ਪਾਥਵੇਅਜ਼ ਗਲੋਬਲ ਸਕੂਲ 'ਚ ਨਵੇਂ ਸੈਸ਼ਨ ਦੀ ਹੋਈ ਆਰੰਭਤਾ

ਕੋਟ ਈਸੇ ਖਾਂ, 8 ਮਾਰਚ (ਜਸ਼ਨ):-ਪਾਥਵੇਅਜ਼ ਗਲੋਬਲ ਸਕੂਲ ਕੋਟ ਈਸੇ ਖਾਂ, ਜੋ ਇਲਾਕੇ ਦਾ ਨਾਮਵਰ ਆਈ. ਸੀ. ਐਸ. ਈ. ਦਿੱਲੀ ਬੋਰਡ ਤੋਂ ਮਾਨਤਾ ਪ੍ਰਾਪਤ ਸਕੂਲ ਹੈ ਅਤੇ ਆਪਣੇ ਬੱਚਿਆਂ ਨੂੰ ਵਰਲਡ ਕਲਾਸ ਦੀ ਐਜੂਕੇਸ਼ਨ ਦੇ ਰਿਹਾ ਹੈ, ਵਿਖੇ ਚੇਅਰਮੈਨ ਸੁਰਜੀਤ ਸਿੰਘ ਸਿੱਧੂ, ਪੈ੍ਰਜ਼ੀਡੈਂਟ ਡਾ. ਅਨਿਲਜੀਤ ਕੰਬੋਜ, ਵਾਈਸ ਚੇਅਰਮੈਨ ਅਵਤਾਰ ਸਿੰਘ ਸੌਂਦ ਦੀ ਛਤਰ-ਛਾਇਆ ਹੇਠ ਪਿ੍ੰਸੀਪਲ ਪਵਨ ਕੁਮਾਰ ਠਾਕੁਰ (ਸਮੀਰ) ਅਤੇ ਡੀਨ ਮੈਡਮ ਪਰਮਿੰਦਰ ਤੂਰ ਦੀ ਯੋਗ ਅਗਵਾਈ 'ਚ ਨਵੇਂ ਸੈਸ਼ਨ 2023-2024 ਦਾ ਆਰੰਭ 'ਸ੍ਰੀ ਗੁਰੁ ਗ੍ਰੰਥ ਸਾਹਿਬ' ਦੀ ਹਜੂਰੀ ਵਿਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਕੀਤਾ ਗਿਆ | ਇਸ ਸਮੇਂ ਸਾਰੇ ਹੀ ਅਧਿਆਪਕਾਂ ਸਮੇਤ ਨਰਸਰੀ ਕਲਾਸ ਤੋਂ ਬਾਰ੍ਹਵੀਂ ਕਲਾਸ ਤੱਕ ਦੇ ਬੱਚਿਆਂ ਨੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਪਾਵਨਮਈ ਗੁਰਬਾਣੀ ਨੂੰ ਸਰਵਣ ਕੀਤਾ | ਪਾਠ ਤੋਂ ਉਪਰੰਤ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਸਕੂਲ ਦੀ ਤਰੱਕੀ, ਚੜ੍ਹਦੀ ਕਲਾ ਅਤੇ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਅਰਦਾਸ ਕੀਤੀ ਗਈ | ਇਸ ਮੌਕੇ ਪਿ੍ੰਸੀਪਲ ਨੇ ਬੱਚਿਆਂ ਨੂੰ ਆਪਣੇ ਸਾਰੇ ਕੰਮ ਸਮੇਂ ਸਿਰ ਕਰਨ ਤੇ ਸਮੇਂ ਦੀ ਕਦਰ ਕਰਨ ਬਾਰੇ ਦੱਸਿਆ | ਉਨ੍ਹਾਂ ਕਿਹਾ ਕਿ ਸਭ ਬੱਚਿਆਂ ਨੂੰ ਪਹਿਲੇ ਦਿਨ ਤੋਂ ਹੀ ਆਪਣੀ ਪੜ੍ਹਾਈ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਤਾਂ ਜੋ ਉਹ ਸਮੇਂ ਸਿਰ ਆਪਣਾ ਸਿਲੇਬਸ ਪੂਰਾ ਕਰ ਸਕਣ ਅਤੇ ਇਮਤਿਹਾਨਾਂ ਵਿਚ ਮੱਲਾਂ ਮਾਰ ਸਕਣ |