ਕ੍ਰਿਸ਼ੀ ਵਿਗਿਆਨ ਕੇਂਦਰ, ਬੁੱਧ ਸਿੰਘ ਵਾਲਾ ਵਿਖੇ ਜਿ਼ਲ੍ਹਾ ਪੱਧਰੀ ਕਿਸਾਨ ਮੇਲਾ ਆਯੋਜਿਤ
ਮੋਗਾ, 12 ਅਪ੍ਰੈਲ:(ਜਸ਼ਨ) ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਅਧੀਨ ਕੰਮ ਕਰਦੇ ਕ੍ਰਿਸ਼ੀ ਵਿਗਿਆਨ ਕੇਂਦਰ, ਬੁੱਧ ਸਿੰਘ ਵਾਲਾ, ਮੋਗਾ ਵੱਲੋਂ ਕੁਲਪਤੀ, ਪੀ.ਏ.ਯੂ., ਡਾ. ਸਤਿਬੀਰ ਸਿੰਘ ਗੋਸਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਾ. ਗੁਰਮੀਤ ਸਿੰਘ ਬੁੱਟਰ ਨਿਰਦੇਸ਼ਕ ਪਸਾਰ ਸਿੱਖਿਆ ਪੀ.ਏ.ਯੂ. ਲੁਧਿਆਣਾ ਦੀ ਰਹਿਨੁਮਾਈ ਹੇਠ ਫ਼ਸਲਾਂ ਦੀ ਰਹਿੰਦ-ਖੂੰਹਦ ਦੀ ਸੁਚੱਜੀ ਸੰਭਾਲ ਸਬੰਧੀ ਕੇ.ਵੀ.ਕੇ., ਬੁੱਧ ਸਿੰਘ ਵਾਲਾ ਵਿਖੇ ਇੱਕ ਕਿਸਾਨ ਮੇਲੇ ਦਾ ਆਯੋਜਨ ਕੀਤਾ ਗਿਆ।
ਇਸ ਜਿ਼ਲ੍ਹਾ ਪੱਧਰੀ ਕਿਸਾਨ ਮੇਲੇ ਵਿੱਚ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸਿ਼ਰਕਤ ਕੀਤੀ। ਪ੍ਰੋਗਰਾਮ ਦੀ ਪ੍ਰਧਾਨਗੀ ਮੈਂਬਰ ਪ੍ਰਬੰਧਕੀ ਬੋਰਡ, ਪੀ.ਏ.ਯੂ. ਅਮਨਪ੍ਰੀਤ ਸਿੰਘ ਬਰਾੜ ਵੱਲੋਂ ਕੀਤੀ ਗਈ। ਇਸ ਮੇਲੇ ਵਿੱਚ ਜਿ਼ਲ੍ਹੇ ਭਰ ਵਿੱਚੋਂ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਪੇਂਡੂ ਔਰਤਾਂ ਨੇ ਸ਼ਮੂਲੀਅਤ ਕੀਤੀ।
ਕ੍ਰਿਸ਼ੀ ਵਿਗਿਆਨ ਕੇਂਦਰ ਦੇਂ ਡਾ. ਅਮਨਦੀਪ ਸਿੰਘ ਬਰਾੜ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਕੇ.ਵੀ.ਕੇ. ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਕਿਸਾਨਾਂ ਨੂੰ ਝੋਨੇ ਬਾਸਮਤੀ ਦੀਆਂ ਵੱਖ-ਵੱਖ ਕਿਸਮਾਂ ਦੇ ਬੀਜ, ਫ਼ਲਦਾਰ ਬੂਟੇ, ਸਬਜ਼ੀਆਂ ਦੀ ਪਨੀਰੀ ਅਤੇ ਬੀਜ ਉਪਲਬਧ ਕਰਵਾਏ ਗਏ। ਇਸ ਮੇਲੇ ਵਿੱਚ ਕੇ.ਵੀ.ਕੇ. ਵੱਲੋਂ ਕੇ.ਵੀ.ਕੇ. ਦੀਆਂ ਗਤੀਵਿਧੀਆਂ ਅਤੇ ਪੀ.ਏ.ਯੂ. ਵੱਲੋਂ ਪ੍ਰਕਾਸ਼ਿਤ ਸਾਹਿਤ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਕੇ.ਵੀ.ਕੇ, ਮੋਗਾ ਅਤੇ ਵੱਖ-ਵੱਖ ਅਦਾਰਿਆਂ ਦੇ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਆਉਣ ਵਾਲੀਆਂ ਸਾਉਣੀ ਦੀਆਂ ਫ਼ਸਲਾਂ ਦੀ ਸਫ਼ਲ ਕਾਸ਼ਤ ਸਬੰਧੀ ਤਕਨੀਕੀ ਜਾਣਕਾਰੀ ਦਿੱਤੀ ਗਈ।
ਡਾ. ਪ੍ਰੇਰਨਾ ਠਾਕੁਰ ਸਹਾਇਕ ਪ੍ਰੋਫੈਸਰ (ਸਬਜ਼ੀ ਵਿਗਿਆਨ) ਵੱਲੋਂ ਸਬਜ਼ੀਆਂ ਅਤੇ ਫ਼ਲਦਾਰ ਬੂਟਿਆਂ ਦੀ ਸਫ਼ਲ ਕਾਸ਼ਤ ਸਬੰਧੀ ਨੁਕਤੇ ਸਾਂਝੇ ਕੀਤੇ ਗਏ। ਡਾ. ਸਿਮਰਨਜੀਤ ਕੌਰ, ਕੇ.ਵੀ.ਕੇ. ਫਿਰੋਜ਼ਪੁਰ ਵੱਲੋਂ ਸਾਉਣੀ ਦੀਆਂ ਫ਼ਸਲਾਂ ਦੇ ਕੀੜੇ ਅਤੇ ਬਿਮਾਰੀਆਂ ਦੀ ਸਰਵਪੱਖੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ ਗਈ। ਡਾ. ਮਨੀਸ਼ ਕੁਮਾਰ, ਕੇ.ਵੀ.ਕੇ. ਫਿਰੋਜ਼ਪੁਰ ਵੱਲੋਂ ਪਸ਼ੂ ਧਨ ਦੀ ਸਿਹਤ ਸੰਭਾਲ ਸਬੰਧੀ ਚਾਨਣਾ ਪਾਇਆ ਗਿਆ। ਡਿਪਟੀ ਕਮਿਸ਼ਨਰ ਵੱਲੋਂ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਵਾਤਾਵਰਣ ਪੱਖੀ ਖੇਤੀ ਕਰਨ ਤੇ ਜੋ਼ਰ ਦਿੱਤਾ ਗਿਆ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾਉਣ ਬਾਰੇ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਗਿਆ। ਸ. ਅਮਨਪ੍ਰੀਤ ਸਿੰਘ ਬਰਾੜ, ਮੈਂਬਰ ਪ੍ਰਬੰਧਕੀ ਬੋਰਡ ਵੱਲੋਂ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਲੜ ਲੱਗਣ ਲਈ ਕਿਹਾ ਅਤੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਵਿਦੇਸ਼ ਜਾਣ ਦੀ ਬਜਾਏ ਆਪਣੇ ਪਿਤਾ ਪੁਰਖੀ ਕਿੱਤੇ ਨੂੰ ਅਪਣਾਉਣ ਲਈ ਆਖਿਆ ਗਿਆ।
ਇਸ ਪ੍ਰੋਗਰਾਮ ਦੌਰਾਨ ਡਾ. ਹਰਵੀਨ ਕੌਰ, ਡਾ.ਸੁਖਰਾਜ ਕੌਰ, ਡਾ. ਬਲਜੋਤ ਸਿੰਘ ਮਾਨ, ਡਾ. ਮਨੀਸ਼ ਨਰੂਲਾ, ਸ੍ਰੀ ਨਰੇਸ਼ ਕੁਮਾਰ, ਡਾ. ਮਨਪ੍ਰੀਤ ਜੈਦਕਾ, ਡਾ. ਰਮਨਦੀਪ ਕੌਰ, ਸ. ਦਲਜੀਤ ਸਿੰਘ ਵੱਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ।
ਇਸ ਮੇਲੇ ਦੌਰਾਨ ਵੱਖ-ਵੱਖ ਅਦਾਰਿਆਂ ਵੱਲੋਂ ਅਤੇ ਅਗਾਂਹ ਵਧੂ ਕਿਸਾਨਾਂ ਵੱਲੋਂ ਆਪਣੇ ਉਤਪਾਦਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਸਟੇਜ਼ ਸੰਚਾਲਨ ਦੀ ਜਿੰਮੇਵਾਰੀ ਡਾ. ਪਰਮਿੰਦਰ ਕੌਰ ਵੱਲੋਂ ਨਿਭਾਈ ਗਈ।