ਬਾਰ੍ਹਵੀਂ ਜਮਾਤ ਦਾ ਪੇਪਰ ਮੁਲਤਵੀ , ਬੋਰਡ ਨੇ ਪ੍ਰੀਖਿਆ ਅਮਲੇ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ
ਮੋਗਾ, 24 ਫਰਵਰੀ (ਜਸ਼ਨ): ਅੱਜ ਦੁਪਹਿਰ 2 ਵਜੇ ਸ਼ੁਰੂ ਹੋਣ ਵਾਲਾ ਬਾਰ੍ਹਵੀਂ ਜਮਾਤ ਦਾ ਅੰਗਰੇਜ਼ੀ ਦਾ ਪੇਪਰ ਹੋ ਗਿਆ । ਸੂਬੇ ਭਰ ਵਿਚ 20 ਫਰਵਰੀ ਤੋਂ ਬਾਰ੍ਹਵੀ ਦੀਆਂ ਬੋਰਡ ਪ੍ਰੀਖਿਆਵਾਂ ਸ਼ੁਰੂ ਹੋਈਆਂ ਸਨ ਪਰ ਅੱਜ ਬਾਰ੍ਹਵੀਂ ਜਮਾਤ ਦਾ ਅੰਗਰੇਜ਼ੀ ਵਿਸ਼ੇ ਦਾ ਪੋਪਰ ਹੋਣਾ ਸੀ ਪਰ ਪ੍ਰਬੰਧਕੀ ਕਾਰਨਾਂ ਕਰਕੇ ਇਹ ਪੇਪਰ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਮੁਲਤਵੀ ਕਰਨਾ ਪਿਆ। ਅਧਿਕਾਰਤ ਚਿੱਠੀ ਮੁਤਾਬਕ ਅੰਗਰੇਜ਼ੀ ਦਾ ਪੇਪਰ ਪੈਕਟ ਨਾ ਖੋਲ੍ਹਣ ਦੀ ਹਦਾਇਤ ਕੀਤੀ ਗਈ ਹੈ ਅਤੇ ਆਖਿਆ ਗਿਆ ਹੈ ਕਿ ਜੇਕਰ ਕਿਸੇ ਵੀ ਸਕੂਲ ਨੇ ਪ੍ਰਸ਼ਨ ਪੱਤਰ ਦਾ ਪੈਕਟ ਖੋਲ੍ਹ ਲਿਆ ਹੈ ਤਾਂ ਤੁਰੰਤ ਕੰਟਰੇਲਰ ਪਰੀਖਿਆਵਾਂ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਉਹਨਾਂ ਦੀ ਈ ਮੇਲ ’ਤੇ ਰਿਪੋਰਟ ਕੀਤੀ ਜਾਵੇ ਅਤੇ ਇਹ ਵੀ ਦੱਸਿਆ ਜਾਵੇ ਕਿ ਕਿਸ ਅਧਿਕਾਰੀ ਵੱਲੋਂ ਇਹ ਪੇਪਰ ਦਾ ਲਿਫ਼ਾਫਾ ਕਿਨੇ ਵਜੇ ਖੋਲ੍ਹਿਆ ਗਿਆ। ਉੱਪ ਸਕੱਤਰ ਨੇ ਹਦਾਇਤ ਕੀਤੀ ਹੈ ਕਿ ਇਸ ਖੋਲ੍ਹੇ ਹੋਏ ਪੈਕਟ ਨੂੰ ਤੁਰੰਤ ਬੈਂਕ ਵਿਚ ਵਾਪਸ ਜਮ੍ਹਾ ਕਰਵਾਇਆ ਜਾਵੇ।
ਪ੍ਰੀਖਿਆ ਮੁੱਲਤਵੀ ਹੋਣ ਉਪਰੰਤ ਘਰਾਂ ਤੋਂ ਕੇਂਦਰ ਵੱਲ ਨੂੰ ਤੁਰ ਪਏ ਵਿਦਿਆਰਥੀਆਂ ਨੂੰ ਉਸ ਸਮੇਂ ਭਾਰੀ ਪਰੇਸ਼ਾਨੀ ਹੋਈ ਜਦੋਂ ਉਹਨਾਂ ਨੂੰ ਪੇਪਰ ਦੇ ਰੰਦ ਹੋਣ ਦਾ ਪਤਾ ਲੱਗਿਆ। ਉਹਨਾਂ ਦਾ ਆਖਣਾ ਸੀ ਕਿ ਪੂਰੀ ਤਿਆਰੀ ਨਾਲ ਆਉਣ ਕਰਕੇ ਉਹਨਾਂ ਨੂੰ ਬੇਹੱਦ ਨਿਰਾਸ਼ ਹੋਈ ਹੈ ਕਿਉਂਕਿ ਜਿਵੇਂ ਜਿਵੇਂ ਪੰਜਾਬ ਮੌਸਮ ਤਬਦੀਲ ਹੋ ਰਿਹਾ ਹੈ ਪੜ੍ਹਾਈ ਲਈ ਸਾਜ਼ਗਾਰ ਮਾਹੌਲ ਦੀ ਘਾਟ ਦਿਖਾਈ ਦੇ ਰਹੀ ਹੈ ਅਤੇ ਜੇ ਇਹ ਪੇਪਰ ਸਾਰੇ ਪੇਪਰਾਂ ਤੋਂ ਬਾਅਦ ਲਿਆ ਜਾਂਦਾ ਹੈ ਤਾਂ ਹੋ ਸਕਦਾ ਹੈ ਕਿ ਵਿਦਿਆਰਥੀ ਚੰਗੀ ਕਾਰਗੁਜ਼ਾਰੀ ਨਾ ਦਿਖਾ ਸਕਣ।
ਇਸ ਤੋਂ ਇਲਾਵਾ ਅੱਠਵੀਂ ਜਮਾਤ ਦੇ ਕੱਲ ਆਰੰਭ ਹੋਣ ਵਾਲੀ ਬੋਰਡ ਪ੍ਰੀਖਿਆ ਦੀ ਤਿਆਰੀ ਲਈ ਕੇਂਦਰਾਂ ਵਿਚ ਪਹੁੰਚੇ ਸੁਪਰਡੈਂਟ ਅਤੇ ਰਸਤੇ ਵਿਚ ਪ੍ਰੀਖਿਆ ਕੇਂਦਰਾਂ ਵੱਲ ਜਾ ਰਹੇ ਨਿਗਰਾਨ ਅਮਲੇ ਨੂੰ ਵੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ।
ਦਸ਼ੇਮਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟਈਸੇ ਖਾਂ ਮੋਗਾ ਵਿਖੇ ਸੁਪਰਡੈਂਟ ਦੀ ਡਿਊਟੀ ਨਿਭਾਅ ਰਹੇ ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ਸਟੇਟ ਐਵਾਰਡੀ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੇਸ਼ੱਕ ਪੇਪਰ ਮੁੱਲਤਵੀ ਹੋਇਆ ਹੈ ਪਰ ਇਸ ਗੱਲ ਦੀ ਤਸੱਲੀ ਹੈ ਕਿ ਸਿੱਖਿਆ ਵਿਭਾਗ ਨੇ ਸੋਸ਼ਲ ਮੀਡੀਆ ਦੀ ਸੁਯੋਗ ਵਰਤੋਂ ਕਰਦਿਆਂ ਸਕਿੰਟਾਂ ਵਿਚ ਸਮੁੱਚੇ ਪੰਜਾਬ ਵਿਚ ਸਥਿਤੀ ਨੂੰ ਸੰਭਾਲਦਿਆਂ, ਪ੍ਰੀਖਿਆ ਅਮਲੇ ਅਤੇ ਵਿਦਿਆਰਥੀਆਂ ਨੂੰ ਸੂਚਿਤ ਕਰਨ ਲਈ ਨਿਵੇਕਲਾ ਯਤਨ ਕੀਤਾ।