ਸਰਕਾਰੀ ਹਸਪਤਾਲਾਂ ਦੇ ਐਮਰਜੈਂਸੀ ਵਾਰਡਾਂ ਦਾ ਨਾਮ ਭਾਈ ਘਨ੍ਹੱਈਆ ਜੀ ਦੇ ਨਾਮ ਤੇ ਰੱਖਣ ਸਬੰਧੀ ਮੰਗ ਪੱਤਰ ਦਿੱਤਾ
*ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਦਾ ਵਫਦ ਸਪੀਕਰ ਅਤੇ ਸਿਹਤ ਮੰਤਰੀ ਨੂੰ ਮਿਲਿਆ
ਚੰਡੀਗੜ੍ਹ /ਫਰੀਦਕੋਟ / ਮੋਗਾ 22 ਫਰਵਰੀ (ਜਸ਼ਨ) : ਪੰਜਾਬ ਵਿਧਾਨ ਸਭਾ ਵਿੱਚ ਮਾਨਯੋਗ ਸਪੀਕਰ ਕੁਲਤਾਰ ਸਿੰਘ ਸੰਧਵਾਂ ਜੀ ਦੀ ਪ੍ਰਧਾਨਗੀ ਹੇਠ ਦਵਾਈਆਂ ਦੇ ਅਸਲ ਰੇਟ ਨਾਲੋਂ ਕਈ ਗੁਣਾ ਵੱਧ ਰੇਟ ਪ੍ਰਿੰਟ ਕੀਤੇ ਜਾਣ ਦੇ ਮੁੱਦੇ ਤੇ ਹੋਈ ਉਚ ਪੱਧਰੀ ਮੀਟਿੰਗ ਤੋਂ ਪਹਿਲਾਂ ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਦੇ ਇੱਕ ਵਫਦ ਨੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਦੀ ਅਗਵਾਈ ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਸਿਹਤ ਮੰਤਰੀ ਡਾ ਬਲਵੀਰ ਸਿੰਘ ਜੀ ਨੂੰ ਇੱਕ ਮੰਗ ਪੱਤਰ ਸੌਂਪ ਕੇ ਪੰਜਾਬ ਭਰ ਦੇ ਸਰਕਾਰੀ ਹਸਪਤਾਲਾਂ ਵਿੱਚ ਚੱਲ ਰਹੇ ਐਮਰਜੰਸੀ ਵਾਰਡਾਂ ਦਾ ਨਾਮ "ਭਾਈ ਘਨ੍ਹੱਈਆ ਜੀ ਐਮਰਜੰਸੀ ਵਾਰਡ' ਰੱਖਣ ਅਤੇ ਇਨ੍ਹਾਂ ਵਾਰਡਾਂ ਵਿੱਚ ਭਾਈ ਘਨ੍ਹੱਈਆ ਜੀ ਦੀਆਂ ਤਸਵੀਰਾਂ ਲਗਾਉਣ ਦੀ ਮੰਗ ਕੀਤੀ। ਇਸ ਮੌਕੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਕਿਹਾ ਕਿ ਭਾਈ ਘਨ੍ਹੱਈਆ ਜੀ ਨੇ ਗੁਰੂ ਸਹਿਬਾਨ ਜੀ ਦੇ ਦੱਸੇ ਮਾਰਗ ਤੇ ਚਲਦਿਆਂ ਸਰਬ ਸਾਂਝੀਵਾਲਤਾ, ਪਰਉਪਕਾਰਤਾ, ਸਰਬੱਤ ਦੇ ਭਲੇ, ਵਿਸ਼ਵ ਸ਼ਾਂਤੀ, ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ ਅਤੇ ਨਾ ਕੋ ਬੈਰੀ, ਨਾਹਿ ਬੇਗਾਨਾ ਦੇ ਸਿਧਾਂਤ ਤੇ ਚਲਦਿਆਂ ਗੁਰੂ ਗੋਬਿੰਦ ਸਿੰਘ ਜੀ ਦੇ ਆਸ਼ੀਰਵਾਦ ਨਾਲ 1704 ਈਸਵੀ ਵਿੱਚ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੋਏ ਯੁੱਧ ਵਿੱਚ ਦੁਸ਼ਮਣ ਅਤੇ ਦੋਸਤ ਵਿੱਚ ਫਰਕ ਨਾ ਕਰਦੇ ਹੋਏ ਬਿਨਾਂ ਕਿਸੇ ਭੇਦਭਾਵ ਤੋਂ ਸਭ ਜਖਮੀ ਹੋਏ ਯੋਧਿਆਂ ਨੂੰ ਪਾਣੀ ਪਿਲਾਇਆ ਅਤੇ ਉਨ੍ਹਾਂ ਦੇ ਜਖਮਾਂ ਤੇ ਮੱਲਮ ਪੱਟੀ ਕੀਤੀ। ਇਸ ਤਰ੍ਹਾਂ ਉਨ੍ਹਾਂ ਮੈਦਾਨੇ ਜੰਗ ਵਿੱਚ ਨਿਰਪੱਖ ਅਤੇ ਵਿਤਕਰਾ ਰਹਿਤ ਸੇਵਾ ਦੇ ਸਿਧਾਂਤ ਨੂੰ ਸਥਾਪਿਤ ਕੀਤਾ ਜੋ ਸਾਡੀਆਂ ਸਰਕਾਰਾਂ ਦੀ ਅਣਦੇਖੀ ਕਾਰਨ ਸਿਰਫ ਇਤਿਹਾਸ ਦੇ ਪੰਨਿਆਂ ਤੱਕ ਸੀਮਤ ਹੋ ਕੇ ਰਹਿ ਗਿਆ ਜਦਕਿ ਇਸ ਮਹਾਨ ਸੇਵਾ ਦੇ ਸਿਧਾਂਤ ਨੂੰ ਅੰਤਰ-ਰਾਸ਼ਟਰੀ ਰੈਡ ਕਰਾਸ ਸੁਸਾਇਟੀ ਵਲੋਂ ਮਾਨਤਾ ਦਿੱਤੀ ਹੈ, ਜਿਸ ਨਾਲ ਵਿਸ਼ਵ ਭਰ ਦੇ ਲੋਕ ਭਾਈ ਘਨਈਆ ਜੀ ਬਾਰੇ ਜਾਣ ਰਹੇ ਹਨ। ਅੱਜ ਦੇ ਸਮੇਂ ਵਿੱਚ ਉਨ੍ਹਾਂ ਦੇ ਇਸ ਫਲਸਫੇ ਦਾ ਵੱਧ ਤੋਂ ਵੱਧ ਪ੍ਰਚਾਰ ਜਰੂਰੀ ਹੈ ਤਾਂ ਜੋ ਲੋਕ ਆਪਸੀ ਨਫਰਤ, ਕੜਵਾਹਟ ਅਤੇ ਵਿਤਕਰਿਆਂ ਤੋਂ ਉਪਰ ਉੱਠ ਕੇ ਕੇਵਲ ਇਨਸਾਨ ਬਣ ਕੇ ਇਨਸਾਨੀਅਤ ਦੀ ਸੇਵਾ ਕਰ ਸਕਣ। ਸਪੀਕਰ ਕੁਲਤਾਰ ਸਿੰਘ ਸੰਧਵਾਂ ਜੀ ਨੇ ਵੀ ਚੰਦਬਾਜਾ ਜੀ ਦੇ ਇਸ ਕਥਨ ਦੀ ਤਾਈਦ ਕੀਤੀ। ਇਸ ਮੌਕੇ ਸਿਹਤ ਮੰਤਰੀ ਡਾ ਬਲਵੀਰ ਸਿੰਘ ਜੀ ਨੇ ਭਾਈ ਘਨ੍ਹੱਈਆ ਜੀ ਦੀਆਂ ਮਾਨਵਤਾ ਪ੍ਰਤੀ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸਬੰਧੀ ਜਲਦ ਵਿਚਾਰ ਕੀਤਾ ਜਾਵੇਗਾ ਅਤੇ ਸਹਿਮਤੀ ਬਣਾ ਕੇ ਇਸ ਨੂੰ ਲਾਗੂ ਕਰਵਾਇਆ ਜਾਵੇਗਾ। ਇਸ ਮੌਕੇ ਉਕਤ ਤੋਂ ਇਲਾਵਾ ਲੋਕਲ ਬਾਡੀ ਮੰਤਰੀ ਡਾ ਇੰਦਰਬੀਰ ਸਿੰਘ ਨਿੱਝਰ, ਰੂਰਲ ਐਨ ਜੀ ਓ ਮੋਗਾ ਦੇ ਚੀਫ ਪੈਟਰਨ ਮਹਿੰਦਰ ਪਾਲ ਲੂੰਬਾ, ਡਾ ਗੁਰਿੰਦਰ ਮੋਹਨ ਸਿੰਘ, ਹਰਵਿੰਦਰ ਸਿੰਘ ਫਰੀਦਕੋਟ ਅਤੇ ਇੰਜ: ਜਸਕੀਰਤ ਸਿੰਘ ਲੁਧਿਆਣਾ ਮੈਂਬਰ ਨਰੋਆ ਪੰਜਾਬ ਮੰਚ ਆਦਿ ਹਾਜ਼ਰ ਸਨ।