ਮੋਗਾ ਦੇ ਪਿੰਡ ਚੜਿੱਕ ਦੇ ਜਵਾਨ ਦੀ ਹੋਈ ਸ਼ਹਾਦਤ ਨਾਲ ਮੋਗਾ ਜ਼ਿਲ੍ਹੇ ਵਿਚ ਸ਼ੋਕ ਦੀ ਲਹਿਰ
ਮੋਗਾ, 21 ਅਪਰੈਲ (ਜਸ਼ਨ): ਪੁਣਛ ਜੰਮੂ ਹਾਈਵੇ ‘ਤੇ ਸੈਨਾ ਦੀ ਗੱਡੀ ਤੇ ਹੋਏ ਅਤਵਾਦੀ ਹਮਲੇ ਵਿਚ, ਸ਼ਹੀਦ ਹੋਏ ਪੰਜਾਂ ਜਵਾਨਾਂ ‘ਚ ਮੋਗਾ ਦੇ ਨਜ਼ਦੀਕੀ ਪਿੰਡ ਚੜਿੱਕ ਦੇ ਜਵਾਨ, ਕੁਲਵੰਤ ਸਿੰਘ ਦੀ ਹੋਈ ਸ਼ਹਾਦਤ ਨਾਲ ਮੋਗਾ ਜ਼ਿਲ੍ਹੇ ਵਿਚ ਸ਼ੋਕ ਦੀ ਲਹਿਰ ਪਾਈ ਜਾ ਰਹੀ ਹੈ।
ਪਿੰਡ ਚੜਿੱਕ ਨਾਲ ਸਬੰਧਤ ਫ਼ੌਜੀ ਜਵਾਨ ਕੁਲਵੰਤ ਸਿੰਘ 35 ਸਾਲ ਦੇ ਸਨ ਅਤੇ ਇਹ ਬੀਤੇ ਕੱਲ ਪੁੰਛ ਜੰਮੂ ਹਾਈਵੇ ਤੇ ਸੈਨਾ ਦੀ ਗੱਡੀ ਤੇ ਹੋਏ ਅਤਵਾਦੀ ਹਮਲੇ ਦੌਰਾਨ ਸ਼ਹਾਦਤ ਦਾ ਜਾਮ ਪੀ ਗਏ। ਸ਼ਹੀਦ ਕੁਲਵੰਤ ਸਿੰਘ ਦੇ ਪਿਤਾ ਵੀ ਕਾਰਗਿਲ ਯੁੱਧ ਦੌਰਾਨ ਸ਼ਹਾਦਤ ਦਾ ਜਾਮ ਪੀ ਗਏ ਸਨ।ਉਸ ਸਮੇਂ ਕੁਲਵੰਤ ਸਿੰਘ ਦੀ ਉਮਰ ਮਹਿਜ਼ ਦੋ ਸਾਲ ਸੀ ਪਾਰ ਆਪਣੇ ਪਿਤਾ ਵਾਂਗ ਦੇਸ਼ ਸੇਵਾ ਦੀ ਭਾਵਨਾ ਲੈਕੇ ਕੁਲਵੰਤ ਸਿੰਘ ਵੀ ਫੌਜ ਵਿਚ ਭਾਰਤ ਹੋਇਆ ਤੇ ਦੇਸ਼ ਲਈ ਜ਼ਿੰਦੜੀ ਵਾਰ ਦਿਤੀ। ਸ਼ਹੀਦ ਕੁਲਵੰਤ ਸਿੰਘ ਆਪਣੇ ਪਿੱਛੇ ਆਪਣੀ ਪਤਨੀ, 2 ਸਾਲਾ ਪੁੱਤਰੀ ਅਤੇ ਛੇ ਮਹੀਨੇ ਦੇ ਪੁੱਤਰ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਨੂੰ ਰੋਂਦੇ ਕੁਰਲਾਉਂਦੇ ਛੱਡ ਗਿਆ ਹੈ ।
ਇਲਾਕੇ 'ਚ ਜਿਥੇ ਸੋਗ ਦੀ ਲਹਿਰ ਹੈ ਓਥੇ ਹੀ ਪਰਿਵਾਰ ਅਤੇ ਪਿੰਡ ਵਾਸੀਆਂ ਨੂੰ ਕੁਲਵੰਤ ਦੀ ਸ਼ਹਾਦਤ ਤੇ ਮਾਣ ਹੈ। ਦੱਸਿਆ ਜਾ ਰਿਹਾ ਹੈ ਕੇ ਸ਼ਹੀਦ ਦਾ ਅੰਤਿਮ ਸਸਕਾਰ ਜੱਦੀ ਪਿੰਡ ਚੜਿਕ ਵਿਖੇ 22 ਅਪ੍ਰੈਲ ਨੂੰ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ ।