ਤਮਾਮ ਉਮਰ, ਸਿੱਖਿਆ ਅਤੇ ਸਮਾਜਿਕ ਸਰੋਕਾਰਾਂ ਨੂੰ ਸਮਰਪਿਤ ਰਹੇ, ਡਾ: ਸਵਰਨਜੀਤ ਸਿੰਘ ਬਰਾੜ

ਮੋਗਾ: 18 ਫਰਵਰੀ  (ਜਸ਼ਨ) :  ਡਾ: ਸਵਰਨਜੀਤ ਸਿੰਘ ਬਰਾੜ ਦਾ ਜਨਮ 2 ਮਈ 1959 ‘ਚ ਪਿਤਾ ਸੰਧੂਰਾ ਸਿੰਘ ਬਰਾੜ ਦੇ ਘਰ, ਮਾਤਾ ਪ੍ਰਸੰਨ ਕੌਰ ਦੀ ਕੁੱਖੋਂ, ਕਸਬਾ ਬਾਘਾਪੁਰਾਣਾ ਦੇ ਪਿੰਡ ਥਰਾਜ ਵਿਖੇ ਹੋਇਆ। ਡਾ: ਸਵਰਨਜੀਤ ਸਿੰਘ ਬਰਾੜ ਨੇ ਆਪਣੀ ਮੁੱਢਲੀ ਸਿੱਖਿਆ ਮੋਗਾ ਦੇ ਕਸਬੇ ਕਿਸ਼ਨਪੁਰਾ ਤੋਂ ਪ੍ਰਾਪਤ ਕੀਤੀ ਜਦਕਿ ਪਾਲਮਪੁਰ ਕਾਲਜ ਤੋਂ ਬੀ ਏ ਐੱਮ ਐੱਸ ਦੀ ਡਿਗਰੀ ਪੂਰੀ ਕੀਤੀ । ਆਯੁਰਵੈਦ ਦੀ ਡਿਗਰੀ ਹਾਸਲ ਕਰਨ ਤੋਂ ਬਾਅਦ 1983 ਵਿਚ ਆਪ ਜੀ ਦਾ ਵਿਆਹ ਲੁਧਿਆਣਾ ਵਾਸੀ ਸਰਦਾਰਨੀ ਮਲਕੀਤ ਕੌਰ ਨਾਲ ਹੋਇਆ ਅਤੇ ਇਹਨਾਂ  ਦੇ ਗ੍ਰਹਿ ਵਿਖੇ ਇਕ ਪੁੱਤਰੀ ਅਤੇ ਇਕ ਪੁੱਤਰ ਨੇ ਜਨਮ ਲਿਆ। ਆਪਣੀ ਮਿਹਨਤ ਅਤੇ ਕਾਬਲੀਅਤ ਸਦਕਾ ਡਾ: ਸਵਰਨਜੀਤ ਸਿੰਘ ਬਰਾੜ  1987 ਵਿਚ ਅਸਿਸਟੈਂਟ ਮੈਡੀਕਲ ਅਫਸਰ ਵਜੋਂ ਭਰਤੀ ਹੋਏ ਅਤੇ ਵੱਖ ਵੱਖ ਹਸਪਤਾਲਾਂ ਵਿਚ ਮਰੀਜ਼ਾਂ ਦਾ ਕੁਦਰਤੀ ਇਲਾਜ ਪ੍ਰਣਾਲੀ ਰਾਹੀਂ ਇਲਾਜ ਕਰਦੇ ਰਹੇ ।  ਸਿਹਤ ਵਿਭਾਗ ਪੰਜਾਬ ਨੇ 2014 ਵਿਚ ਡਾ: ਬਰਾੜ ਨੂੰ ਡਰੱਗ ਇੰਸਪੈਕਟਰ (ਆਯੁਰਵੈਦਾ) ਲਗਾ ਕੇ ਤਰੱਕੀ ਦਿੱਤੀ ਅਤੇ 2016 ਵਿਚ ਉਹ ਬਤੌਰ ਜ਼ਿਲ੍ਹਾ ਆਯੁਰਵੈਦਿਕ ਅਫਸਰ ਸੇਵਾ ਮੁਕਤ ਹੋਏ।
ਡਾ: ਸਵਰਨਜੀਤ ਬਰਾੜ ਨੇ ਨਾ ਸਿਰਫ ਆਪਣੇ ਦੋਨਾਂ ਬੱਚਿਆਂ ਨੂੰ ਉੱਚ ਪੱਧਰ ਦੀ ਸਿੱਖਿਆ ਦਿਵਾਈ ਬਲਕਿ ਉਹਨਾਂ ਨੇ ਆਪਣੇ ਪਰਮ ਮਿੱਤਰਾਂ ਸਾਬਕਾ ਵਿਧਾਇਕ ਡਾ: ਹਰਜੋਤ ਕਮਲ ਅਤੇ ਚੇਅਰਮੈਨ ਡਾ: ਰੋਹਿਨ ਸੱਚਦੇਵਾ ਦੇ ਸਹਿਯੋਗ ਅਤੇ ਮੈਨੇਜਿੰਗ ਡਾਇਰੈਕਟਰ  ਡਾ: ਚਮਨ ਲਾਲ ਸੱਚਦੇਵਾ ਦੇ ਆਸ਼ੀਰਵਾਦ ਨਾਲ ਮੋਗਾ ਅਤੇ ਫਿਰ ਸਮੁੱਚੇ ਪੰਜਾਬ ਵਿਚ ਲਾਲਾ ਲਾਜਪਤ ਰਾਏ ਵਿੱਦਿਅਕ ਸੰਸਥਾਵਾਂ ਅਤੇ ਹੋਰਨਾਂ ਵਿੱਦਿਅਕ ਅਦਾਰਿਆਂ ਦਾ ਨਿਰਮਾਣ ਕਰਦਿਆਂ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਦਾ ਉਸਾਰੂ ਮਾਹੌਲ ਸਿਰਜਣ ਵਾਸਤੇ ਦਿਨ ਰਾਤ ਮਿਹਨਤ ਕੀਤੀ।
ਜ਼ਿਕਰਯੋਗ ਹੈ ਕਿ ਡਾ: ਸਵਰਨਜੀਤ ਸਿੰਘ ਬਰਾੜ ਦੇ ਪਿਤਾ ਸੰਧੂਰਾ ਸਿੰਘ ਬਰਾੜ ਨੇ 1960 ਵਿਚ ਥਰਾਜ ਪਿੰਡ ਛੱਡ ਕੇ  ਚੱਕ ਕੰਨੀਆਂ ਕਲਾਂ ਸੁਸਾਇਟੀ, ਪਿੰਡ ਵਸਾਇਆ।
ਡਾ: ਸਵਰਨਜੀਤ ਸਿੰਘ ਬਰਾੜ ਦੀ ਧੀ ਅਮਰਜੋਤ ਕੌਰ ਘੱਗ ਆਪਣੇ ਪਤੀ ਪਵਿੱਤਰ ਸਿੰਘ ਘੱਗ ਨਾਲ ਅਤੇ ਪੁੱਤਰ ਜਸਕੀਰਤ ਸਿੰਘ ਬਰਾੜ ਆਪਣੀ ਪਤਨੀ ਪਰਮਜੀਤ ਕੌਰ ਬਰਾੜ ਨਾਲ ਕਨੇਡਾ ਵਿਖੇ ਆਪਣਾ ਸਫ਼ਲ ਕਾਰੋਬਾਰ ਕਰ ਰਹੇ ਹਨ।
ਮੌਜੂਦਾ ਸਮੇਂ ਦੌਰਾਨ ਸ. ਬਰਾੜ ਦੋ ਦੋਹਤੀਆਂ ਮਾਇਲਾ ਘੱਗ ਅਤੇ ਰੀਆ ਘੱਗ ਅਤੇ ਪੋਤਰੇ ਏਕਮਵੀਰ ਬਰਾੜ ਅਤੇ ਸਮਰਵੀਰ ਬਰਾੜ ਨਾਲ ਅਗਲੀ ਪੀੜ੍ਹੀ ਦਾ ਮਾਰਗਦਰਸ਼ਨ ਕਰ ਰਹੇ ਸਨ ਪਰ ਸਿਹਤ ਨਾਸਾਜ਼ ਰਹਿਣ ਕਰਕੇ ਉਹ 11 ਫਰਵਰੀ 2023 ਨੂੰ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ।
ਸਾਬਕਾ ਜ਼ਿਲ੍ਹਾ ਆਯੁਰਵੈਦਿਕ ਅਫਸਰ ਮੋਗਾ ਅਤੇ ਲਾਲਾ ਲਾਜਪਤ ਰਾਏ ਵਿੱਦਿਅਕ ਸੰਸਥਾਵਾਂ ਦੇ ਪ੍ਰਧਾਨ ਡਾ: ਸਵਰਨਜੀਤ ਬਰਾੜ ਨਮਿੱਤ, ਰੱਖੇ ਸ਼੍ਰੀ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਮਿਤੀ 19 ਫਰਵਰੀ , 2023 ਦਿਨ ਐਤਵਾਰ ਨੂੰ ਦੁਪਹਿਰ 12 ਤੋਂ 1 ਵਜੇ ਗੁਰਦੁਆਰਾ ਸਾਹਿਬ, ਵਿਸ਼ਵਕਰਮਾ ਭਵਨ, ਸਾਹਮਣੇ ਆਈ ਟੀ ਆਈ ਮੋਗਾ ਵਿਖੇ ਹੋਵੇਗੀ , ਜਿੱਥੇ ਸਮਾਜ ਦੀਆਂ ਅਹਿਮ ਸਖਸੀਅਤਾਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੀਆਂ।