਬ ਵਿੱਚ ਲੱਗ ਰਹੇ ਬਿਜਲੀ ਦੇ ਲੰਮੇ-ਲੰਮੇ ਕੱਟਾਂ ਨੇ ਆਪ ਸਰਕਾਰ ਦੀ ਸਾਰੀ ਪੋਲ ਖੋਲ ਕੇ ਰੱਖ ਦਿੱਤੀ ਹੈ ਕਿ ਉਹਨਾਂ ਨੇ ਕਿਸ ਤਰ੍ਹਾਂ ਦਾ ਬਦਲਾਅ ਕੀਤਾ ਹੈ।ਇਹਨੇ ਕਟ ਤਾਂ ਪੁਰਾਣੀਆ ਸਰਕਾਰਾਂ ਦੇ ਵੇਲੇ ਨਹੀਂ ਲੱਗੇ।ਜਿਹੜੇ ਉਣ ਗਰਮੀਆਂ ਸ਼ੁਰੂ ਹੋਣ ਤੋਂ ਪਹਿਲਾਂ ਆਪ ਸਰਕਾਰ ਦੇ ਰਾਜ ਵਿੱਚ ਲਗ ਰਹੇ ਹਨ।ਦੂਜੇ ਪਾਸੇ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗਰਮੀਆਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰ ਸਵੇਰੇ 7.30 ਵਜੇ ਤੋਂ ਦੁਪਹਿਰ 2 ਵਜੇ ਤੱਕ ਖੋਲਣ ਦਾ ਤੁਗਲਕੀ ਫਰਮਾਨ ਜਾਰੀ ਕੀਤਾ ਹੈ।ਜਿਸ ਤੋਂ ਇੰਝ ਜਾਪਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਬਿਜਲੀ ਦਾ ਵੱਡਾ ਸੰਕਟ ਪੈਦਾ ਹੋਣ ਵਾਲਾ ਹੈ ਅਤੇ ਪੰਜਾਬ ਸਰਕਾਰ ਬਿਜਲੀ ਦੇ ਪ੍ਰਬੰਧ ਕਰਨ ਦੀ ਬਜਾਏ ਤੁਗਲਕੀ ਨੀਤੀ ਉੱਤੇ ਚੱਲਦਿਆਂ ਫ਼ਰਮਾਨ ਜਾਰੀ ਕਰ ਰਹੀ ਹੈ। ਜੌ ਕਿ ਪੰਜਾਬ ਦੀ ਜਨਤਾ ਨਾਲ ਵੱਡਾ ਥੋਖਾ ਹੈ।ਬੈਂਸ ਨੇ ਕਿਹਾ ਕਿ ਲਗਦਾ  ਹੈ ਕਿ ਭਗਵੰਤ ਮਾਨ ਸਰਕਾਰ ਨੂੰ ਆਪਣੇ ਉਤੇ ਭਰੋਸਾ ਨਹੀਂ ਕਿ ਉਹ ਗਰਮੀਆਂ ਵਿੱਚ ਪੰਜਾਬ ਵਾਸੀਆਂ ਨੂੰ ਬਿਜਲੀ ਦੇ ਸਕਣਗੇ ਇਸੇ ਲਈ ਉਹ ਗਰਮੀਆਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਤੁਗਲਕੀ ਫਰਮਾਨ ਜਾਰੀ ਕਰ ਆਪਣੇ ਆਪ ਨੂੰ ਫੇਲ੍ਹ ਸਾਬਿਤ ਕਰ ਰਹੇ ਹਨ।