ਅਮਰੁਤ ਸਕੀਮ ਅਧੀਨ ਬਣੇ ਪਾਰਕ ਵਿਚ ਨਿਗਮ ਕਮਿਸ਼ਨਰ ਵੱਲੋਂ ਉਸਾਰੀ ਕੰਧ ਖਿਲਾਫ਼ ਸਮਾਜ ਸੇਵੀਆਂ ਨੇ ਵਜਾਇਆ ਸੰਘਰਸ਼ ਦਾ ਬਿਗਲ

*‘ਬਰਲਿਨ ਦੀ ਦੀਵਾਰ’ ਵਾਂਗ ਇਸ ਕੰਧ ਨੂੰ ਗਿਰਾਉਣ ਤੱਕ ਸੰਘਰਸ਼ ਜਾਰੀ ਰਹੇਗਾ: ਮਹਿੰਦਰਪਾਲ ਲੂੰਬਾ
ਮੋਗਾ, 19 ਅਪਰੈਲ  (ਜਸ਼ਨ ): ਮੋਗਾ ਦੇ ਦਸ਼ਮੇਸ਼ ਨਗਰ ‘ਚ ਅਮਰੁਤ ਯੋਜਨਾ ਤਹਿਤ ਤਾਮੀਰ ਪਾਰਕ, ਵਿਚਾਲੇ ਨਿਗਮ ਕਮਿਸ਼ਨਰ ਵੱਲੋਂ ਆਪਣੀ ਸੁਰੱਖਿਆ ਦੇ ਨਾਮ ’ਤੇ ਉਸਾਰੀ ਜਾ ਰਹੀ ਕੰਧ ਦੇ ਵਿਰੋਧ ਵਿਚ ਵਾਤਾਵਰਨ ਪ੍ਰੇਮੀਆਂ ਵੱਲੋਂ ਛੇੜੇ ਅਭਿਆਨ ਨੂੰ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਸ਼ਹਿਰ ਦੀਆਂ ਪ੍ਰਮੁੱਖ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਨੇ ਪਾਰਕ ਦੀ ਵਿਗਾੜੀ ਜਾ ਰਹੀ ਦਿੱਖ ਖਿਲਾਫ਼ ਲੰਬੀ ਲੜਾਈ ਲੜਨ ਦਾ ਐਲਾਨ ਕਰ ਦਿੱਤਾ।
ਇਸ ਮੌਕੇ ਕੌਂਸਲਰ ਮਨਜੀਤ ਮਾਨ, ਗੁਰਸੇਵਕ ਸਿੰਘ ਸੰਨਿਆਸੀ, ਸਾਬਕਾ ਪ੍ਰਿੰਸੀਪਲ ਦਰਸ਼ਨ ਸਿੰਘ, ਨਵਦੀਪ ਕੁਮਾਰ,ਗੁਰਪ੍ਰੀਤਮ ਸਿੰਘ ਚੀਮਾ, ਸਾਬਕਾ ਸੀ ਈ ਓ ਬਾਬੂ ਲਾਲ, ਸੁਰਜੀਤ ਸਿੰਘ ਕਾਉਂਕੇ, ਪਰਮਜੀਤ ਸਿੰਘ ਚੂਹੜਚੱਕ, ਲਛਮਣ ਸਿੰਘ ,ਪਵਨ ਕੁਮਾਰ ਨੈਸਲੇ, ਨਵਦੀਪ ਕੁਮਾਰ, ਜਸਵਿੰਦਰ ਸਿੰਘ, ਊਸ਼ਾ ਕੌਰ ਜਸ਼ਨ , ਦੀਪੂ ਸਹੋਤਾ, ਰਾਜੀਵ ਅਗਰਵਾਲ, ਤੇਜਪਾਲ ਸਿੰਘ, ਕੁਲਦੀਪ ਸਿੰਘ ਕੋਮਲ,  ਸੁਖਦੇਵ ਸਿੰਘ ਬਰਾੜ, ਭੁਪਿੰਦਰ ਸਿੰਘ ਧੁੰਨਾ,  ਪ੍ਰੇਮ ਕੁਮਾਰ, ਗੁਰਪ੍ਰਤਾਪ ਸਿੰਘ ਬਰਾੜ,  ਅਰਜੁਨ , ਸੁਮਨ ਸਿੰਘ, ਯੋਗੇਸ਼ ਕੁਮਾਰ , ਹਰਜੀਤ ਕੌਰ, ਕੁਸ਼ੱਲਿਆ ਦੇਵੀ, ਛਿੰਦਰ ਕੌਰ, ਪਰਨੀਤ ਕੌਰ ਆਦਿ ਨੇ ਪਾਰਕ ਦੇ ਐਨ ਵਿਚਕਾਰ ਉਸਾਰੀ ਜਾ ਰਹੀ ਦੀਵਾਰ ਨੂੰ ਅਫ਼ਸਰਸ਼ਾਹੀ ਦਾ ਧੱਕਾ ਗਰਦਾਨਿਆ।  
ਇਸ ਮੌਕੇ ਸਮਾਜ ਸੇਵੀ ਮਹਿੰਦਰਪਾਲ ਲੂੰਬਾ ਨੇ ਆਖਿਆ ਕਿ ਜੇ ਚਾਰਦੀਵਾਰ , ਮੇਨ ਗੇਟ ਅਤੇ ਸੁਰੱਖਿਆ ਗਾਰਡਾਂ ਦੇ ਹੋਣ ਦੇ ਬਾਵਜੂਦ ਕਮਿਸ਼ਨਰ ਮੈਡਮ ਅਸੁਰੱਖਿਅਤ ਮਹਿਸੂਸ ਕਰਦੇ ਹਨ ਤਾਂ ਫਿਰ ਪੰਜਾਬ ਦੇ ਆਮ ਲੋਕ ਕਿਵੇਂ ਸੁਰੱਖਿਅਤ ਹੋ ਸਕਦੇ ਹਨ। ਉਹਨਾਂ ਆਖਿਆ ਕਿ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਕੰਧ ਦੇ ਕੰਮ ਨੂੰ ਤੁਰੰਤ ਰੁਕਵਾਵੇ । ਉਹਨਾਂ ਇਹ ਵੀ ਕਿਹਾ ਕਿ ਜਾਗਰੂਕ ਲੋਕਾਂ ਲਈ ਇਹ ਦੀਵਾਰ ‘ਬਰਲਿਨ ਦੀ ਦੀਵਾਰ’  ਹੈ ਅਤੇ ਇਸ ਨੂੰ ਗਿਰਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਗੁਰਪ੍ਰੀਤਮ ਚੀਮਾ ਨੇ ਆਖਿਆ ਕਿ ਇਸ ਲੋਕ ਹਿੱਤਾਂ ਨਾਲ ਜੁੜੀ ਸਮੱਸਿਆ ਬਾਰੇ ਡਿਪਟੀ ਕਮਿਸ਼ਨਰ ਅਤੇ ਹੋਰਨਾਂ ਉੱਚ ਅਧਿਕਾਰੀਆਂ ਨੂੰ ਵੀ ਮੈਮੋਰੰਡਮ ਦਿੱਤਾ ਜਾਵੇਗਾ। ਇਸ ਮੌਕੇ ਕੌਂਸਲਰ ਮਨਜੀਤ ਮਾਨ ਨੇ ਵੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਦੀਵਾਰ ਦੀ ਉੁਸਾਰੀ ਰੋਕੀ ਜਾਵੇ ਤਾਂ ਕਿ ਪਾਰਕ ਪਹਿਲਾਂ ਦੀ ਤਰਾਂ ਆਮ ਲੋਕਾਂ ਲਈ ਖੁੱਲ੍ਹਾ ਡੁੱਲਾ ਬਣਿਆ ਰਹੇ ਅਤੇ ਅਮਰੁਤ ਯੋਜਨਾ ਤਹਿਤ ਆਮ ਲੋਕਾਂ ਦੀ ਸਿਹਤ ਦੇ ਮਕਸਦ ਨਾਲ ਬਣੇ ਇਸ ਪਾਰਕ ਦੀ ਦਿੱਖ ਅਤੇ ਪਾਰਕ ਵਿਚ ਲੱਗੇ ਰੁੱਖ ਸਲਾਮਤ ਰਹਿਣ। ਇਸ ਮੌਕੇ ਸੀਨੀਅਰ ਸਿਟੀਜ਼ਨ ਪਰਮਜੀਤ ਸਿੰਘ ਚੂਹੜਚੱਕ ਨੇ ਆਖਿਆ ਕਿ ਨਿਗਮ ਕਮਿਸ਼ਨਰ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਆਪਣਾ ਫੈਸਲਾ ਵਾਪਸ ਲੈਣ।