ਅੱਜ, ਭਾਜਪਾ ਕਰੇਗੀ ਵਿਧਾਨ ਸਭਾ ਦਾ ਘਿਰਾਓ-ਡਾ. ਸੀਮਾਂਤ ਗਰਗ
ਮੋਗਾ, 7 ਮਾਰਚ (ਜਸ਼ਨ):-ਪੰਜਾਬ ਦੀ ਐਕਸਾਈਜ਼ ਪਾਲਿਸੀ ਦਿੱਲੀ ਦੀ ਤਰਜ਼ 'ਤੇ ਬਣਾ ਕੇ ਪੰਜਾਬ ਦੇ ਲੋਕਾਂ ਨੂੰ ਲੁੱਟਣਾ, ਹਜ਼ਾਰਾ ਦੀ ਗਿਣਤੀ 'ਚ ਨੀਲੇ ਕਾਰਡਾਂ ਨੂੰ ਕੱਟਣਾ ਅਤੇ ਪੰਜਾਬ ਵਿਚ ਨਸ਼ਿਆਂ ਨੂੰ ਰੋਕਣ ਲਈ ਕੋਈ ਸਖ਼ਤ ਕਾਰਵਾਈ ਨਾ ਕਰਨ ਦੇ ਵਿਰੋਧ 'ਚ ਭਾਜਪਾ ਵਲੋਂ 9 ਮਾਰਚ ਨੂੰ ਵਿਧਾਨ ਸਭਾ ਦਾ ਘਿਰਾਓ ਕਰਨ ਦਾ ਜੋ ਫ਼ੈਸਲਾ ਕੀਤਾ ਗਿਆ ਹੈ ਉਸ 'ਚ ਮੋਗਾ ਜ਼ਿਲ੍ਹੇ ਤੋਂ 500 ਤੋ ਵੱਧ ਅਹੁਦੇਦਾਰ ਚੰਡੀਗੜ੍ਹ ਲਈ ਰਵਾਨਾ ਹੋਣਗੇ | ਇਹ ਵਿਚਾਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ ਨੇ ਅਹੁਦੇਦਾਰਾਂ ਦੇ ਨਾਲ ਵਿਧਾਨ ਸਭਾ ਦੇ ਘਿਰਾਓ ਲਈ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਦੇ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ | ਧਰਮਕੋਟ ਭਾਜਪਾ ਇੰਚਾਰਜ ਐਡਵੋਕੇਟ ਰਵੀ ਗਰੇਵਾਲ, ਮਹਾ ਮੰਤਰੀ ਵਿੱਕੀ ਸਿਤਾਰਾ, ਮਹਾ ਮੰਤਰੀ ਰਾਹੁਲ ਗਰਗ, ਮੀਤ ਪ੍ਰਧਾਨ ਸੋਨੀ ਮੰਗਲਾ, ਜਤਿੰਦਰ ਚੱਢਾ, ਹੇਮੰਤ ਸੂਦ, ਯੂਥ ਪ੍ਰਧਾਨ ਰਾਜਨ ਸੂਦ, ਰਣਬੀਰ ਰਣੀਆ ਆਦਿ ਹਾਜ਼ਰ ਸਨ | ਇਸ ਮੌਕੇ ਡਾ. ਸੀਮਾਂਤ ਗਰਗ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਹਜ਼ਾਰਾਂ ਦੀ ਗਿਣਤੀ ਵਿਚ ਨੀਲੇ ਕਾਰਡ ਲੋਕਾਂ ਦੇ ਕੱਟ ਰਹੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਕਿ ਜੋ ਗਰੀਬ ਤੇ ਲੋੜਵੰਦ ਲੋਕ ਹਨ ਉਨ੍ਹਾਂ ਦੇ ਨੀਲੇ ਕਾਰਡ ਦੁਬਾਰਾ ਸ਼ੁਰੂ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਪੰਜਾਬ ਦੀ ਐਕਸਾਈਜ਼ ਪਾਲਿਸੀ ਦੀ ਵੀ ਸੀ. ਬੀ. ਆਈ. ਅਤੇ ਈ. ਡੀ. ਤੋਂ ਜਾਂਚ ਕਰਵਾਈ ਜਾਵੇ ਅਤੇ ਇਸ 'ਚ ਸ਼ਾਮਿਲ ਲੋਕਾਂ ਦੇ ਖ਼ਿਲਾਫ਼ ਵੀ ਕਾਰਵਾਈ ਹੋਣੀ ਚਾਹੀਦੀ |