‘ਪੰਜਾਬ ਸਰਕਾਰ ਤੁਹਾਡੇ ਦੁਆਰ’ਪ੍ਰੋਗ੍ਰਾਮ ਤਹਿਤ, ਪਿੰਡ ਜਲਾਲਾਬਾਦ ਵਿਖੇ ਜਨ ਸੁਣਵਾਈ ਕੈਂਪ ਦੌਰਾਨ, ਡਿਪਟੀ ਕਮਿਸ਼ਨਰ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ

ਜਲਾਲਾਬਾਦ (ਜ਼ਿਲ੍ਹਾ ਮੋਗਾ),  17 ਮਾਰਚ (ਜਸ਼ਨ ) - ‘ਪੰਜਾਬ ਸਰਕਾਰ ਤੁਹਾਡੇ ਦੁਆਰ’ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਹਰੇਕ ਸਬ ਡਵੀਜ਼ਨ ਪੱਧਰ ’ਤੇ ਪਿੰਡਾਂ ਵਿਚ ਜਨ ਸੁਣਵਾਈ ਕੈਂਪ ਲਗਾਏ ਜਾ ਰਹੇ ਹਨ। ਇਸੇ ਲੜੀ ਤਹਿਤ ਅੱਜ ਪਿੰਡ ਜਲਾਲਾਬਾਦ ਵਿਖੇ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਵੱਲੋਂ ਜਨ ਸੁਣਵਾਈ ਕੈਂਪ ਲਗਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ। ਇਸ ਮੌਕੇ ਐੱਸ ਡੀ ਐੱਮ ਸ਼੍ਰੀਮਤੀ ਚਾਰੁਮਿਤਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। 

ਕੈਂਪ ਦੌਰਾਨ ਲੋਕਾਂ ਪਾਸੋਂ ਪ੍ਰਾਪਤ ਵੱਖ ਵੱਖ ਦਰਖ਼ਾਸਤਾਂ ਦੀ ਸੁਣਵਾਈ ਦੌਰਾਨ ਮੌਕੇ ’ਤੇ ਹੋਣ ਵਾਲੇ ਕੰਮਾਂ ਦਾ ਤੁਰੰਤ ਨਿਪਟਾਰਾ ਕੀਤਾ ਗਿਆ ਅਤੇ ਬਾਕੀ ਰਹਿੰਦੀਆਂ ਦਰਖ਼ਾਸਤਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਮਾਂਬੱਧ ਢੰਗ ਨਾਲ ਨਜਿੱਠਣ ਲਈ ਸੌਂਪ ਦਿੱਤੀਆਂ ਹਨ। ਸਬੰਧਤ ਵਿਭਾਗੀ ਅਧਿਕਾਰੀਆਂ ਨੂੰ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਕੈਂਪ ਦੌਰਾਨ ਪ੍ਰਾਪਤ ਹੋਈਆਂ ਦਰਖ਼ਾਸਤਾਂ ਨੂੰ ਪਹਿਲਕਦਮੀ ਨਾਲ ਹੱਲ ਕਰਨ ਲਈ ਕਿਹਾ ਗਿਆ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਤਹਿਤ ਲੋਕਾਂ ਨੂੰ ਉਹਨਾਂ ਦੇ ਦੁਆਰ ਉੱਤੇ ਜਾ ਕੇ ਸੇਵਾਵਾਂ ਦੇਣ ਦਾ ਕੰਮ ਜਾਰੀ ਰਹੇਗਾ। ਕਿਸੇ ਵੀ ਵਿਅਕਤੀ ਨੂੰ ਸਰਕਾਰੀ ਦਫ਼ਤਰਾਂ ਜਾਂ ਅਦਾਰਿਆਂ ਵਿੱਚ ਆਪਣੇ ਜਾਇਜ਼ ਕੰਮ ਕਰਾਉਣ ਲਈ ਰੁਲ੍ਹਣਾ ਨਹੀਂ ਪਵੇਗਾ। ਜਨ ਸੁਣਵਾਈ ਕੈਂਪ ਵਿਚ ਬਿਨੈਕਾਰਾਂ ਦੀ ਸਹੂਲਤ ਲਈ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਮੌਜੂਦ ਰਹਿ ਕੇ ਬਿਨੈਕਾਰਾਂ ਦੀਆਂ ਦਰਖ਼ਾਸਤਾਂ ਪ੍ਰਾਪਤ ਕੀਤੀਆਂ। ਕੈਂਪ ਵਿਚ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਜ਼ਿਕਰਯੋਗ ਹੈ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਲੋਕਾਂ ਤੱਕ ਸਿੱਧੀ ਪਹੁੰਚ ਯਕੀਨੀ ਬਣਾਉਣ ਦੀ ਇਸ ਮੁਹਿੰਮ ਦੀ ਨਿਗਰਾਨੀ ਖੁਦ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ ਅਤੇ ਹਰੇਕ ਕੈਂਪ ਦਾ ਲਾਭ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਦਾ ਕਰਨ ਲਈ ਹਦਾਇਤਾਂ ਕੀਤੀਆਂ ਗਈਆਂ ਹਨ।