ਆਈ.ਐਮ.ਏ. ਦੇ ਡਾਕਟਰ ਆਪਣੇ ਟੀ.ਬੀ. ਮਰੀਜ਼ਾਂ ਦੀ ਜਾਣਾਕਰੀ ਜਿ਼ਲ੍ਹਾ ਟੀ.ਬੀ. ਅਫ਼ਸਰ ਨਾਲ ਕਰਨ ਸਾਂਝੀ-ਡਿਪਟੀ ਕਮਿਸ਼ਨਰ

ਮੋਗਾ, 25 ਮਾਰਚ:(ਜਸ਼ਨ ):ਟੀ.ਬੀ. ਇਲੀਮੀਨੇਸ਼ਨ ਪ੍ਰੋਗਰਾਮ ਤਹਿਤ ਜਿ਼ਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਸਿਹਤ ਵਿਭਾਗ ਦੀਆਂ ਜਾਗਰੂਕਤਾ ਗਤੀਵਿਧੀਆਂ ਜ਼ੋਰਾਂ ਉੱਪਰ ਚੱਲ ਰਹੀਆਂ ਹਨ ਤਾਂ ਕਿ ਵੱਧ ਤੋਂ ਵੱਧ ਲੋਕਾਂ ਵਿੱਚ ਟੀ.ਬੀ. ਬਾਰੇ ਚੇਤਨਤਾ ਪੈਦਾ ਕੀਤੀ ਜਾ ਸਕੇ ਅਤੇ ਕੋਈ ਵੀ ਵਿਅਕਤੀ ਇਸ ਬਿਮਾਰੀ ਤੋਂ ਘਬਰਾਉਣ ਦੀ ਬਿਜਾਇ ਇਸਦਾ ਬੇਝਿਜਕ ਹੋ ਕੇ ਸਹੀ ਤਰੀਕੇ ਨਾਲ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਕਰਵਾਵੇ। ਜਿ਼ਲ੍ਹਾ ਟੀ.ਬੀ. ਅਫ਼ਸਰ ਡਾ. ਗੌਰਵਪ੍ਰੀਤ ਸਿੰਘ ਸੋਢੀ ਨੇ ਦੱਸਿਆ ਕਿ ਇਸ ਜਾਗਰੂਕਤਾ ਗਤੀਵਿਧੀਆਂ ਦੀ ਲੜੀ ਵਿੱਚ ਬੀਤੇ ਦਿਨੀਂ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਟੀ.ਬੀ. ਟੀਮ ਦੀ ਮੌਜੂਦਗੀ ਵਿੱਚ ਟੀ.ਬੀ. ਜਾਗਰੂਕਤਾ ਦਾ ਸਟਿੱਕਰ ਅਤੇ ਪੋਸਟਰ ਰਿਲੀਜ਼ ਕੀਤਾ। ਇਸ ਪੋਸਟਰ ਅਤੇ ਸਟਿੱਕਰ ਵਿੱਚ ਟੀ.ਬੀ. ਦੀ ਬਿਮਾਰੀ ਪ੍ਰਤੀ ਅਹਿਮ ਜਾਣਕਾਰੀਆਂ ਦਿੱਤੀਆਂ ਗਈਆਂ ਹਨ। ਪੋਸਟਰ ਅਤੇ ਸਟਿੱਕਰ ਦੇ ਰਿਲੀਜ ਹੋਣ ਤੋਂ ਕੁਝ ਚਿਰ ਬਾਅਦ ਹੀ ਟੀ.ਬੀ. ਟੀਮ ਵੱਲੋਂ ਇਨ੍ਹਾਂ ਸਟਿੱਕਰਾਂ ਨੂੰ ਪੰਜਾਬ ਰੋਡਵੇਜ਼ ਅਤੇ ਹੋਰ ਪ੍ਰਾਈਵੇਟ ਬੱਸਾਂ ਵਿੱਚ ਚਸਪਾਉਣ ਦੀ ਮੁਹਿੰਮ ਨੂੰ ਸ਼ੁਰੂ ਕਰ ਦਿੱਤਾ। ਲਗਭਗ 100 ਦੇ ਕਰੀਬ ਬੱਸਾਂ ਵਿੱਚ ਅਜਿਹੇ ਸਟਿੱਕਰਾਂ ਨੂੰ ਚਸਪਾਇਆ ਗਿਆ ਜਿਹਨਾਂ ਜਰੀਏ ਯਾਤਰੀ ਟੀ.ਬੀ. ਦੀ ਬਿਮਾਰੀ ਪ੍ਰਤੀ ਜਾਗਰੂਕਤ ਹੋ ਸਕਣਗੇ। ਇਸ ਤੋਂ ਇਲਾਵਾ ਜਿ਼ਲ੍ਹੇ ਦੇ ਵੱਖ ਵੱਖ ਬੱਸ ਸਟੈਂਡਾਂ ਅਤੇ ਹੋਰ ਜਨਤਕ ਥਾਵਾਂ ਉੱਪਰ ਟੀ.ਬੀ. ਜਾਗਰੂਕਤਾ ਦੇ ਪੋਸਟਰ ਵੀ ਲਗਾਏ ਗਏ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਟੀ.ਬੀ. ਪ੍ਰਤੀ ਜਾਗਰੂਕਤਾ ਗਤੀਵਿਧੀਆਂ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਆਈ.ਐਮ.ਏ. ਦੇ ਡਾਕਟਰਾਂ ਨੂੰ ਖਾਸ ਅਪੀਲ ਵੀ ਕੀਤੀ ਕਿ ਉਹ ਉਨ੍ਹਾਂ ਅਧੀਨ ਇਲਾਜ ਕਰਵਾ ਰਹੇ ਟੀ.ਬੀ. ਦੇ ਮਰੀਜ਼ਾਂ ਦੇ ਵੇਰਵੇ ਜਿ਼ਲ੍ਹਾ ਟੀ.ਬੀ. ਅਫ਼ਸਰ ਨਾਲ ਲਾਜ਼ਮੀ ਤੌਰ ਉੱਪਰ ਸਾਂਝੇ ਕਰਨ ਤਾਂ ਕਿ ਇਨ੍ਹਾਂ ਮਰੀਜ਼ਾਂ ਨੂੰ ਸਰਕਾਰੀ ਸਹੂਲਤਾਂ ਦਿੱਤੀਆਂ ਜਾ ਸਕਣ।