ਸ਼ਰਨ ਫਾਊਂਡੇਸ਼ਨ ਵੱਲੋਂ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਲਗਾਏ ਅੱਖਾਂ ਦੇ ਮੁਫਤ ਚੈੱਕਅੱਪ ਅਤੇ ਅਪ੍ਰੇਸ਼ਨ ਕੈਂਪ ਵਿਚ ਐਮ.ਐਲ.ਏ ਮੋਗਾ ਡਾ. ਅਮਨਦੀਪ ਕੌਰ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
ਮੋਗਾ, 26 ਮਾਰਚ(ਜਸ਼ਨ )ਸ਼ਰਨ ਫਾਊਂਡੇਸ਼ਨ ਵੱਲੋਂ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਅੱਖਾਂ ਦਾ ਸੋਲ੍ਹਵਾਂ ਮੁਫਤ ਚੈੱਕਅੱਪ ਅਤੇ ਅਪ੍ਰੇਸ਼ਨ ਕੈਂਪ ਆਰੀਆ ਮਾਡਲ ਸਕੂਲ ਮੋਗਾ ਵਿਖੇ ਲਗਾਇਆ ਗਿਆ। ਇਸ ਕੈਂਪ ਵਿੱਚ ਐਮ.ਐਲ.ਏ ਮੋਗਾ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਓਹਨਾ ਨੇ ਸ਼ਰਨ ਫਾਊਂਡੇਸ਼ਨ ਵਲੋਂ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਲਗਾਏ ਇਸ ਕੈਂਪ ਦੀ ਪ੍ਰਸੰਸਾ ਕਰਦੇ ਹੋਏ ਇਸ ਨੂੰ ਇਕ ਨਿਵੇਕਲਾ ਉਪਰਾਲਾ ਦੱਸਿਆ ਜਿਸ ਤਹਿਤ ਸ਼ਰਨ ਫਾਊਂਡੇਸ਼ਨ ਵਲੋਂ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਲੋਕਾਂ ਨੂੰ ਸਿਹਤ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਗੱਲਬਾਤ ਕਰਦੇ ਹੋਏ ਐੱਸ.ਐਚ.ਓ ਥਾਣਾ ਸਾਊਥ ਸਿਟੀ ਮੋਗਾ ਅਮਨਦੀਪ ਸਿੰਘ ਕੰਬੋਜ ਨੇ ਦੱਸਿਆ ਕਿ ਇਸ ਕੈਂਪ ਵਿੱਚ ਪੰਜਾਬ ਪੁਲਿਸ ਦੇ ਮੁਲਾਜਮਾਂ ਦੇ ਪਰਿਵਾਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਮ ਲੋਕਾਂ ਵੱਲੋਂ ਭਾਗ ਲਿਆ ਗਿਆ ਹੈ। ਓਹਨਾ ਨੇ ਦੱਸਿਆ ਕਿ ਪੰਜਾਬ ਪੁਲਿਸ ਆਉਣ ਵਾਲੇ ਸਮੇਂ ਵਿੱਚ ਵਿੱਚ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਇਸ ਤਰ੍ਹਾਂ ਦੇ ਉਪਰਾਲੇ ਕਰਦੀ ਰਹੇਗੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਰਨ ਫਾਉਂਡੇਸ਼ਨ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਅਤੇ ਸਕੱਤਰ ਨਵਜੀਤ ਸਿੰਘ ਨੇ ਦੱਸਿਆ ਕਿ ਇਹ ਕੈਂਪ ਜਗਦੰਬਾ ਹਸਪਤਾਲ ਰਾਜੇਆਣਾ ਦੇ ਸਹਿਯੋਗ ਨਾਲ ਡਾਕਟਰ ਵਿਸ਼ਾਲ ਬਰਾਡ਼ ਦੀ ਨਿਗਰਾਨੀ ਹੇਠ ਲਗਾਇਆ ਗਿਆ ਹੈ ਓਹਨਾਂ ਦੱਸਿਆ ਇਸ ਕੈਂਪ ਵਿੱਚ 251 ਲੋਕਾਂ ਦੀਆਂ ਅੱਖਾਂ ਦੀ ਜਾਂਚ ਅਤੇ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ ਹਨ ਅਤੇ ਕੈੰਪ ਵਿੱਚ 21 ਮਰੀਜ਼ ਚਿੱਟੇ ਮੋਤੀਏ ਤੋਂ ਪ੍ਰਭਾਵਿਤ ਨਿਕਲੇ ਹਨ ਜਿੰਨਾ ਦਾ ਮੁਫ਼ਤ ਅਪ੍ਰੇਸ਼ਨ ਸੋਮਵਾਰ ਦਿਨ 27 ਮਾਰਚ 2023 ਨੂੰ ਕਰਵਾਇਆ ਜਾਏਗਾ, ਮਰੀਜਾਂ ਨੂੰ ਲੈ ਕੇ ਜਾਣ ਅਤੇ ਵਾਪਿਸ ਲੈ ਕੇ ਆਉਣ ਦੀ ਮੁਫ਼ਤ ਸੇਵਾ ਵੀ ਸੰਸਥਾ ਵੱਲੋ ਕਰਵਾਈ ਜਾਵੇਗੀ। ਇਸ ਦੌਰਾਨ 140 ਲੋਕਾਂ ਨੂੰ ਨਿਗਾਹ ਦੀਆਂ ਐਨਕਾਂ ਮੁਫ਼ਤ ਵਿੱਚ ਦਿੱਤੀਆਂ ਗਈਆਂ। ਓਹਨਾ ਨੇ ਦੱਸਿਆ ਕਿ ਸ਼ਰਨ ਫ਼ਾਉਂਡੇਸ਼ਨ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਸਮਾਜ ਭਲਾਈ ਲਈ ਨਿਵੇਕਲੇ ਉਪਰਾਲੇ ਕੀਤੇ ਜਾ ਰਹੇ ਹਨ, ਸੰਸਥਾਂ ਵੱਲੋਂ ਸਿਹਤ ਅਤੇ ਵਾਤਾਵਰਣ ਲਈ ਕੀਤੇ ਉਪਰਾਲੇ ਪ੍ਰਸੰਸਾ ਯੋਗ ਹਨ। ਇਸ ਦੌਰਾਨ ਐੱਸ.ਐਚ.ਓ ਸਿਟੀ ਵਨ ਦਲਜੀਤ ਸਿੰਘ, ਐਸ.ਕੇ.ਬਾਂਸਲ, ਐਮ.ਸੀ ਭਾਰਤ ਗੁਪਤਾ, ਰਿਸ਼ੁ ਅੱਗਰਵਾਲ, ਕਪਿਲ ਭਾਰਤੀ, ਸਪਨ ਗਰਗ, ਪ੍ਰੇਮ ਨਾਥ ਮਿੱਤਲ, ਜਗਦੀਪ ਸਿੰਘ, ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਨਿਵਾਸੀ ਅਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਮੌਜੂਦ ਸਨ।